ਸੂਬਾ ਸਰਕਾਰ ਵੱਲੋਂ ਦੁਆਬਾ ਵਾਸੀਆਂ ਨਾਲ ਐੱਨ.ਆਰ.ਆਈ. ਮਿਲਣੀ 16 ਦਸੰਬਰ ਨੂੰ ਜਲੰਧਰ ਵਿਖੇ
ਮੁਹਾਲੀ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 19, 23, 26 ਅਤੇ 30 ਦਸੰਬਰ ਨੂੰ ਹੋਣਗੀਆਂ ਐੱਨ.ਆਰ.ਆਈ. ਮਿਲਣੀਆਂ
ਜਲੰਧਰ - ਕਰੀਬ ਅੱਠ ਸਾਲਾਂ ਦੇ ਵਕਫ਼ੇ ਤੋਂ ਬਾਅਦ, 'ਐਨਆਰਆਈ ਪੰਜਾਬੀਆਂ ਨਾਲ ਮਿਲਨੀ' ਦੀਆਂ ਪੰਜ ਲੜੀਵਾਰ ਬੈਠਕਾਂ 'ਚ ਪੰਜਾਬ ਦੇ ਪ੍ਰਵਾਸੀ ਭਾਰਤੀ ਸਰਕਾਰੀ ਅਧਿਕਾਰੀਆਂ ਅਤੇ ਮੰਤਰਾਲੇ ਨਾਲ ਖੁੱਲ੍ਹੀ ਗੱਲਬਾਤ ਦੀ ਕਰ ਸਕਣਗੇ। ਲੜੀ ਦੀ ਪਹਿਲੀ ਬੈਠਕ 16 ਦਸੰਬਰ ਨੂੰ ਜਲੰਧਰ ਵਿੱਚ ਦੁਆਬੇ ਦੇ ਪ੍ਰਵਾਸੀ ਭਾਰਤੀਆਂ ਲਈ ਰੱਖਿਆ ਗਿਆ ਹੈ।
ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਕਪੂਰਥਲਾ, ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਵਾਸਤੇ ਪ੍ਰਸ਼ਾਸਨ ਨੇ ਇੱਥੇ ਰੈੱਡ ਕਰਾਸ ਭਵਨ ਵਿਖੇ ਬੈਠਕ ਦਾ ਆਯੋਜਨ ਕੀਤਾ ਹੈ।
ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀਤੇ ਕੱਲ੍ਹ ਐਨਆਰਆਈ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਵੇਰਵੇ ਸਾਂਝੇ ਕਰਦਿਆਂ, ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਸਪਰਾ ਨੇ ਕਿਹਾ, “ਇਹ 'ਵਾਕ-ਇਨ' ਮਿਲਨੀ ਹੋਵੇਗੀ ਅਤੇ ਪਿਛਲੇ ਸਾਲਾਂ ਦੌਰਾਨ ਹੋਏ ਸੂਬਾ ਪੱਧਰੀ ਸੰਮੇਲਨਾਂ ਨਾਲੋਂ ਕੁਝ ਵੱਖਰੇ ਢੰਗ ਨਾਲ ਹੋਵੇਗੀ।
ਪ੍ਰਵਾਸੀ ਭਾਰਤੀ ਆਪਣੇ ਆਪ ਨੂੰ ਰਜਿਸਟਰ ਕਰਾਉਣਗੇ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਮੰਤਰੀ ਅਤੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਨਗੇ। ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਚਾਰ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਸਾਹਿਬਾਨ ਤੋਂ ਇਲਾਵਾ ਪ੍ਰਮੁੱਖ ਸਕੱਤਰ (ਐਨਆਰਆਈ ਮਾਮਲੇ) ਬਾਲਾਮੁਰੂਗਨ, ਏਡੀਜੀਪੀ (ਐਨਆਰਆਈ ਵਿੰਗ) ਪ੍ਰਵੀਨ ਕੁਮਾਰ ਸਿਨਹਾ ਅਤੇ ਐਨਆਰਆਈ ਮਾਮਲਿਆਂ ਦੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ।
ਐਨਆਰਆਈ ਸਭਾ ਦੇ ਮੈਂਬਰਾਂ ਨੂੰ ਵੀ ਉਮੀਦ ਹੈ ਕਿ ਸੰਸਥਾ ਦੇ ਕੰਮਕਾਜ ਅਤੇ ਇਸ ਦੀਆਂ ਚੋਣਾਂ ਸਬੰਧੀ ਉਨ੍ਹਾਂ ਦੇ ਮੁੱਦੇ ਮੰਚ 'ਤੇ ਵਿਚਾਰੇ ਜਾ ਸਕਣਗੇ। ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਜਲੰਧਰ ਤੋਂ ਘੱਟੋ-ਘੱਟ 200 ਪ੍ਰਵਾਸੀ ਭਾਰਤੀ ਮਿਲਣੀ 'ਚ ਹਾਜ਼ਰ ਹੋਣਗੇ। ਸਾਡੇ ਕੋਲ ਪ੍ਰਵਾਸੀ ਭਾਰਤੀਆਂ ਦੀਆਂ 200 ਤੋਂ ਵੱਧ ਤਾਜ਼ਾ ਸ਼ਿਕਾਇਤਾਂ ਹਨ ਅਤੇ ਉਹ ਸਮਾਗਮ ਵਿੱਚ ਆਪਣੇ ਆਉਣ ਦੀ ਪੁਸ਼ਟੀ ਕਰ ਰਹੇ ਹਨ, ਤਾਂ ਜੋ ਉਨ੍ਹਾਂ ਦੇ ਮੁੱਦਿਆਂ ਨੂੰ ਸੰਬੰਧਿਤ ਅਧਿਕਾਰੀਆਂ ਸਾਹਮਣੇ ਵਧੀਆ ਢੰਗ ਨਾਲ ਸੁਲਝਾਇਆ ਜਾ ਸਕੇ।
ਨਾਰਥ ਅਮੇਰਿਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਉਹ ਸੈਨ ਫ਼ਰਾਂਸਿਸਕੋ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਦਬਾਅ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਟਰੈਵਲ ਏਜੰਟ ਮਾਫ਼ੀਆ ਦਾ ਸ਼ਿਕਾਰ ਹੋ ਕੇ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਜਾ ਫ਼ਸੇ ਪੰਜਾਬੀ ਨੌਜਵਾਨਾਂ ਦੇ ਬਚਾਅ ਦੇ ਤਰੀਕਿਆਂ ਬਾਰੇ ਚਰਚਾ ਕਰਨਗੇ।
“ਗ਼ੈਰ-ਕਨੂੰਨੀ ਮਨੁੱਖੀ ਤਸਕਰੀ ਰੋਕਣ ਲਈ ਵਿਧਾਨ ਸਭਾ ਵਿੱਚ 2010 ਅਤੇ 2012 ਵਿੱਚ ਕਾਨੂੰਨ ਪਾਸ ਕੀਤੇ ਗਏ ਸਨ, ਪਰ ਅਜਿਹੇ ਕਾਨੂੰਨ ਬਣਨ ਦੇ ਬਾਵਜੂਦ ਵੀ ਤਸਕਰੀ ਦੀ ਰੋਕਥਾਮ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਜਾ ਸਕੇ ਅਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਬਹੁਤ ਸਾਰੇ ਪੰਜਾਬੀ ਨੌਜਵਾਨ ਅਜੇ ਵੀ ਬਿਨਾਂ ਦਸਤਾਵੇਜ਼ੀ ਪ੍ਰਵਾਸੀਆਂ ਵਜੋਂ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ।
ਜਲੰਧਰ ਵਿੱਚ ਮਿਲੇ ਹੁੰਗਾਰੇ ਨੂੰ ਦੇਖਦੇ ਹੋਏ 4 ਹੋਰ ਐਨਆਰਆਈ ਮਿਲਣੀਆਂ ਮੁਹਾਲੀ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 19, 23, 26 ਅਤੇ 30 ਦਸੰਬਰ ਨੂੰ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਭਰੋਸਾ ਦਿੱਤਾ ਜਾ ਚੁੱਕਿਆ ਹੈ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਸੀ ਕਿ ਪੀਸੀਐਸ ਪੱਧਰ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਜਾਵੇਗਾ, ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੰਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ।