ਕਿਸਾਨਾਂ ਨੂੰ ਖੂਨ ਦੇ ਹੰਝੂ ਰੁਲਾ ਰਹੀ ਹੈ ਮੋਦੀ ਸਰਕਾਰ, ਕੌਣ ਕਰੇਗਾ ਰੱਖਿਆ?- ਸੋਨੀਆ ਗਾਂਧੀ
ਗਾਂਧੀ ਜਯੰਤੀ 'ਤੇ ਸੋਨੀਆ ਗਾਂਧੀ ਦਾ ਵੀਡੀਓ ਸੰਦੇਸ਼
ਨਵੀਂ ਦਿੱਲੀ: ਗਾਂਧੀ ਜਯੰਤੀ ਮੌਕੇ ਦੇਸ਼ ਭਰ ਵਿਚ ਅੱਜ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਕਿਸਾਨਾਂ ਦੀ ਮੰਗ ਨੂੰ ਸਹੀ ਠਹਿਰਾਇਆ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਖੂਨ ਦੇ ਹੰਝੂ ਰੁਲਾ ਰਹੀ ਹੈ। ਸੋਨੀਆ ਗਾਂਧੀ ਨੇ ਪੁੱਛਿਆ ਕਿ ਕਿਸਾਨਾਂ ਦੀ ਰੱਖਿਆ ਕੌਣ ਕਰੇਗਾ, ਕੀ ਸਰਕਾਰ ਨੇ ਇਸ ਬਾਰੇ ਸੋਚਿਆ ਹੈ?
ਸੋਨੀਆ ਗਾਂਧੀ ਨੇ ਅਪਣੇ ਵੀਡੀਓ ਸੰਦੇਸ਼ ਵਿਚ ਕਿਹਾ, ਅੱਜ ਕਿਸਾਨਾਂ, ਮਜ਼ਦੂਰਾਂ ਦੇ ਸਭ ਤੋਂ ਵੱਡੇ ਹਮਦਰਦ ਮਹਾਤਮਾ ਗਾਂਧੀ ਦੀ ਜਯੰਤੀ ਹੈ। ਗਾਂਧੀ ਜੀ ਕਹਿੰਦੇ ਸੀ ਕਿ ਭਾਰਤ ਦੀ ਆਤਮਾ ਭਾਰਤ ਦੇ ਪਿੰਡ, ਖੇਤ ਵਿਚ ਵਸਦੀ ਹੈ। ਅੱਜ 'ਜੈ-ਜਵਾਨ, ਜੈ ਕਿਸਾਨ' ਦਾ ਨਾਅਰਾ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਵੀ ਜਯੰਤੀ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਰ ਅੱਜ ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਸੜਕਾਂ 'ਤੇ ਅੰਦੋਲਨ ਕਰ ਰਹੇ ਹਨ। ਅਪਣਾ ਖੂਨ-ਪਸੀਨਾ ਦੇ ਕੇ ਅਨਾਜ ਉਗਾਉਣ ਵਾਲੇ ਅੰਨਦਾਤਾ ਕਿਸਾਨ ਨੂੰ ਮੋਦੀ ਸਰਕਾਰ ਖੂਨ ਦੇ ਹੰਝੂ ਰੁਲਾ ਰਹੀ ਹੈ।
ਸੋਨੀਆ ਗਾਂਧੀ ਨੇ ਅਰੋਪ ਲਗਾਇਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਹਰ ਲੋੜਵੰਦ ਦੇਸ਼ਵਾਸੀ ਨੂੰ ਮੁਫ਼ਤ ਵਿਚ ਅਨਾਜ ਮਿਲਣਾ ਚਾਹੀਦਾ, ਕੀ ਇਹ ਕਿਸਾਨਾਂ ਬਿਨਾਂ ਸੰਭਵ ਸੀ? ਅੱਜ ਪੀਐਮ ਕਿਸਾਨਾਂ ਦੇ ਨਾਲ ਬੇਇਨਸਾਫੀ ਕਰ ਰਹੇ ਹਨ, ਕਿਸਾਨਾਂ ਲਈ ਜੋ ਕਾਨੂੰਨ ਬਣਾਏ ਗਏ, ਉਹਨਾਂ ਵਿਚ ਕਿਸਾਨਾਂ ਦੀ ਸਲਾਹ ਨਹੀਂ ਲਈ ਗਈ।
ਖੇਤੀਬਾੜੀ ਬਿਲਾਂ 'ਤੇ ਸੋਨੀਆ ਗਾਂਧੀ ਨੇ ਕਿਹਾ ਕਿ ਸੰਸਦ ਵਿਚ ਕਿਸਾਨਾਂ ਦੀ ਅਵਾਜ਼ ਨਹੀਂ ਸੁਣੀ ਗਈ, ਇਸ ਲਈ ਕਿਸਾਨ ਸੜਕਾਂ 'ਤੇ ਹਨ। ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ ਪਰ ਕਿਸਾਨਾਂ 'ਤੇ ਲਾਠੀਆਂ ਚਲਾਈਆਂ ਜਾ ਰਹੀਆਂ ਹਨ। ਹੁਣ ਕਿਸਾਨਾਂ ਦੀ ਜ਼ਮੀਨ ਪੂੰਜੀਪਤੀਆਂ ਨੂੰ ਸੌਂਪ ਦਿੱਤੀ ਜਾਵੇਗੀ, ਮੰਡੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੂੰ ਲੈ ਕੇ ਸੋਨੀਆ ਗਾਂਧੀ ਨੇ ਕਿਹਾ ਕਿ ਇਹਨਾਂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਕਾਂਗਰਸ ਸੰਘਰਸ਼ ਕਰਦੀ ਰਹੇਗੀ। ਕਾਂਗਰਸ ਦੇ ਵਰਕਰ ਹਰ ਵਿਧਾਨ ਸਭਾ ਵਿਚ ਅੰਦੋਲਨ ਕਰ ਰਹੇ ਹਨ। ਦੱਸ ਦਈਏ ਕਿ ਕੱਲ ਤੋਂ ਰਾਹੁਲ ਗਾਂਧੀ ਪੰਜਾਬ ਵਿਚ ਖੇਤੀ ਬਿਲਾਂ ਖਿਲਾਫ਼ ਟਰੈਕਟਰ ਰੈਲੀ ਕੱਢਣ ਜਾ ਰਹੇ ਹਨ।