ਪਾਕਿਸਤਾਨ : ਬੱਸ ਹਾਦਸੇ ਵਿਚ 26 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਸ ਦੇ ਪਹਾੜ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ

26 killed, 13 injured in Pakistan bus accident

ਇਸਲਾਮਾਬਾਦ : ਉਤਰ ਪਛਮੀ ਪਾਕਿਸਤਾਨ ਵਿਚ ਇਕ ਪਹਾੜ ਵਿਚ ਬੱਸ ਦੀ ਟੱਕਰ ਨਾਲ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦਸਿਆ ਕਿ ਵਾਹਨ ਨੂੰ ਪਹਾੜੀ ਰਸਤੇ ਤੇ ਮੋੜਦੇ ਸਮੇਂ ਡਰਾਈਵਰ ਬੱਸ ਦਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦਸਿਆ ਕਿ ਇਹ ਹਾਦਸਾ ਗਿਲਗਿਤ-ਬਾਲਟਿਸਤਾਨ (ਜੀ.ਬੀ.) ਦੇ ਨਜ਼ਦੀਕ ਖੈਬਰ ਪਖਤੂਨਖਵਾ ਸੂਬੇ ਦੀ ਸਰਹੱਦ 'ਤੇ ਬਾਬੂਸਰ ਟੋਪ ਖੇਤਰ ਵਿਚ ਹੋਇਆ।

'ਐਕਸਪ੍ਰੈਸ ਟ੍ਰਿਬਿਊਨ' ਦੀ ਇਕ ਰੀਪੋਰਟ ਦੇ ਅਨੁਸਾਰ ਬੱਸ ਸਕਾਰਦੂ ਤੋਂ ਰਾਵਲਪਿੰਡੀ ਜਾ ਰਹੀ ਸੀ। ਬੱਸ ਵਿਚ 40 ਸਵਾਰੀਆਂ ਸਨ, ਜਿਨ੍ਹਾਂ ਵਿਚ 16 ਫ਼ੌਜੀ ਜਵਾਨ ਸਨ। ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ ਰਸ਼ੀਦ ਅਰਸ਼ਦ ਦੇ ਬੁਲਾਰੇ ਨੇ ਮਲਬੇ ਵਿਚੋਂ ਔਰਤਾਂ ਅਤੇ ਬੱਚਿਆਂ ਸਮੇਤ 26 ਲੋਕਾਂ ਦੀਆਂ ਲਾਸ਼ਾਂ ਦੇ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦਸਿਆ ਕਿ 13 ਯਾਤਰੀਆਂ ਨੂੰ ਚਿਲਾਸ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਈਮਾਰ ਪੁਲਿਸ ਦੇ ਬੁਲਾਰੇ ਮੁਹੰਮਦ ਵਕੀਲ ਦੇ ਅਨੁਸਾਰ ਬੱਸ ਸਕਾਰਦੂ ਤੋਂ ਰਾਵਲਪਿੰਡੀ ਜਾ ਰਹੀ ਇਕ ਨਿੱਜੀ ਕੰਪਨੀ ਦੀ ਸੀ। ਐਤਵਾਰ ਸਵੇਰੇ ਡਰਾਈਵਰ ਇਕ ਮੋੜ 'ਤੇ ਵਾਹਨ 'ਤੇ ਅਪਣਾ ਸੰਤੁਲਨ ਗੁਆ ਬੈਠਾ ਅਤੇ ਪਹਾੜ ਨਾਲ ਟਕਰਾ ਗਿਆ। ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਡਰਾਈਵਰ ਨੇ ਵਾਹਨ ਦਾ ਸੰਤੁਲਨ ਕਿਵੇਂ ਗੁਆ ਦਿਤਾ।

'ਡਾਨ ਨਿਊਜ਼' ਦੀ ਖ਼ਬਰ ਅਨੁਸਾਰ ਪੁਲਿਸ ਨੇ ਦਸਿਆ ਕਿ ਰਾਹਤ ਅਤੇ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਜੀਬੀ ਸਰਕਾਰ ਨੂੰ ਇਕ ਹੈਲੀਕਾਪਟਰ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਜੋ ਲਾਸ਼ਾਂ ਨੂੰ ਪਛਾਣ ਲਈ ਸਕਰਦੂ ਲਿਆਂਦਾ ਜਾ ਸਕੇ। ਬਾਬੂਸਰ ਰਾਹ ਦਾ ਰਸਤਾ ਜਿਆਦਾਤਰ ਸੈਲਾਨੀ ਵਰਤਦੇ ਹਨ। ਇਹ ਹਰ ਸਾਲ ਜੂਨ ਅਤੇ ਅਕਤੂਬਰ ਦੇ ਵਿਚਕਾਰ ਖੁੱਲ੍ਹਦਾ ਹੈ। ਬਰਫ਼ਬਾਰੀ ਕਾਰਨ ਬਾਕੀ ਰਸਤਾ ਆਵਾਜਾਈ ਲਈ ਬੰਦ ਹੈ। ਇਹ ਇਸਲਾਮਾਬਾਦ ਤੋਂ ਗਿਲਗਿਤ-ਬਾਲਟਿਸਤਾਨ ਦਾ ਸਭ ਤੋਂ ਛੋਟਾ ਰਸਤਾ ਹੈ।