ਲੋਕ ਸਭਾ 'ਚ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਸੋਧ ਬਿੱਲ 2019 ਪੇਸ਼

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਹੇਠਲੇ ਸਦਨ ਵਿਚ ਸੱਭਿਆਚਾਰਕ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ (ਸੋਧ) ਬਿੱਲ, 2019 ਪੇਸ਼ ਕੀਤਾ

Jallianwala Bagh Bill introduced in Lok Sabha, Congress opposes

ਨਵੀਂ ਦਿੱਲੀ : ਲੋਕ ਸਭਾ ਵਿਚ ਸੋਮਵਾਰ ਨੂੰ ਕਾਂਗਰਸ ਦੇ ਵਿਰੋਧ ਦੌਰਾਨ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ (ਸੋਧ) ਬਿੱਲ, 2019 ਪੇਸ਼ ਕੀਤਾ ਗਿਆ। ਜਿਸ ਵਿਚ ਟਰੱਸਟੀ ਦੇ ਰੂਪ ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਨੂੰ ਹਟਾ ਕੇ ਉਸ ਦੀ ਜਗ੍ਹਾ 'ਤੇ ਲੋਕ ਸਭਾ ਵਿਚ ਮਾਨਤਾ ਪ੍ਰਾਪਤ ਵਿਰੋਧੀ ਦਲ ਦੇ ਨੇਤਾ ਜਾਂ ਉਸ ਸਥਿਤੀ 'ਚ ਸਦਨ 'ਚ ਸਭ ਤੋਂ ਵੱਡੇ ਸਿੰਗਲ ਵਿਰੋਧੀ ਦਲ ਦੇ ਨੇਤਾ ਨੂੰ ਟਰੱਸਟੀ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਹੇਠਲੇ ਸਦਨ ਵਿਚ ਸੱਭਿਆਚਾਰਕ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ (ਸੋਧ) ਬਿੱਲ, 2019 ਪੇਸ਼ ਕੀਤਾ।

ਬਿੱਲ ਦਾ ਵਿਰੋਧ ਕਰਦੇ ਹੋਏ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਜਦੋਂ ਸਮਾਰਕ ਬਣਾਇਆ ਗਿਆ, ਉਦੋਂ ਤੋਂ ਕਾਂਗਰਸ ਪ੍ਰਧਾਨ ਨੂੰ ਸਮਾਰਕ ਦਾ ਟਰੱਸਟੀ ਬਣਾਇਆ ਗਿਆ। ਸਰਕਾਰ ਇਸ ਵਿਵਸਥਾ ਨੂੰ ਬਦਲ ਕੇ ਸਮਾਰਕ ਲਈ ਸੁਤੰਤਰਤਾ ਸੰਗਰਾਮ ਦੇ ਮਹੱਤਵ ਨੂੰ ਨਾਕਾਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਜ਼ਰੀਏ ਸਰਕਾਰ ਨੂੰ ਉਸ ਤੋਂ ਸੰਯੋਗ ਨਾ ਰੱਖਣ ਵਾਲੇ ਟਰੱਸਟੀਆਂ ਨੂੰ ਹਟਾਉਣ ਦਾ ਅਧਿਕਾਰ ਮਿਲ ਜਾਵੇਗਾ। ਇਹ ਇਕਪਾਸੜ ਹੈ। ਕਾਂਗਰਸ ਨੇ ਇਸ ਟਰੱਸਟ ਲਈ ਪੈਸਾ ਇਕੱਠਾ ਕੀਤਾ ਸੀ। ਪਟੇਲ ਨੇ ਕਿਹਾ ਕਿ ਬਿੱਲ ਫ਼ਰਵਰੀ 'ਚ ਲੋਕ ਸਭਾ ਵਿਚ ਪਾਸ ਹੋ ਗਿਆ ਸੀ ਪਰ ਰਾਜ ਸਭਾ ਵਿਚ ਪਾਸ ਨਹੀਂ ਹੋ ਸਕਿਆ, ਇਸ ਲਈ ਇਸ ਨੂੰ ਫਿਰ ਹੇਠਲੇ ਸਦਨ ਵਿਚ ਸਰਕਾਰ ਲੈ ਕੇ ਆਈ ਹੈ। 

ਉਨ੍ਹਾਂ ਨੇ ਕਿਹਾ ਕਿ ਇਤਿਹਾਸ ਦੀ ਗੱਲ ਕਰ ਰਹੇ ਕਾਂਗਰਸ ਦੇ ਮੈਂਬਰ ਰਿਕਾਰਡ ਪਲਟ ਕੇ ਦੇਖ ਲੈਣ। 40-50 ਸਾਲ ਵਿਚ ਕਾਂਗਰਸ ਨੇ ਕੁਝ ਨਹੀਂ ਕੀਤਾ। ਪਟੇਲ ਨੇ ਇਹ ਵੀ ਕਿਹਾ ਕਿ ਕਾਂਗਰਸ ਮੈਂਬਰ ਬਿੱਲ 'ਤੇ ਚਰਚਾ ਦੌਰਾਨ ਅਪਣੇ ਵਿਸ਼ੇ ਚੁੱਕ ਸਕਦੇ ਹਨ ਅਤੇ ਚਰਚਾ ਤੋਂ ਬਾਅਦ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਉਤਰ ਦਿਤੇ ਜਾਣਗੇ। ਬਿੱਲ ਦੇ ਉਦੇਸ਼ਾਂ ਅਤੇ ਕਾਰਨਾਂ ਵਿਚ ਕਿਹਾ ਗਿਆ ਕਿ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਐਕਟ 1951 ਨੂੰ ਜਲਿਆਂਵਾਲਾ ਬਾਗ, ਅੰਮ੍ਰਿਤਸਰ 'ਚ 13 ਅਪ੍ਰੈਲ 1919 ਨੂੰ ਮਾਰੇ ਗਏ ਜਾਂ ਜ਼ਖ਼ਮੀ ਹੋਏ ਵਿਅਕਤੀਆਂ ਦੀ ਯਾਦ ਨੂੰ ਕਾਇਮ ਰੱਖਣ ਲਈ ਇਕ ਰਾਸ਼ਟਰੀ ਸਮਾਰਕ ਦਾ ਨਿਰਮਾਣ ਕੀਤਾ ਗਿਆ।

ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ (ਸੋਧ) ਬਿੱਲ 2019 ਵਿਚ ਟਰੱਸਟੀ ਦੇ ਰੂਪ ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਨੂੰ ਹਟਾ ਕੇ ਉਸ ਦੀ ਜਗ੍ਹਾ ਲੋਕ ਸਭਾ ਵਿਚ ਮਾਨਤਾ ਪ੍ਰਾਪਤ ਵਿਰੋਧੀ ਦਲ ਦਾ ਨੇਤਾ ਜਾਂ ਉਸ ਸਥਿਤੀ ਵਿਚ ਸਦਨ 'ਚ ਸਭ ਤੋਂ ਵੱਡੇ ਸਿੰਗਲ ਵਿਰੋਧੀ ਦਲ ਦੇ ਨੇਤਾ ਨੂੰ ਟਰੱਸਟੀ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਕਿਸੇ ਨਾਂ ਨਿਰਦੇਸ਼ਿਤ ਟਰੱਸਟੀ ਦੇ ਅਹੁਦੇ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾਂ ਹੀ ਸਮਾਪਤ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਜਾਂਦੀ ਹੈ।