ਕੈਨੇਡਾ 'ਚ ਪੜ੍ਹਨ ਗਏ ਤਿੰਨ ਪੰਜਾਬੀਆਂ ਦੀ ਹਾਦਸੇ 'ਚ ਮੌਤ
ਕੈਨੇਡਾ ਦੇ ਸ਼ਹਿਰ ਸਾਰਨੀਆ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।
ਟਰਾਂਟੋ : ਕੈਨੇਡਾ ਦੇ ਸ਼ਹਿਰ ਸਾਰਨੀਆ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਦੋ ਲੜਕੇ ਅਤੇ ਇਕ ਲੜਕੀ ਸ਼ਾਮਲ ਹੈ ਅਤੇ ਸਾਰਿਆਂ ਦੀ ਉਮਰ 20 ਸਾਲ ਦੇ ਕਰੀਬ ਹੈ। ਮਰਨ ਵਾਲੇ ਲੜਕਿਆਂ ਦੀ ਪਛਾਣ ਤਨਵੀਰ ਸਿੰਘ ਤੇ ਗੁਰਵਿੰਦਰ ਸਿੰਘ ਦੇ ਰੂਪ 'ਚ ਹੋਈ ਅਤੇ ਉਹ ਦੋਵੇਂ ਜਲੰਧਰ ਜ਼ਿਲ੍ਹੇ ਨਾਲ ਸਬੰਧ ਰਖਦੇ ਸਨ।
ਉਥੇ ਹੀ ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਦੇ ਰੂਪ 'ਚ ਹੋਈ ਹੈ। ਤਿੰਨੇ ਪੜ੍ਹਾਈ ਲਈ ਕੈਨੇਡਾ ਗਏ ਸਨ ਅਤੇ ਇਥੇ ਉਹ ਵਿੰਡਸਰ ਦੇ ਸੇਂਟ ਕਲੇਅਰ ਕਾਲਜ 'ਚ ਪੜ੍ਹਾਈ ਕਰ ਰਹੇ ਹਨ। ਇਹ ਹਾਦਸਾ ਬੀਤੇ ਐਤਵਾਰ 29 ਸਤੰਬਰ ਨੂੰ ਵਾਪਰਿਆ ਸੀ। ਇਸ ਹਾਦਸੇ ਦੇ ਵੇਰਵੇ ਹੁਣ ਜਾ ਕੇ ਉਨਟਾਰੀਓ ਪੁਲਿਸ ਨੇ ਜਾਰੀ ਕੀਤੇ ਹਨ। ਇਨ੍ਹਾਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਬੀਤੇ ਦਿਨ ਸੇਂਟ ਜੌਨ ਹਵਾਈ ਅੱਡੇ ਤੋਂ ਭਾਰਤ ਲਈ ਰਵਾਨਾ ਕਰ ਦਿਤੀਆਂ ਗਈਆਂ ਹਨ।
ਸੇਂਟ ਜੌਨ ਸਥਿਤ 'ਇੰਡੋ-ਕੈਨੇਡੀਅਨ ਸੁਸਾਇਟੀ' ਦੇ ਪ੍ਰਧਾਨ ਅਮਿਤ ਤਾਮਰਕਰ ਨੇ ਦਸਿਆ ਕਿ ਉਨਟਾਰੀਓ ਦੇ ਟਰਾਂਟੋ ਇਲਾਕੇ ਵਿਚ ਹੁਣ ਡੋਰੀਅਨ ਨਾਂ ਦਾ ਤੂਫ਼ਾਨ ਆਉਣ ਵਾਲਾ ਹੈ ਇਸੇ ਲਈ ਅਧਿਕਾਰੀਆਂ ਨੇ ਉਸ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਹੀ ਮ੍ਰਿਤਕ ਦੇਹਾਂ ਨੂੰ ਭਾਰਤ ਰਵਾਨਾ ਕਰ ਦਿਤਾ। ਉਨ੍ਹਾਂ ਦਸਿਆ ਕਿ ਇਹ ਹਾਦਸਾ ਬੀਤੀ 29 ਸਤੰਬਰ ਨੂੰ ਸ਼ਾਮੀਂ ਪੌਣੇ 6 ਵਜੇ ਸ਼ੈਡੀਆਕ ਰੋਡ ਉਤੇ ਹੋਇਆ। ਤੇਜ਼-ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ ਤੇ ਵਿਚ ਬੈਠੀਆਂ ਸਵਾਰੀਆਂ ਬੁੜਕ ਕੇ ਬਾਹਰ ਡਿੱਗ ਪਈਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।