ਅਮਰੀਕੀ ਫ਼ੌਜੀ ਇੱਕ ਸਿੱਖ 'ਤੇ ਹਿੰਸਕ ਨਸਲੀ ਹਮਲੇ ਦਾ ਦੋਸ਼ੀ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕਾ ਦੀ ਇਕ ਅਦਾਲਤ ਨੇ ਹਵਾਈ ਫ਼ੌਜ ਦੇ ਇਕ ਅਧਿਕਾਰੀ ਨੂੰ ਦੋ ਵਰ੍ਹੇ ਪਹਿਲਾਂ ਇਕ ਸਿੱਖ ਵਿਅਕਤੀ 'ਤੇ ਨਸਲੀ ਨਫ਼ਰਤ ਭਰਿਆ ਹਿੰਸਕ ਹਮਲਾ ਕਰਨ ਦਾ ਦੋਸ਼ੀ ਕਰਾਰ ਦੇ...

US Court

ਵਾਸ਼ਿੰਗਟਨ ਡੀਸੀ (ਅਮਰੀਕਾ) : ਅਮਰੀਕਾ ਦੀ ਇਕ ਅਦਾਲਤ ਨੇ ਹਵਾਈ ਫ਼ੌਜ ਦੇ ਇਕ ਅਧਿਕਾਰੀ ਨੂੰ ਦੋ ਵਰ੍ਹੇ ਪਹਿਲਾਂ ਇਕ ਸਿੱਖ ਵਿਅਕਤੀ 'ਤੇ ਨਸਲੀ ਨਫ਼ਰਤ ਭਰਿਆ ਹਿੰਸਕ ਹਮਲਾ ਕਰਨ ਦਾ ਦੋਸ਼ੀ ਕਰਾਰ ਦੇ ਦਿਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਸਥਿਤ ਪ੍ਰਸਿੱਧ ਡਿਊਪੌਂਟ ਚੌਕ ਵਿਚ ਜਦੋਂ ਮਹਿਤਾਬ ਸਿੰਘ ਬਖ਼ਸ਼ੀ ਆਪਣੇ ਦੋਸਤਾਂ ਨਾਲ ਖੜ੍ਹੇ ਗੱਲਾਂ ਕਰ ਰਹੇ ਸਨ, ਉਦੋਂ ਟੈਕਸਾਸ ਸੂਬੇ ਦਾ ਨਿਵਾਸੀ ਫ਼ੌਜੀ ਡਾਇਲਾਨ ਮਿਲਹੌਜ਼ਨ ਪਿਛਿਓਂ ਆਇਆ ਤੇ ਉਸ ਨੇ ਸਰਦਾਰ ਬਖ਼ਸ਼ੀ ਦੀ ਦਸਤਾਰ ਉਤਾਰ ਕੇ ਦੂਰ ਸੁੱਟ ਦਿਤੀ ਤੇ ਉਨ੍ਹਾਂ ਦੇ ਮੂੰਹ 'ਤੇ ਉਦੋਂ ਤਕ ਮੁੱਕੇ ਮਾਰਦਾ ਰਿਹਾ, ਜਦੋਂ ਤਕ ਕਿ ਉਹ ਬੇਹੋਸ਼ ਨਹੀਂ ਹੋ ਗਏ।

ਅਦਾਲਤੀ ਜਿਊਰੀ ਨੇ ''ਮਿਲਹੌਜ਼ਨ ਨੂੰ ਨਸਲੀ ਨਫ਼ਰਤ ਦਾ ਦੋਸ਼ੀ ਪਾਇਆ, ਜਿਸ ਨੇ ਬਖ਼ਸ਼ੀ 'ਤੇ ਉਨ੍ਹਾਂ ਦੇ ਧਾਰਮਿਕ ਤੇ ਰਾਸ਼ਟਰੀ ਆਧਾਰ 'ਤੇ ਹਮਲਾ ਕੀਤਾ ਸੀ। ਸਪੱਸ਼ਟ ਹੈ ਕਿ ਮਹਿਤਾਬ ਸਿੰਘ ਬਖ਼ਸ਼ੀ 'ਤੇ ਹਮਲਾ ਸਿਰਫ਼ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਹ ਦਸਤਾਰ ਸਜਾਉਂਦੇ ਹਨ ਤੇ ਜਿਸ ਕਾਰਨ ਉਨ੍ਹਾਂ ਦੀ ਵੱਖਰੀ ਪਛਾਣ ਹੈ। ਉਸੇ ਪਛਾਣ ਕਾਰਨ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਅਮਰੀਕਾ ਵਿਚ ਅਜਿਹੀ ਨਸਲੀ ਨਫ਼ਰਤ ਭਰਪੂਰ ਹਿੰਸਾ ਲਈ ਵੱਧ ਤੋਂ ਵੱਧ 15 ਵਰ੍ਹੇ ਕੈਦ ਦੀ ਵਿਵਸਥਾ ਹੈ। ਅਦਾਲਤ ਨੇ ਇਸ ਮਾਮਲੇ ਵਿਚ ਮਿਲਹੌਜ਼ਨ ਨੂੰ ਆਉਂਦੀ 30 ਨਵੰਬਰ ਨੂੰ ਸਜ਼ਾ ਸੁਣਾਉਣੀ ਹੈ।

ਜਦੋਂ ਮਹਿਤਾਬ ਸਿੰਘ ਬਖ਼ਸ਼ੀ ਨਾਲ 21 ਅਗਸਤ, 2016 ਨੂੰ ਨਸਲੀ ਕੁੱਟਮਾਰ ਤੋਂ ਬਾਅਦ ਮਿਲਹੌਜ਼ਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਤਦ ਉਸ ਨੇ ਇਹੋ ਆਖਿਆ ਸੀ ਕਿ ਉਸ ਨੇ ਬਖ਼ਸ਼ੀ ਨੂੰ ਕੋਈ 'ਇਸਲਾਮਿਕ ਅਤਿਵਾਦੀ' ਸਮਝਿਆ ਸੀ, ਜਿਸ ਦੇ ਸਾਥੀਆਂ ਨੇ 2001 ਵਿਚ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ਤੇ ਅਮਰੀਕਾ ਦੇ ਕੁਝ ਹੋਰ ਪ੍ਰਮੁੱਖ ਸ਼ਹਿਰਾਂ 'ਤੇ ਅਤਿਵਾਦੀ ਹਮਲੇ ਕੀਤੇ ਸਨ।

ਮਿਲਹੌਜ਼ਨ ਇਸ ਵੇਲੇ ਫ਼ੋਰਟ ਮੀਡੇ ਵਿਖੇ ਪਹਿਲੇ ਦਰਜੇ ਦੇ ਏਅਰਮੈਨ ਵਜੋਂ ਨਿਯੁਕਤ ਹੈ। ਉਂਝ ਉਸ ਨੇ ਅਦਾਲਤੀ ਸੁਣਵਾਈ ਵੇਲੇ ਪਹਿਲਾਂ ਝੂਠ ਵੀ ਬੋਲਿਆ ਸੀ ਕਿ ਪਹਿਲਾਂ ਬਖ਼ਸ਼ੀ ਨੇ ਉਸ 'ਤੇ ਹਮਲਾ ਕੀਤਾ ਸੀ ਤੇ ਉਸ ਨੇ ਤਾਂ ਬਾਅਦ ਵਿਚ ਆਪਣਾ ਬਚਾਅ ਕਰਨ ਲਈ ਹਮਲਾ ਕੀਤਾ ਸੀ। ਪਰ ਉਸ ਦਾ ਝੂਠ ਅਦਾਲਤ ਵਿਚ ਕਿਸੇ ਕੰਮ ਨਾ ਆਇਆ ਕਿਉਂਕਿ ਇਸ ਘਟਨਾ ਦੇ ਬਹੁਤ ਸਾਰੇ ਚਸ਼ਮਦੀਦ ਗਵਾਹ ਸਨ ਜੋ ਉਸ ਨੂੰ ਦੋਸ਼ੀ ਸਾਬਤ ਕਰਨ ਲਈ ਕਾਫ਼ੀ ਸਨ।