ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਫਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ 'ਚ ਕਈ ਚਿਰਾਂ ਤੋਂ ਅੰਦਰਲੀ ਧੁਖਦੀ ਧੂਣੀ ਭੜਕ ਪਈ ਹੈ...........

Didar Singh Nalvi

ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ 'ਚ ਕਈ ਚਿਰਾਂ ਤੋਂ ਅੰਦਰਲੀ ਧੁਖਦੀ ਧੂਣੀ ਭੜਕ ਪਈ ਹੈ। ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਇਕ ਦੂਜੇ ਨਾਲ ਸਾਂਝ ਤੋੜ ਕੇ ਆਪੋ-ਅਪਣਾ ਰਸਤਾ ਤਿਆਰ ਕਰ ਲਿਆ ਹੈ। ਨਲਵੀ ਨੇ 41 ਮੈਂਬਰੀ ਕਮੇਟੀ ਵਿਚੋਂ 39 ਮੈਂਬਰਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੁਲਾਈ 2014 ਨੂੰ ਹੋਂਦ ਵਿਚ ਆਈ ਸੀ। ਨਵੀਂ ਕਮੇਟੀ ਨੂੰ ਹਰਿਆਣਾ ਦੇ ਪੰਜ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਿਆ ਗਿਆ ਹੈ।

ਦੂਜੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਹਾਲ ਦੀ ਘੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਜਿਹੜੇ ਪੰਜ ਪਿੰਡਾਂ ਦੇ ਗੁਰਦੁਆਰੇ ਹਰਿਆਣਾ ਪ੍ਰਬੰਧਕ ਕਮੇਟੀ ਨਾਲ ਜੋੜੇ ਗਏ ਹਨ, ਉਨ੍ਹਾਂ ਵਿਚ ਗੂਹਲਾ ਚੀਕਾ, ਬਦਰਪੁਰ, ਲਾਡਵੀ, ਰਦੌਰ ਅਤੇ ਸਲੇਮਪੁਰ ਦੇ ਨਾਂ ਸ਼ਾਮਲ ਹਨ। ਇਨ੍ਹਾਂ ਗੁਰਦੁਆਰਿਆਂ ਦੀ ਸਾਲਾਨਾ ਆਮਦਨ ਸਵਾ ਕਰੋੜ ਨੂੰ ਟੱਪ ਗਈ ਹੈ। ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਮੁਤਾਬਕ ਉਨ੍ਹਾਂ ਨੂੰ ਗੁਰਦੁਆਰਿਆਂ ਦੇ ਖਾਤਿਆਂ ਦੀ ਰਕਮ ਜ਼ੁਬਾਨੀ ਯਾਦ ਨਹੀਂ। ਕਮੇਟੀ ਦੇ ਅੰਦਰਲੇ ਸੂਤਰ ਦਸਦੇ ਹਨ ਕਿ ਗੁਰਦੁਆਰਿਆਂ ਦੇ ਬੰਦੋਬਸਤ ਅਤੇ ਆਮਦਨ ਖ਼ਰਚਿਆਂ ਦੇ ਹਿਸਾਬ ਕਿਤਾਬ ਨੂੰ ਲੈ ਕੇ ਦੋਹਾਂ ਉਚ ਅਹੁਦੇਦਾਰਾਂ ਵਿਚ ਖੜਕ ਪਈ ਹੈ।

ਇਕ ਵਖਰੀ ਜਾਣਕਾਰੀ ਅਨੁਸਾਰ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਅਪਣੀ ਮਨਮਰਜ਼ੀ ਨਾਲ ਹਰਿਆਣਾ ਦੇ ਸਿੱਖਾਂ ਦੀ ਤਰਫ਼ੋਂ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਸਿਆਸੀ ਹਮਾਇਤ ਦੇਣ ਦਾ ਲਿਆ ਫ਼ੈਸਲਾ ਵੀ ਦੂਰੀ ਦੀ ਵਜ੍ਹਾ ਬਣਿਆ ਹੈ। ਝੀਂਡਾ ਨੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਹਮਾਇਤ 'ਚ 19 ਅਗੱਸਤ ਨੂੰ ਕੁਰੂਕਸ਼ੇਤਰ 'ਚ ਇਕ ਰੈਲੀ ਰੱਖੀ ਸੀ, ਜਿਹੜੀ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਕਰ ਕੇ ਮੁਲਤਵੀ ਕਰ ਦਿਤੀ ਗਈ ਸੀ।

ਨਲਵੀ ਗਰੁਪ ਦਾ ਕਹਿਣਾ ਹੈ ਕਿ ਉਹ ਕਮੇਟੀ ਨੂੰ ਸਿਆਸਤ ਦੀ ਰੰਗਤ ਤੋਂ ਦੂਰ ਰੱਖ ਕੇ ਹਰਿਆਣਾ ਦੇ ਸਿੱਖਾਂ ਨੂੰ ਅਪਣੀ ਚੋਣ ਦੀ ਪਾਰਟੀ ਨਾਲ ਖੜ੍ਹਨ ਦੀ ਮਨਸ਼ਾ ਰਖਦੇ ਹਨ। ਨਲਵੀ ਗਰੁਪ ਦਾ ਮੰਨਣਾ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦੇਣ ਦਾ ਮਤਲਬ ਇਹ ਨਹੀਂ ਕਿ ਉਥੇ ਵਸਦੇ ਸਿੱਖ ਸਦਾ ਲਈ ਕਾਂਗਰਸ ਪਾਰਟੀ ਨਾਲ ਜੁੜ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਕਮੇਟੀ ਦੀ ਕਾਰਜਕਰਨੀ ਜਾਂ ਜਨਰਲ ਹਾਊਸ ਦਾ ਹਰ ਛੇ ਮਹੀਨੇ ਬਾਅਦ ਮਿਲਣਾ ਜ਼ਰੂਰੀ ਕੀਤਾ ਗਿਆ ਹੈ।

ਪਿਛਲੇ ਛੇ ਮਹੀਨਿਆਂ ਤੋਂ ਨਾ ਜਨਰਲ ਹਾਊਸ ਸੱਦਿਆ ਗਿਆ ਹੈ ਅਤੇ ਨਾ ਹੀ ਕਾਰਜਕਾਰਨੀ ਜੁੜੀ ਹੈ। ਪਰ ਉਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਹਨ, ਉਨ੍ਹਾਂ ਵਿਚ ਮੌਜੂਦਾ ਪ੍ਰਧਾਨ ਕਥਿਤ ਤੌਰ 'ਤੇ ਸ਼ਾਮਲ ਨਹੀਂ ਹੋਏ ਸਨ। ਨਲਵੀ ਧੜੇ ਦੇ ਕਮੇਟੀ ਦੇ ਗੂਹਲਾ ਚੀਕਾ ਸਥਿਤ ਮੁੱਖ ਦਫ਼ਤਰ ਵਿਚ 8 ਸਤੰਬਰ ਨੂੰ ਝੀਂਡਾ ਵਿਰੁਧ ਬੇਭਰੋਸਗੀ ਦਾ ਮਤਾ ਪਾਸ ਕਰ ਕੇ ਪ੍ਰਧਾਨਗੀ ਦੇ ਅਹੁਦੇ ਤੋਂ ਲਾਹੁਣ ਦੀ ਮੀਟਿੰਗ ਰੱਖ ਲਈ ਹੈ।

ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਦਾਅਵਾ ਕੀਤਾ ਹੈ ਕਿ ਅੱਠ ਸਤੰਬਰ ਦੀ ਮੀਟਿੰਗ ਵਿਚ 39 ਮੈਂਬਰ ਸ਼ਾਮਲ ਹੋ ਰਹੇ ਹਨ ਅਤੇ ਇਹ ਸਾਰੇ ਪ੍ਰਧਾਨ ਨੂੰ ਅਹੁਦੇ ਤੋਂ ਲਾਹੁਣ ਲਈ ਦ੍ਰਿੜ ਹਨ। ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਨਲਵੀ ਦੀ ਅੱਠ ਦੀ ਮੀਟਿੰਗ ਨੂੰ ਰੱਦ ਕਰਦਿਆਂ ਮੈਂਬਰਾਂ ਦੀ ਬਹੁਮਤ ਨਾਲ ਹੋਣ ਦਾ ਦਾਅਵਾ ਕੀਤਾ ਹੈ।