ਖਾਲਸਾ ਲੋਕਾਂ ਵਿਚ ਵੰਡੀਆਂ ਪਾਉਣ ਵਾਲੀ ਨਹੀਂ, ਸਗੋਂ ਉਹਨਾਂ ਨੂੰ ਜੋੜਨ ਵਾਲੀ ਤਾਕਤ ਹੈ: ਤਰਨਜੀਤ ਸਿੰਘ ਸੰਧੂ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ‘ਸਿੱਖ ਹੀਰੋ ਐਵਾਰਡ’ ਨਾਲ ਕੀਤਾ ਗਿਆ ਸਨਮਾਨਿਤ

Ambassador Taranjit Sandhu

 

ਵਾਸ਼ਿੰਗਟਨ: ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਖਾਲਸਾ ਲੋਕਾਂ ਵਿਚ ਵੰਡੀਆਂ ਪਾਉਣ ਵਾਲੀ ਨਹੀਂ, ਸਗੋਂ ਉਹਨਾਂ ਨੂੰ ਜੋੜਨ ਵਾਲੀ ਤਾਕਤ ਹੈ। ਸੰਧੂ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਪਿਛਲੇ ਦਿਨੀਂ ਪੰਜਾਬ 'ਚ ਅੰਮ੍ਰਿਤਪਾਲ ਸਿੰਘ 'ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਗਰਮਖਿਆਲੀ ਸਮਰਥਕਾਂ ਵੱਲੋਂ ਲੰਡਨ, ਬ੍ਰਿਟਿਸ਼ ਕੋਲੰਬੀਆ ਅਤੇ ਸੰਨ ਫਰਾਂਸਿਸਕੋ ਸਥਿਤ ਭਾਰਤੀ ਮਿਸ਼ਨਾਂ ਦੀ ਭੰਨਤੋੜ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ।

ਇਹ ਵੀ ਪੜ੍ਹੋ:

ਤਰਨਜੀਤ ਸਿੰਘ ਸੰਧੂ ਨੇ ਇਹ ਟਿੱਪਣੀ ਵਾਸ਼ਿੰਗਟਨ ਵਿਚ ਇਕ ਸਮਾਗਮ ਦੌਰਾਨ ਕੀਤੀ ਜਿੱਥੇ ਉਹਨਾਂ ਨੂੰ ਕਈ ਹੋਰ ਉੱਘੇ ਸਿੱਖਾਂ ਸਮੇਤ ਅਮਰੀਕਾ ਦੇ ਸਿੱਖਾਂ ਵੱਲੋਂ ਵੱਕਾਰੀ "ਸਿੱਖ ਹੀਰੋ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਆਪਣੇ ਭਾਸ਼ਣ ਦੌਰਾਨ ਸੰਧੂ ਨੇ ਕਿਹਾ, “ਖਾਲਸਾ, ਜਿਸ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ‘ਤੇ ਕੀਤੀ ਸੀ, ਇਕ ਜੋੜਨ ਵਾਲੀ ਤਾਕਤ ਹੈ ਨਾ ਕਿ ਵੰਡਣ ਵਾਲੀ”। ਸੰਧੂ ਨੇ ਕਿਹਾ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਮਹੱਤਵਪੂਰਨ ਸੰਕਲਪਾਂ ਅਤੇ ਮੂਲ ਸਿਧਾਂਤਾਂ ਵਿਚ ਸਰਵਵਿਆਪਕਤਾ, ਏਕਤਾ, ਸਮਾਨਤਾ, ਇਮਾਨਦਾਰ ਜੀਵਨ, ਸੇਵਾ, ਸਿਮਰਨ, ਮਨ ਦੀ ਸ਼ਾਂਤੀ ਅਤੇ ਲੋਕਾਂ ਵਿਚ ਸਦਭਾਵਨਾ ਸ਼ਾਮਲ ਹੈ।

ਇਹ ਵੀ ਪੜ੍ਹੋ:

ਤਰਨਜੀਤ ਸਿੰਘ ਸੰਧੂ ਨੇ ਆਪਣੇ ਭਾਸ਼ਣ ਵਿਚ ਅਰਥਵਿਵਸਥਾ, ਡਿਜੀਟਾਈਜੇਸ਼ਨ, ਸਿਹਤ ਅਤੇ ਉੱਦਮਤਾ ਦੇ ਪ੍ਰਮੁੱਖ ਖੇਤਰਾਂ ਵਿਚ ਭਾਰਤ ਦੇ ਉਭਾਰ ਅਤੇ ਦੇਸ਼ ਦੀਆਂ ਕੁਝ ਵੱਡੀਆਂ ਪ੍ਰਾਪਤੀਆਂ ਨੂੰ ਵੀ ਸਾਂਝਾ ਕੀਤਾ। ਸੰਧੂ ਨੇ ਕਿਹਾ, "ਭਾਰਤ ਵਿਚ ਹੋ ਰਹੀ ਆਰਥਿਕ, ਵਿੱਤੀ, ਤਕਨੀਕੀ ਅਤੇ ਡਿਜੀਟਲ ਕ੍ਰਾਂਤੀ ਨਾਲ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਜੋੜਨ ਦੀ ਲੋੜ ਹੈ।"

ਇਹ ਵੀ ਪੜ੍ਹੋ:

ਇਸ ਮੌਕੇ ਉੱਦਮੀ ਦਰਸ਼ਨ ਸਿੰਘ ਧਾਲੀਵਾਲ, ਨਿਊ ਜਰਸੀ ਦੇ ਸਾਬਕਾ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ, ਸਾਬਕਾ ਮੇਅਰ ਰਵੀ ਸਿੰਘ ਭੱਲਾ ਤੇ ਉੱਦਮੀ ਮਨਰਾਜ ਸਿੰਘ ਕਾਹਲੋਂ ਦਾ ਵੀ ‘ਸਿੱਖ ਹੀਰੋ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਸ਼ਹੀਦ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਨੂੰ ਵੀ ਮਰਨ ਉਪਰੰਤ ਇਹ ਐਵਾਰਡ ਦਿੱਤਾ ਗਿਆ।