ਤਨਮਨਜੀਤ ਸਿੰਘ ਢੇਸੀ ਨੇ UK ਸੰਸਦ 'ਚ ਮੁੜ ਚੁੱਕਿਆ Operation Bluestar ਦਾ ਮੁੱਦਾ
ਜੂਨ 1984 ਵਿਚ ਵਾਪਸੇ ਸਾਕਾ ਨੀਲਾ ਤਾਰਾ ਵਿਚ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੀ ਕੀ ਭੂਮਿਕਾ ਸੀ?
ਬ੍ਰਿਟੇਨ: ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਵਿਚ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੀ ਕੀ ਭੂਮਿਕਾ ਸੀ? ਬ੍ਰਿਟੇਨ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ 1984 ਵਿਚ ਜਦੋਂ ਸਾਕਾ ਨੀਲਾ ਤਾਰਾ ਵਾਪਰਿਆਂ ਤਾ ਉਸ ਸਮੇਂ ਬ੍ਰਿਟੇਨ ਵਿਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਸਰਕਾਰ ਸੀ। ਦੱਸਿਆ ਜਾਂਦਾ ਹੈ ਕਿ ਬਲਿਊ ਸਟਾਰ ਤੋਂ ਪਹਿਲਾਂ ਭਾਰਤੀ ਫੌਜਾਂ ਨੂੰ ਬ੍ਰਿਟੇਨ ਦੀ ਫੌਜ ਤੋਂ ਸਲਾਹ ਮਿਲੀ ਸੀ। ਇਸ ਲਈ ਲੇਬਰ ਪਾਰਟੀ ਦੇ ਸੰਸਦ ਤਨਮਨਜੀਤ ਸਿੰਘ ਢੇਸੀ ਨੇ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਘਟਨਾ ਨੂੰ 36 ਸਾਲ ਹੋ ਗਏ ਹਨ। ਇਸ ਮੌਕੇ 'ਤੇ ਬ੍ਰਿਟੇਨ ਦੇ ਪਹਿਲੇ ਸਿੱਖ ਸੰਸਦ ਨੇ ਵੀਰਵਾਰ ਨੂੰ ਹਾਊਸ ਆਫ ਕਾਮਨਸ ਵਿਚ ਇਹ ਮੁੱਦਾ ਚੁੱਕਿਆ।
ਉਹਨਾਂ ਨੇ ਕਿਹਾ, 'ਇਸ ਹਫਤੇ ਅਪਰੇਸ਼ਨ ਬਲਿਊ ਸਟਾਰ ਨੂੰ 36 ਸਾਲ ਹੋ ਗਏ ਹਨ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਭ ਤੋਂ ਸਤਿਕਾਰਤ ਅਸਥਾਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ 'ਤੇ ਘਿਨਾਉਣੇ ਹਮਲੇ ਦਾ ਆਦੇਸ਼ ਦਿੱਤਾ ਸੀ'।
ਉਹਨਾਂ ਨੇ ਕਿਹਾ, 'ਹਾਲ ਵਿਚ ਹੋਏ ਖੁਲਾਸਿਆਂ, ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਮੰਗ ਅਤੇ ਲੇਬਰ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਦੇ ਸਮਰਥਨ ਦੇ ਬਾਵਜੂਦ, ਹਮਲੇ ਵਿਚ ਥੈਚਰ ਸਰਕਾਰ ਦੀ ਸ਼ਮੂਲੀਅਤ ਦੀ ਹੱਦ ਤੈਅ ਕਰਨ ਲਈ ਇਕ ਸੁਤੰਤਰ ਜਾਂਚ ਨਹੀਂ ਹੋ ਸਕੀ ਹੈ'।
ਇਸ ਤੋਂ ਬਾਅਦ ਜੈਕਬ ਰੀਸ-ਮੋਗ ਨੇ ਸਰਕਾਰ ਵੱਲੋਂ ਜਵਾਬ ਦਿੰਦੇ ਹੋਏ ਕਿਹਾ, " ਮੈਨੂੰ ਪੂਰਾ ਭਰੋਸਾ ਹੈ ਕਿ ਮਾਰਗਰੇਟ ਥੈਚਰ, ਦੇਸ਼ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਰਹੀ ਹੈ, ਉਸ ਨੇ ਹਮੇਸ਼ਾਂ ਸਹੀ ਵਿਵਹਾਰ ਕੀਤਾ ਹੋਵੇਗਾ। " ਦਰਅਸਲ ਕੁਝ ਸਾਲ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਅਪਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਬ੍ਰਿਟੇਨ ਦੀ ਫੌਜ ਨੇ ਭਾਰਤੀ ਫੌਜ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।