ਆਸਟ੍ਰੇਲੀਆ 'ਚ ਗ੍ਰੀਨਜ਼ ਪਾਰਟੀ ਦੇ ਸਿੱਖ ਉਮੀਦਵਾਰ ਹਰਕੀਰਤ ਸਿੰਘ ਵਲੋਂ ਚੋਣ ਮੁਹਿੰਮ ਸ਼ੁਰੂ
ਆਸਟ੍ਰੇਲੀਆ ਵਿਚ ਮੈਲਬੌਰਨ ਦੇ ਪੱਛਮੀ ਹਲਕੇ ਮੈਲਟਨ ਤੋਂ ਗ੍ਰੀਨਜ਼ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਨੇ ਮੈਲਟਨ ਸੀਨੀਅਰ ਹਾਲ ਤੋਂ ਮਿਲੇ ...
ਮੈਲਬੌਰਨ : ਆਸਟ੍ਰੇਲੀਆ ਵਿਚ ਮੈਲਬੌਰਨ ਦੇ ਪੱਛਮੀ ਹਲਕੇ ਮੈਲਟਨ ਤੋਂ ਗ੍ਰੀਨਜ਼ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਨੇ ਮੈਲਟਨ ਸੀਨੀਅਰ ਹਾਲ ਤੋਂ ਮਿਲੇ ਭਾਈਚਾਰੇ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿਤੀ। ਦਸ ਦਈਏ ਕਿ ਗ੍ਰੀਨਜ਼ ਪਾਰਟੀ ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਇਸ ਪਾਰਟੀ ਨੇ ਨਵੰਬਰ ਮਹੀਨੇ ਵਿਚ ਹੋਣ ਜਾ ਰਹੀਆਂ ਵਿਕਟੋਰੀਅਨ ਸੰਸਦੀ ਚੋਣਾਂ ਲਈ ਮੈਲਟਨ ਇਲਾਕੇ ਤੋਂ ਹਰਕੀਰਤ ਸਿੰਘ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ।
ਮੈਲਬੌਰਨ ਦੀ ਪੱਛਮੀ ਇਲਾਕੇ ਦੀ ਸੰਸਦ ਮੈਂਬਰ ਸ਼੍ਰੀਮਤੀ ਹੁੰਗ ਟਰੂੰਗ ਨੇ ਹਰਕੀਰਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਬਹੁ-ਸਭਿਆਚਾਰਕ ਭਾਈਚਾਰੇ ਵਿਚ ਪਹਿਚਾਣ ਬਣਾ ਚੁਕੇ ਹਰਕੀਰਤ ਸਿੰਘ ਵਰਗੇ ਆਗੂਆਂ ਦੀ ਲੋੜ ਹੈ। ਉਨ੍ਹਾਂ ਗ੍ਰੀਨਜ਼ ਪਾਰਟੀ ਵਲੋਂ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਮੈਲਬੌਰਨ ਦੇ ਉਤਰੀ-ਪੱਛਮੀ ਇਲਾਕੇ ਇਸੈਂਡਨ ਤੋਂ ਉਮੀਦਵਾਰ ਜੇਮਸ ਵਿਲੀਅਮਸ ਨੇ ਆਪਣੇ ਬਾਰੇ ਜਾਣਕਾਰੀ ਦਿਤੀ ਅਤੇ ਆਪਣੇ ਚੋਣ ਮਨੋਰਥ ਬਾਰੇ ਦਸਿਆ।
ਉੱਥੇ ਹੀ ਬੈਟਮੈਨ ਹਲਕੇ ਤੋਂ ਚੋਣ ਲੜ ਚੁੱਕੇ ਐਲੇਕਸ ਭੱਠਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦਸਤਾਰਧਾਰੀ ਨੌਜਵਾਨ ਹਰਕੀਰਤ ਸਿੰਘ ਨੂੰ ਪਾਰਟੀ ਨੇ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਸਮਾਗਮ ਨੂੰ ਰਾਜ ਸਭਾ ਦੇ ਉਮੀਦਵਾਰ ਲੋਏਡ ਡੇਵਿਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਕੀਰਤ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਾਰੇ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਤਣ ਲਈ ਉਨ੍ਹਾਂ ਨੂੰ ਵਧੀਆ ਮੁਹਿੰਮ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਵਧੀਆ ਸਿਹਤ ਸੇਵਾਵਾਂ,
ਆਵਾਜਾਈ ਦੇ ਸਾਧਨ, ਵਧੀਆ ਰਹਿਣ-ਸਹਿਣ ਅਤੇ ਬਹੁ-ਸੱਭਿਆਚਾਰਕ ਸੇਵਾਵਾਂ ਵਿਚ ਵਾਧਾ ਉਨ੍ਹਾਂ ਦੇ ਮੁੱਖ ਮੁੱਦੇ ਹਨ। ਮੈਲਟਨ ਦੀ ਆਬਾਦੀ ਇਕ ਲੱਖ ਤੋਂ ਉੱਪਰ ਹੈ ਅਤੇ ਮੈਲਟਨ ਦੇ ਸਾਰੇ ਵਸਨੀਕ ਸਨਸ਼ਾਈਨ ਜਾਂ ਬੈਕਸ ਮਾਰਸ਼ ਹਸਪਤਾਲ ਜਾਂਦੇ ਹਨ, ਜਿਹੜੇ ਪਹਿਲਾਂ ਹੀ ਕਾਫ਼ੀ ਰੁੱਝੇ ਹਨ। ਇਨ੍ਹਾਂ ਦੋਹਾਂ ਹਸਪਤਾਲਾਂ ਨੂੰ ਹੋਰ ਵੱਡਾ ਕਰਨ ਦੀ ਲੋੜ ਹੈ ਅਤੇ ਮੈਲਟਨ ਵਿਚ ਹੋਰ ਐਬੂਲੈਂਸ ਤੇ ਡਾਕਟਰੀ ਸਹਾਇਤਾ ਵਧਾਉਣ ਦੀ ਲੋੜ ਹੈ। ਆਵਾਜਾਈ ਦੇ ਸਾਧਨਾਂ ਬਾਰੇ ਬੋਲਦੇ ਉਨ੍ਹਾਂ ਕਿਹਾ ਕਿ ਹਲਕੇ ਵਿਚ ਬੱਸਾਂ ਵਿਚ ਵਾਧਾ ਹੋਣਾ ਬਹੁਤ ਜ਼ਰੂਰੀ ਹੈ
ਅਤੇ ਉਹ ਮੈਲਟਨ ਦੀ ਟਰੇਨ ਲਾਈਨ ਨੂੰ ਮੈਟਰੋ ਵਿਚ ਤਬਦੀਲ ਕਰਨ ਲਈ ਯਤਨਸ਼ੀਲ ਹਨ। ਰਹਿਣ-ਸਹਿਣ ਦੇ ਮੁੱਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਲਟਨ ਵਿਚ ਹੋਰ ਪਾਰਕਾਂ, ਪਾਰਕਾਂ ਵਿਚ ਪੀਣ ਵਾਲਾ ਪਾਣੀ, ਗੁਸਲਖਾਨੇ ਅਤੇ ਹੋਰ ਸਹੂਲਤਾਂ ਦੀ ਲੋੜ ਹੈ। ਮੈਲਟਨ ਵਿਚ ਸ਼ਰਾਬ ਅਤੇ ਹੋਰ ਨਸ਼ੇ ਕਰਨ ਵਾਲੇ ਵਿਅਕਤੀਆਂ ਦੇ ਸੁਧਾਰ ਲਈ ਉਹ ਆਵਾਜ਼ ਬੁਲੰਦ ਕਰਨਗੇ, ਜਿਸ ਨਾਲ ਜ਼ੁਰਮ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰੇ ਦੇ ਹੱਕਾਂ ਲਈ ਗ੍ਰੀਨਜ਼ ਪਾਰਟੀ ਖੜ੍ਹਦੀ ਹੈ ਅਤੇ ਉਹ ਪ੍ਰਵਾਸੀ ਪੰਜਾਬੀਆਂ ਸਮੇਤ ਹੋਰ ਭਾਈਚਾਰਿਆਂ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣਗੇ।