'ਗੁਰੂ ਨਾਨਕ ਫਰੀ ਕਿਚਨ' ਨੂੰ ਕੀਤਾ ਜਾਵੇਗਾ 'ਬੈਸਟ ਕਮਿਊਨਿਟੀ ਇੰਪੈਕਟ' ਅਵਾਰਡ ਨਾਲ ਸਨਮਾਨਿਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਸਾਲ 21 ਫਰਵਰੀ ਨੂੰ ਵੈਨਕੁਵਰ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਜਾਣ ਵਾਲੇ 17ਵੇਂ ਸਾਲਾਨਾ ਪ੍ਰੋਗਰਾਮ ਲਈ 'ਗੁਰੂ ਨਾਨਕ ਫਰੀ ਕਿਚਨ' ਦੀ ਚੋਣ ਕੀਤੀ ਗਈ ਹੈ,

File Photo

ਵੈਨਕੁਵਰ : ਪੂਰੇ ਦੇਸ਼ ਵਿਚ ਕਈ ਸਿੱਖ ਅਜਿਹੇ ਹਨ ਜੋ ਕਈ ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਭੋਜਨ ਖਵਾ ਕੇ ਉਹਨਾਂ ਦਾ ਢਿੱਡ ਭਰਦੇ ਹਨ। ਅਜਿਹਾ ਹੀ ਇਕ ਨੇਕ ਕੰਮ ਸਿੱਖ ਜੋੜੇ ਨੇ ਕੀਤਾ ਹੈ। ਏਂਜਲਸ 'ਚ ਰਹਿਣ ਵਾਲਾ ਸਿੱਖ-ਅਮਰੀਕੀ ਜੋੜਾ ਇਕ ਫੂਡ ਟਰੱਕ ਸੇਵਾ ਚਲਾਉਂਦਾ ਹੈ ਜੋ ਸ਼ਹਿਰ ਦੇ ਬੇਘਰ ਲੋਕਾਂ ਨੂੰ ਭੋਜਨ ਖੁਆਉਣ ਲਈ ਰੋਜ਼ਾਨਾ 200 ਬੂਰੀਟੋਸ (ਇਕ ਤਰ੍ਹਾਂ ਦਾ ਮੈਕਸੀਕਨ ਭੋਜਨ) ਵੰਡਦਾ ਹੈ।

ਇਸ ਦੇ ਨਾਲ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲੋੜਵੰਦਾਂ ਤੇ ਭੁੱਖਿਆਂ ਦਾ ਢਿੱਡ ਭਰਨ ਵਾਲੀ ਸੰਸਥਾ 'ਗੁਰੂ ਨਾਨਕ ਫਰੀ ਕਿਚਨ' ਨੂੰ 'ਬੈਸਟ ਕਮਿਊਨਿਟੀ ਇੰਪੈਕਟ' ਵਰਗਾ ਵਿਸ਼ੇਸ਼ ਸਨਮਾਨ ਮਿਲੇਗਾ। ਬ੍ਰਿਟਿਸ਼ ਕੋਲੰਬੀਆ ਵਿਚ ਹਰ ਸਾਲ 'ਸਮਾਲ ਬਿਜ਼ਨਸ਼ ਬੀਸੀ ਐਵਾਰਡ' ਸਮਾਗਮ ਕਰਵਾਇਆ ਜਾਂਦਾ ਹੈ ਤੇ ਇਸ ਸਾਲ 21 ਫਰਵਰੀ ਨੂੰ ਵੈਨਕੁਵਰ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਜਾਣ ਵਾਲੇ 17ਵੇਂ ਸਾਲਾਨਾ ਪ੍ਰੋਗਰਾਮ ਲਈ 'ਗੁਰੂ ਨਾਨਕ ਫਰੀ ਕਿਚਨ' ਦੀ ਚੋਣ ਕੀਤੀ ਗਈ ਹੈ, ਜਿਸ ਨੂੰ 'ਬੈਸਟ ਕਮਿਊਨਿਟੀ ਇੰਪੈਕਟ' ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। 

ਇਹ ਸਮਾਗਮ ਪੂਰੇ ਸੂਬੇ ਦੇ ਪ੍ਰਮੁੱਖ ਕਾਰੋਬਾਰਾਂ ਦਾ ਪ੍ਰਦਰਸ਼ਨ ਕਰਦਾ ਹੈ, ਜੋ ਸਥਾਨਕ ਅਤੇ ਵਿਸ਼ਵ ਪੱਧਰ 'ਤੇ ਸਫ਼ਲਤਾ ਦੇ ਝੰਡੇ ਗੱਡ ਰਹੇ ਹਨ। ਇਸ 17ਵੇਂ ਸਾਲਾਨਾ ਸਮਾਗਮ ਵਿਚ ਬ੍ਰਿਟਿਸ਼ ਕੋਲੰਬੀਆ ਦੇ ਚੋਟੀ ਦੇ ਕਾਰੋਬਾਰੀ, ਉਦਯੋਗਪਤੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਣਗੇ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਨੂੰ ਅੱਠ ਪ੍ਰਕਾਰ ਦੇ ਐਵਾਰਡ ਪ੍ਰਦਾਨ ਕੀਤੇ ਜਾਣਗੇ, ਜਿਨਾਂ ਵਿੱਚ ਬੈਸਟ ਕੰਪਨੀ, ਬੈਸਟ ਕਮਿਊਨਿਟੀ ਇੰਪੈਕਟ, ਬੈਸਟ ਐਂਪਲਾਇਰ, ਬੈਸਟ ਇੰਮੀਗ੍ਰੈਂਟ ਇੰਟਰਪ੍ਰੀਨਿਓਰ,

ਬੈਸਟ ਯੂਥ ਇੰਟਰਪ੍ਰੀਨਿਓਰ, ਬੈਸਟ ਇਨੋਵੇਸ਼ਨ, ਬੈਸਟ ਮਾਰਕਿਟਰ ਅਤੇ ਪ੍ਰੀਮੀਅਰਜ਼ ਪੀਪਲਜ਼ ਚੁਆਇਜ਼ ਐਵਾਰਡ ਸ਼ਾਮਲ ਹਨ। ਇਨਾਂ ਵਿੱਚੋਂ 'ਬੈਸਟ ਕਮਿਊਨਿਟੀ ਇੰਪੈਕਟ' ਐਵਾਰਡ 'ਗੁਰੂ ਨਾਨਕ ਫਰੀ ਕਿਚਨ' ਨੂੰ ਦਿੱਤਾ ਜਾਵੇਗਾ, ਜੋ ਕਿ ਲੰਬੇ ਸਮੇਂ ਤੋਂ ਵੱਖ-ਵੱਖ ਥਾਵਾਂ 'ਤੇ ਜਾਣ ਦੇ ਲੋੜਵੰਦ ਲੋਕਾਂ ਨੂੰ ਖਾਣਾ ਪਰੋਸ ਕੇ ਉਨਾਂ ਦਾ ਢਿੱਡ ਭਰਦੀ ਹੈ। ਇਹ ਸੰਸਥਾ ਬਿਨਾ ਕਿਸੇ ਭੇਦਭਾਵ ਦੇ ਹਰ ਇੱਕ ਲੋੜਵੰਦ ਨੂੰ ਖਾਣਾ ਖੁਆਉਂਦੀ ਹੈ। 

ਦੱਸ ਦਈਏ ਕਿ ‘ਗੁਰੂ ਨਾਨਕ ਫਰੀ ਕਿਚਨ’ ਨੂੰ ਕੈਨੇਡਾ ਰੈਵੇਨਿਊ ਏਜੰਸੀ ਨੇ ਇੱਕ ਦਾਨੀ ਸੰਸਥਾ ਵਜੋਂ ਮਾਨਤਾ ਵੀ ਦਿੱਤੀ ਹੈ। ਇਸ ਸੰਸਥਾ ਨੂੰ ਦਾਨ ਦੇਣ ਲਈ ਹੁਣ 604-617-7382 ‘ਤੇ ਜਾਂ ਫਿਰ ਇਸ ਦੀ ਮੇਲ ਆਈਡੀ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਦਾਨ ਦੇਣ ਵਾਲਿਆਂ ਨੂੰ ਬਕਾਇਦਾ ਟੈਕਸ ਮੁਕਤ ਰਸੀਦ ਵੀ ਦਿੱਤੀ ਜਾਂਦੀ ਹੈ। ‘ਗੁਰੂ ਨਾਨਕ ਫਰੀ ਕਿਚਨ’ ਦੀ ਟੀਮ ਨੇ ਕਿਹਾ ਕਿ ਉਹ ਆਨਲਾਈਨ ਦਾਨ ਹਾਸਲ ਕਰਨ ਲਈ ਜਲਦ ਹੀ ਇੱਕ ਪੋਰਟਲ ਬਣਾਉਣਗੇ।

ਇਸ ਸਬੰਧੀ ਹੋਰ ਜਾਣਕਾਰੀ ਫੇਸਬੁੱਕ ਪੇਜ ‘ਤੇ ਉਪਲੱਬਧ ਕਰਵਾਈ ਜਾਵੇਗੀ। ‘ਗੁਰੂ ਨਾਨਕ ਫਰੀ ਕਿਚਨ’ ਇੱਕ ਸਵੈਸੇਵਕ ਆਗੂ ਸੰਸਥਾ ਹੈ ਅਤੇ ਇਹ ਸਥਾਨਕ ਭਾਈਚਾਰੇ ਦੀ 2007 ਤੋਂ ਸੇਵਾ ਕਰਦੀ ਆ ਰਹੀ ਹੈ। ਸਵੈਸੇਵਕ ਆਗੂ ਦਾ ਮਤਲਬ ਹੈ ਕਿ ਇਸ ਰਾਹੀਂ ਦਾਨ ਸਿੱਧਾ ਭਾਈਚਾਰੇ ਨੂੰ ਜਾਂਦਾ ਹੈ। ਇਸ ਦੇ ਲਈ ਕੋਈ ਪ੍ਰਸ਼ਾਸਨਿਕ ਫੀਸ ਜਾਂ ਮੁਲਾਜ਼ਮਾਂ ਦੀ ਤਨਖਾਹ ਨਹੀਂ ਹੁੰਦੀ।

‘ਗੁਰੂ ਨਾਨਕ ਫਰੀ ਕਿਚਨ’ ਸੰਸਥਾ ਦੀਆਂ ਅੱਜ ਤੱਕ ਦੀਆਂ ਪ੍ਰਾਪਤੀਆਂ ਵਿੱਚ ਹਫ਼ਤਾਵਾਰੀ ਸਮਾਗਮਾਂ ਰਾਹੀਂ 4 ਲੱਖ ਤੋਂ ਵੱਧ ਭੋਜਨ ਪਰੋਸਿਆ ਜਾਣਾ ਸ਼ਾਮਲ ਹੈ। ਇਸ ਤੋਂ ਇਲਾਵਾ ‘ਐਨੁਅਲ ਟੌਏ ਡਰਾਈਵਰ’ ਸਮਾਗਮ ਰਾਹੀਂ ਇਸ ਸੰਸਥਾ ਵੱਲੋਂ ਸਾਲਾਨਾ 20 ਹਜ਼ਾਰ ਤੋਂ ਵੱਧ ਖਿਡੌਣੇ ਇਕੱਠੇ ਕੀਤੇ ਅਤੇ ਵੰਡੇ ਜਾਂਦੇ ਹਨ। ‘ਨਾਨਕ ਸ਼ਾਹੀ 550’ ਮੁਹਿੰਮ ਰਾਹੀਂ 2019 ਵਿੱਚ 1100 ਬੂਟੇ ਲਾਏ ਗਏ। ਸਕੂਲਾਂ ਦੇ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਮਦਦ ਮੁਹੱਈਆ ਕਰਵਾਈ ਗਈ। ਪਨਾਹਗਾਹਾਂ ਵਿੱਚ ਰਹਿੰਦੇ ਲੋਕਾਂ ਅਤੇ ਹੋਰਨਾਂ ਲੋੜਵੰਦਾਂ ਨੂੰ ਸਰਦੀਆਂ ਵਿੱਚ ਕੰਬਲ ਤੇ ਹੋਰ ਗਰਮ ਕੱਪੜੇ ਵੀ ਵੰਡੇ ਜਾਂਦੇ ਹਨ।