'ਖ਼ਾਲਸਾ ਏਡ' ਦੇ ਬਾਨੀ ਰਵਿੰਦਰ ਸਿੰਘ ਦਾ ਯੂਕੇ 'ਚ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

'ਖ਼ਾਲਸਾ ਏਡ' ਦੇ ਬਾਨੀ ਰਵਿੰਦਰ ਸਿੰਘ ਨੂੰ ਬਰਤਾਨੀਆ ਟਾਪੂ ਦੇ ਪੰਜਾਬੀ ਭਾਈਚਾਰੇ ਵਲੋਂ ਬ੍ਰਿਟਿਸ਼ ਪਾਰਲੀਮੈਂਟ ਵਿਚ ਕਰਵਾਏ ਗਏ

Ravinder Singh founder of 'Khalsa Aid' honors in UK

ਲੰਦਨ, 'ਖ਼ਾਲਸਾ ਏਡ' ਦੇ ਬਾਨੀ ਰਵਿੰਦਰ ਸਿੰਘ ਨੂੰ ਬਰਤਾਨੀਆ ਟਾਪੂ ਦੇ ਪੰਜਾਬੀ ਭਾਈਚਾਰੇ ਵਲੋਂ ਬ੍ਰਿਟਿਸ਼ ਪਾਰਲੀਮੈਂਟ ਵਿਚ ਕਰਵਾਏ ਗਏ ਇਕ ਸਮਾਰੋਹ ਵਿਚ 'ਦਿ ਅਵਾਰਡ ਆਫ ਐਕਸੀਲੈਂਸ ਐਂਡ ਅਚੀਵਮੈਂਟ ਇਨ ਯੁਅਰ ਵੋਕੇਸ਼ਨ' ਨਾਲ ਸਨਮਾਨਿਤ ਕੀਤਾ ਗਿਆ ਪਰ ਖ਼ਾਲਸਾ ਏਡ ਦੇ ਸੰਸਥਾਪਕ ਰਵਿੰਦਰ ਸਿੰਘ ਨੇ ਅਪਣਾ ਵਡੱਪਣ ਦਿਖਾਉਂਦਿਆ ਇਹ ਐਵਾਰਡ ਸਿੱਖ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਰ ਦਿਤਾ। ਰਵਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਇਸ ਦੁਨੀਆਂ ਤੋਂ ਜਾਣ ਦੀ ਵਰ੍ਹੇਗੰਢ ਹੈ।

ਜਸਵੰਤ ਸਿੰਘ ਨੇ 25 ਹਜ਼ਾਰ ਸਿੱਖ ਨੌਜਵਾਨਾਂ ਦੇ ਰਹੱਸਮਈ ਤਰੀਕੇ ਨਾਲ ਲਾਪਤਾ ਹੋਣ ਦੀ ਸਚਾਈ ਦਾ ਖ਼ੁਲਾਸਾ ਸਾਰਿਆਂ ਦੇ ਸਾਹਮਣੇ ਕੀਤਾ ਸੀ, ਜਿਸ ਕਰਕੇ ਪੰਜਾਬ ਪੁਲਿਸ ਦੇ ਤਸ਼ੱਦਦ ਦਾ ਡਰਾਉਣਾ ਚਿਹਰਾ ਸਭ ਦੇ ਸਾਹਮਣੇ ਆਇਆ ਸੀ। ਇਨ੍ਹਾਂ ਸਿੱਖਾਂ ਦਾ ਅੰਤਮ ਸਸਕਾਰ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਇਹ ਸਨਮਾਨ ਉਹਨਾਂ ਨੂੰ ਕਿਵੇਂ ਨਾ ਸਮਰਪਿਤ ਕਰਾਂ? ਦਸ ਦਈਏ ਕਿ ਇਹ ਸਮਾਰੋਹ ਬਰਤਾਨੀਆ ਦੀ ਪਾਰਲੀਮੈਂਟ ਵਿਚ ਵਿਸ਼ੇਸ਼ ਤੌਰ 'ਤੇ ਉਲੀਕਿਆ ਗਿਆ ਸੀ।

ਰਵਿੰਦਰ ਸਿੰਘ ਨੇ ਖ਼ਾਲਸਾ ਏਡ ਬਣਨ ਦਾ ਕ੍ਰੈਡਿਟ ਪਟਿਆਲਾ ਦੇ ਅਮਰਪ੍ਰੀਤ ਸਿੰਘ ਨੂੰ ਦਿਤਾ। ਅਮਰਪ੍ਰੀਤ ਸਿੰਘ 'ਖ਼ਾਲਸਾ ਏਡ' ਦੇ ਏਸ਼ੀਆ ਪ੍ਰਸ਼ਾਂਤ ਦੇ ਸਰਗਰਮ ਵਰਕਰ ਵਜੋਂ ਕੰਮ ਕਰਦੇ ਹਨ ਅਤੇ ਖ਼ਾਲਸਾ ਏਡ ਨਾਲ ਜੁੜੇ ਅਣਗਿਣਤ ਮਿਸ਼ਨਾਂ ਦਾ ਹਿੱਸਾ ਰਹੇ ਹਨ। ਉਹ ਅਸਲੀਅਤ ਵਿਚ ਪੰਜਾਬ ਦੇ ਖਾਮੋਸ਼ ਹੀਰੋ ਹਨ। 
ਖਾਲਸਾ ਏਡ ਭਾਰਤ ਸਮੇਤ ਪੂਰੇ ਵਿਸ਼ਵ ਦੇ ਵਿਚ ਕਈ ਮਿਸ਼ਨਾਂ ਦਾ ਹਿੱਸਾ ਰਹੀ ਹੈ ਜੋ ਜ਼ਰੂਰਤਮੰਦ ਲੋਕਾਂ ਤਕ ਅਪਣੀਆਂ ਸੇਵਾਵਾਂ ਪਹੁੰਚਾਉਂਦੇ ਹਨ। ਖ਼ਾਲਸਾ ਏਡ ਇਰਾਕ ਵਿਚ ਅਪਣੇ ਕੰਮ ਕਾਰਨ ਸਾਰੇ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਬਣ ਕੇ ਸਾਹਮਣੇ ਆਈ ਸੀ।

ਖ਼ਾਲਸਾ ਏਡ ਵਲੋਂ ਆਈਐਸ ਦੇ ਚੰਗੁਲ ਵਿਚੋਂ ਬਚ ਕੇ ਆਈ ਇਕ ਔਰਤ ਦੇ ਪੁਨਰਵਾਸਨ ਵਿਚ ਵੀ ਮਦਦ ਕੀਤੀ ਗਈ ਸੀ। ਇਸ ਟੀਮ ਨੇ ਸਾਲ 2014 ਵਿਚ ਯਜ਼ੀਦੀ ਤੇ ਸੀਰੀਆ ਦੇ ਸ਼ਰਨਾਰਥੀਆਂ ਦੀ ਮਦਦ ਕੀਤੀ ਸੀ। ਭ੍ਰਿਸ਼ਟ ਪ੍ਰਣਾਲੀ ਅਤੇ ਸਿਆਸੀ ਦਿੱਖ 'ਤੇ ਰਵਿੰਦਰ ਹਮੇਸ਼ਾ ਤੋਂ ਹੀ ਅਪਣੇ ਟਵੀਟਾਂ ਰਾਹੀਂ ਸਰਗਰਮ ਵਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ 'ਲੋਕ ਮੈਨੂੰ ਬਹੁਤ ਕੁੱਝ ਕਹਿੰਦੇ ਹਨ ਪਰ ਮੈਂ ਕਹਿ ਸਕਦਾ ਹਾਂ ਕਿ ਮੈਂ ਭ੍ਰਿਸ਼ਟ ਸਰਕਾਰਾਂ ਦੇ ਵਿਰੁਧ ਹਾਂ। ਮੈਂ ਚਾਹੁੰਦਾ ਹਾਂ ਕਿ ਲੋਕਾਂ ਨੂੰ ਇਨਸਾਫ਼ ਮਿਲੇ ਤੇ ਉਨ੍ਹਾਂ ਨੂੰ ਚੰਗੀ ਸੇਧ ਮਿਲੇ।

ਰਵਿੰਦਰ ਸਿੰਘ ਨੇ ਪੰਜਾਬ ਦੇ ਮਨੋਰੰਜਨ ਲਈ ਕੰਮ ਕਰਨ ਵਾਲੇ ਕਲਾਕਾਰਾਂ ਤੇ ਗਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੰਮ ਵਿਚ ਜ਼ਰੂਰ ਅਪਣੀ ਆਵਾਜ਼ ਬੁਲੰਦ ਕਰਨ। ਉਹਨਾਂ ਆਖਿਆ ਕਿ ਇਕ ਸਮਾਂ ਹੁੰਦਾ ਸੀ, ਜਦੋਂ ਪੰਜਾਬੀ ਗਾਇਕ ਅਪਣੇ ਅਖਾੜੇ ਲਗਵਾਉਣ ਲਈ ਮਿੰੰਨਤਾਂ ਕਰਦੇ ਸਨ ਪਰ ਹੁਣ ਇਹ ਇੰਨੇ ਮਸ਼ਹੂਰ ਹੋ ਗਏ ਹਨ ਕਿ ਹਿੰਡ ਵਿਖਾਉਂਦੇ ਹਨ। ਜਦਕਿ ਹੁਣ ਉਹਨਾਂ ਨੂੰ ਆਮ ਲੋਕਾਂ ਦੇ ਵਿਚ ਆ ਕੇ ਉਨ੍ਹਾਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕ ਿਜ਼ਿਆਦਾ ਨਹੀਂ ਤਾਂ ਘੱਟੋ-ਘੱਟ ਉਹ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਜਾ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੇ ਸਕਦੇ ਹਨ।