ਕਦੋਂ ਹਰ ਸਿੱਖ ਇਹ ਕਹਿ ਸਕੇਗਾ ਕਿ ‘ਅਕਾਲ ਤਖ਼ਤ ’ਤੇ ਬੈਠਾ ਸਾਡਾ ਜਥੇਦਾਰ ਪੂਰੀ ਤਰ੍ਹਾਂ ਆਜ਼ਾਦ ਤੇ ਨਿਰਪੱਖ ਹੈ’?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਜੇ ‘ਜਥੇਦਾਰ’ ਦੇ ਅਹੁਦੇ ਦੀ ਦੁਰਵਰਤੋਂ ਜਾਰੀ ਰਹੀ ਤੇ ‘ਜਥੇਦਾਰ’ ਵਕਤ ਦੇ ਕਾਬਜ਼ ਹਾਕਮਾਂ ਦੀ ਮਾਤਹਿਤੀ ਹੀ ਕਰਦੇ ਰਹੇ ਤਾਂ ਇਥੇ ਵੀ ਬਗ਼ਾਵਤ ਅਵੱਸ਼ ਹੋਵੇਗੀ।

Giani Harpreet Singh

 

ਇਸ ਵੇਲੇ ਕੌਮ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ। ਜਦ ਹਾਲਤ ਵਿਗੜਦੀ ਹੈ ਤਾਂ ਕੁਦਰਤੀ ਹਰ ਸਿੱਖ ਦਿਲੋਂ ਕਹਿਣ ਲਗਦਾ ਹੈ ਕਿ ਕਾਸ਼! ਅਕਾਲ ਤਖ਼ਤ ਦਾ ਜਥੇਦਾਰ ਇਸ ਵੇਲੇ ਕੌਮ ਦੇ ਲੀਡਰਾਂ ਦੀ ਨਕੇਲ ਖਿੱਚ ਸਕੇ ਤੇ ਕੌਮ ਨੂੰ ਅਕਾਲ ਤਖ਼ਤ ਤੋਂ ਅਗਵਾਈ ਮਿਲ ਜਾਏ...।’’ ਪਰ ਹਰ ਸਿੱਖ, ਅਗਲੇ ਹੀ ਪਲ ਇਹ ਸੋਚ ਕੇ ਨਿਰਾਸ਼ ਹੋ ਜਾਂਦਾ ਹੈ ਕਿ ਅਕਾਲ ਤਖ਼ਤ ਵਾਲੇ ਤਾਂ ਬਾਦਲਾਂ ਦੇ ਮਹਿਲਾਂ ਵਿਚ ਪੇਸ਼ ਹੋ ਹੋ ਕੇ ਉਨ੍ਹਾਂ ਤੋਂ ਅਗਵਾਈ ਮੰਗਦੇ ਫਿਰਦੇ ਹਨ, ਉਥੋਂ ਕੌਮ ਨੂੰ ਅਗਵਾਈ ਕੌਣ ਦੇਵੇਗਾ ਤੇ ਕੀ ਦੇਵੇਗਾ? ਛਿੱਥੇ ਪੈ ਕੇ ਉਹ ਬਿਆਨ ਦੇਣ ਤਕ ਚਲੇ ਜਾਂਦੇ ਹਨ ਕਿ ਅਕਾਲ ਤਖ਼ਤ ਦਾ ਜਥੇਦਾਰ ਤਾਂ ਬਾਦਲਾਂ ਦੀ ਮੁੱਠੀ ਵਿਚ ਬੰਦ ਹੈ। ਅਖ਼ਬਾਰਾਂ ਵੇਖੋ ਤਾਂ ਪੰਜਾਬ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਇਹੀ ਗੱਲ ਕਹਿੰਦਾ ਹੈ, ਅੰਮ੍ਰਿਤਪਾਲ ਸਿੰਘ ਵੀ ਇਹੀ ਕਹਿੰਦਾ ਹੈ ਤੇ ਸਪੋਕਸਮੈਨ ਵੀ ਬੜੀ ਦੇਰ ਤੋਂ ਇਹੀ ਕਹਿੰਦਾ ਆ ਰਿਹਾ ਹੈ। 90% ਸਿੱਖ ਇਹੀ ਗੱਲ ਕਹਿੰਦੇ ਹਨ।

ਜਿਹੜੇ 10% ਸਿੱਖ ਇਹ ਗੱਲ ਨਹੀਂ ਕਹਿੰਦੇ, ਉਹ ਗੁਰਦਵਾਰਿਆਂ ਨਾਲ ਜੁੜੇ ਹੋਏ ਪ੍ਰਬੰਧਕ ਹੁੰਦੇ ਹਨ ਜਾਂ ਬਾਦਲ ਅਕਾਲੀ ਦਲ ਨਾਲ ਜੁੜੇ ਹੋਏ ਹੁੰਦੇ ਹਨ। ਉਹ ਫਿਰ, ਹਸਬੇ ਮਾਮੂਲ, ਸ਼ੋਰ ਪਾ ਦੇਂਦੇ ਹਨ ਕਿ ਜਥੇਦਾਰ ਨੂੰ ਬਾਦਲਾਂ ਦਾ ਬੰਦਾ ਕਹਿਣ ਵਾਲੇ ਮਾਫ਼ੀ ਮੰਗਣ..... ਮਾਫ਼ੀ ਮੰਗਣ..... ਮਾਫ਼ੀ ਮੰਗਣ। ਇਹ ਸ਼ੋਰ ਦੋ ਦਿਨ ਤੋਂ ਵੱਧ ਨਹੀਂ ਚਲਦਾ ਕਿਉਂਕਿ 90% ਸਿੱਖ ਮੰਨਦੇ ਹਨ ਕਿ ਜੋ ਕਿਹਾ ਜਾ ਰਿਹਾ ਹੈ ਉਹ 100% ਸੱਚ ਹੈ ਪਰ ਨਾਲ ਹੀ ਉਹ ਅਰਦਾਸ ਵੀ ਕਰਦੇ ਹਨ ਕਿ ਇਹ ਹਾਲਤ ਬਦਲੇ ਤੇ ਜਥੇਦਾਰ ਸਚਮੁਚ ਹੀ ਆਜ਼ਾਦ ਤੇ ਨਿਰਪੱਖ ਬਣ ਜਾਣ ਤਾਕਿ ਕੌਮ ਦਾ ਵੀ ਕੁੱਝ ਭਲਾ ਹੋ ਜਾਏ। ਉਂਜ 500 ਸਾਲ ਪਹਿਲਾਂ ਜਦ ਈਸਾਈ ਜਗਤ, ਪੋਪ ਦੇ ਵਤੀਰੇ ਤੋਂ ਵੀ ਦੁਖੀ ਹੋ ਗਿਆ ਸੀ ਤਾਂ ਉਸ ਨੇ ਪੋਪ ਵਿਰੁਧ ਬਗ਼ਾਵਤ ਕਰ ਦਿਤੀ ਸੀ। ਬਹੁਤ ਸਾਰੇ ਈਸਾਈ ਰਾਜੇ ਵੀ, ਸਮਝੌਤਾ ਕਰਵਾਉਣ ਲਈ ਕੁਦ ਪਏ। ਸਿਆਣੇ ਈਸਾਈਆਂ ਨੇ ਰਾਏ ਦਿਤੀ ਕਿ ਧਰਮ ਦੇ ਖੇਤਰ ਵਿਚ ਕੰਮ ਕਰਨ ਵਾਲਾ ਜਿਹੜਾ ਇਕ ਵਾਰ ਵਿਗੜ ਜਾਏ ਉਹ ਕਦੇ ਨਹੀਂ ਸੁਧਰ ਸਕਦਾ ਤੇ ਉਸ ਦਾ ਅਹੁਦਾ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ।

ਪਰ ਕੁੱਝ ਈਸਾਈ ਜੋ ਬੀਤੇ ਨਾਲ ਜੁੜੇ ਹੋਏ ਸਨ, ਉਨ੍ਹਾਂ ਰਾਏ ਦਿਤੀ ਕਿ ‘ਪੋਪ’ ਦਾ ਅਹੁਦਾ ਈਸਾਈ ਧਰਮ ਦੇ ਆਰੰਭ ਤੋਂ ਇਸ ਨਾਲ ਜੁੜਿਆ ਹੋਇਆ ਹੈ, ਇਸ ਲਈ ਅਹੁਦੇ ਨੂੰ ਖ਼ਤਮ ਨਾ ਕੀਤਾ ਜਾਏ ਸਗੋਂ ਪੋਪ ਦੀਆਂ (ਛੇਕਣ, ਮਾਫ਼ ਕਰਨ, ਸਵਰਗ ਦੀਆਂ ਟਿਕਟਾਂ ਵੇਚਣ ਜਾਂ ਪੈਸੇ ਲੈ ਕੇ ਹਰ ਬੰਦੇ ਨੂੰ ‘ਸਰਬ-ਉਤਮ ਈਸਾਈ’ ਹੋਣ ਦੇ ਸਰਟੀਫ਼ੀਕੇਟ ਜਾਰੀ ਕਰਨ ਆਦਿ ਵਰਗੀਆਂ) ਤਾਕਤਾਂ ਖ਼ਤਮ ਕਰ ਦਿਤੀਆਂ ਜਾਣ। 500 ਸਾਲ ਪਹਿਲਾਂ ਈਸਾਈ ਦੋ ਭਾਗਾਂ ਵਿਚ ਵੰਡੇ ਗਏ। ਇਕ ਭਾਗ ਉਨ੍ਹਾਂ ਈਸਾਈਆਂ ਦਾ ਬਣ ਗਿਆ ਜੋ ਪੋਪ ਦਾ ਅਹੁਦਾ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਲਈ ਅੜ ਗਏ। ਉਹ ਅੱਜ ਵੀ ਪ੍ਰੋਟੈਸਟੈਂਟ ਈਸਾਈ ਅਖਵਾਉਂਦੇ ਹਨ ਤੇ ਪੋਪ ਨੂੰ ਬਿਲਕੁਲ ਨਹੀਂ ਮੰਨਦੇ। ਦੂਜੇ ਈਸਾਈ ‘ਕੈਥੋਲਿਕ’ ਅਖਵਾਉਂਦੇ ਹਨ ਜੋ ਪੋਪ ਦਾ ਅਹੁਦਾ ਤਾਂ ਮੰਨਦੇ ਹਨ ਪਰ ਉਸ ਨੂੰ ਇਕ ‘ਰਸਮੀ’ ਮੁਖੀ ਮੰਨਦੇ ਹਨ, ਪੋਪ ਦੀਆਂ ਤਾਕਤਾਂ ਹੁਣ ਕੈਥੋਲਿਕ ਈਸਾਈ ਵੀ ਨਹੀਂ ਮੰਨਦੇ।

ਮੈਨੂੰ ਲਗਦਾ ਹੈ ਕਿ ਜੇ ‘ਜਥੇਦਾਰ’ ਦੇ ਅਹੁਦੇ ਦੀ ਦੁਰਵਰਤੋਂ ਜਾਰੀ ਰਹੀ ਤੇ ‘ਜਥੇਦਾਰ’ ਵਕਤ ਦੇ  ਕਾਬਜ਼ ਹਾਕਮਾਂ ਦੀ ਮਾਤਹਿਤੀ ਹੀ ਕਰਦੇ ਰਹੇ ਤਾਂ ਇਥੇ ਵੀ ਬਗ਼ਾਵਤ ਅਵੱਸ਼ ਹੋਵੇਗੀ। ਜੇ ਨਾ ਹੋਈ ਤਾਂ ਸਿੱਖੀ ਅਪਣੀ ਲੋੜ ਪੂਰੀ ਤਰ੍ਹਾਂ ਗੁਆ ਬੈਠੇਗੀ। ਇਸ ਵੇਲੇ ਵੀ 90 ਫ਼ੀ ਸਦੀ ਸਿੱਖ ਅਗਰ ਮੌਜੂਦਾ ਦਸ਼ਾ ਤੋਂ ਡਾਢੇ ਨਿਰਾਸ਼ ਹਨ ਤਾਂ ਬਗ਼ਾਵਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ।  ਮੈਂ ਨਹੀਂ ਕਹਿੰਦਾ ਕਿ ਪੋਪ ਵਾਂਗ, ਸਿੱਖਾਂ ਦੇ ਮਾਮਲੇ ਵਿਚ ਵੀ ਸਾਰਾ ਕਸੂਰ ‘ਜਥੇਦਾਰਾਂ’ ਦਾ ਹੀ ਹੈ। ਨਹੀਂ ਉਨ੍ਹਾਂ ਨੂੰ ਤਾਂ ਸਿਆਸਤਦਾਨਾਂ ਵਲੋਂ ਗ਼ਲਤ ਫ਼ੈਸਲੇ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਉਹ ਜ਼ਰਾ ਜਿੰਨੀ ਆਜ਼ਾਦ ਸੋਚਣੀ ਵਿਖਾਉਂਦੇ ਹਨ ਤਾਂ ਉਨ੍ਹਾਂ ਨੂੰ ਮਿੰਟਾਂ ਵਿਚ ਛੇਕ ਦਿਤਾ ਜਾਂਦਾ ਹੈ। ਪਰ ਬਗ਼ਾਵਤ ਜਦੋਂ ਵੀ ਹੋਈ, ਗੁੱਸਾ ਜਥੇਦਾਰਾਂ ਉਤੇ ਹੀ ਨਿਕਲੇਗਾ ਤੇ ਲੋਕ ਮੰਗ ਕਰਨ ਲੱਗਣਗੇ ਕਿ ‘ਜਥੇਦਾਰ’ ਨੂੰ ਰਸਮੀ ਮੁਖੀ (ਕਿਸੇ ਤਾਕਤ ਤੋਂ ਬਿਨਾਂ ਵਾਲਾ) ਰਖਣਾ ਹੈ ਤਾਂ ਰੱਖ ਲਉ ਨਹੀਂ ਤਾਂ ਪੋਪ ਵਾਂਗ ਅਹੁਦਾ ਹੀ ਖ਼ਤਮ ਕਰ ਦਿਉ। ਜਦੋਂ ਮੇਰੇ ਵਰਗੇ ਲੋਕ, ਉਹ ਸਮਾਂ ਆਉਣ ਤੋਂ ਪਹਿਲਾਂ ਹੀ ਜਥੇਦਾਰਾਂ, ਸਿਆਸਤਦਾਨਾਂ ਤੇ ਆਮ ਸਿੱਖਾਂ ਨੂੰ ਸੁਚੇਤ ਕਰਦੇ ਹਨ ਤਾਂ ਸਾਡਾ ਮਕਸਦ ਬਗ਼ਾਵਤ ਵਾਲੀ ਹਾਲਤ ਪੈਦਾ ਹੋਣੋਂ ਰੋਕਣ ਲਈ ਕਹਿਣਾ ਹੀ ਹੁੰਦਾ ਹੈ, ਕੋਈ ਸਮਝੇ ਭਾਵੇਂ ਨਾ ਸਮਝੇ। 

ਇਹ ਕੰਮ ਇਕੱਲੇ ਜਥੇਦਾਰ ਵੀ ਨਹੀਂ ਕਰ ਸਕਦੇ। ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਪਾਰਟੀ ਨੇ ‘ਬਾਦਲ ਕਾਲ’ ਵਿਚ ਸਿਸਟਮ ਹੀ ਅਜਿਹਾ ਬਣਾ ਦਿਤਾ ਹੈ ਕਿ ਜਿਹੜਾ ‘ਜਥੇਦਾਰ’ ਆਜ਼ਾਦ ਹੋਣ ਲਈ ਇਕ ਅੰਗੜਾਈ ਵੀ ਲੈਂਦੈ, ਉਸ ਨੂੰ ਦੋ ਘੰਟਿਆਂ ਵਿਚ ਹੀ ਜ਼ਲੀਲ ਕਰ ਕੇ ਕੱਢ ਦਿਤਾ ਜਾਂਦੈ। ਭਾਈ ਰਣਜੀਤ ਸਿੰਘ ਨੇ ਇਕ ਛੋਟਾ ਜਿਹਾ ਸੁਝਾਅ ਹੀ ਦਿਤਾ ਸੀ ਕਿ ਸ਼ਾਮ ਪੈਣ ਤੋਂ ਪਹਿਲਾਂ ਉਨ੍ਹਾਂ ਨੂੰ ਛੇਕ ਦਿਤਾ ਗਿਆ। ਪ੍ਰੋ. ਮਨਜੀਤ ਸਿੰਘ ਨੇ ਵੱਡੇ ਬਾਦਲ ਅੱਗੇ ਮਾੜੀ ਜਿਹੀ ਤਿੜ ਹੀ ਮਾਰੀ ਸੀ ਕਿ ਉਨ੍ਹਾਂ ਨੂੂੰ ਗ਼ੁਸਲਖ਼ਾਨੇ ਵਿਚ ਛੁਪ ਕੇ ਬਾਦਲ-ਸੈਨਾ ਕੋਲੋਂ ਜਾਨ ਬਚਾਉਣੀ ਪਈ। ਇਕ ਹੋਰ ਜਥੇਦਾਰ ਕੋਲੋਂ ਜਥੇਦਾਰ ਟੌਹੜਾ ਨੇ ਅਸਤੀਫ਼ਾ ਉਸ ਵੇਲੇ ਮੰਗ ਲਿਆ ਸੀ ਜਦ ਉਹ ਮੋਢੇ ਤੇ ਪਰਨਾ ਰੱਖ ਕੇ ਇਸ਼ਨਾਨ ਕਰਨ ਜਾ ਰਿਹਾ ਸੀ। ਟੌਹੜਾ ਨੇ ਹੁਕਮ ਦਿਤਾ, ‘‘ਇਸ਼ਨਾਨ ਬਾਅਦ ਵਿਚ ਕਰਨਾ, ਪਹਿਲਾਂ ਅਸਤੀਫ਼ਾ ਲਿਖ ਦਿਉ।’’ ਸਿਆਸੀ ਲੋਕਾਂ ਦੇ ਥਾਪੇ ਵਿਚਾਰੇ ਜਥੇਦਾਰ ਵੀ ਕੀ ਕਰਨ? ਸਿਆਸੀ ਸਾਹਬਾਂ ਦੇ ਘਰ ਜਾ ਕੇ ਪੁਛਦੇ ਨੇ, ‘‘ਫ਼ਲਾਣੇ ਮਾਮਲੇ ਵਿਚ ਕੀ ਕਰਨ ਦਾ ਹੁਕਮ ਹੈ ਜੀ?’’ 

ਅਜਿਹੀ ਹਾਲਤ ਵਿਚ ਮੇਰੇ ਸਮੇਤ, ਪੰਥ ਦਾ ਭਲਾ ਸੋਚਣ ਵਾਲਾ ਹਰ ਬੰਦਾ ਚਾਹੁੰਦਾ ਹੈ ਕਿ ਸਚਮੁਚ ਦਾ ਇਕ ‘ਜਥੇਦਾਰ’ (ਜੋ ਹਾਕਮ ਨੂੰ ਵੀ ਸੱਚ ਸੁਣਾ ਸਕੇ ਤੇ ਕੌਮ ਨੂੰ ਵੀ ਚੜ੍ਹਦੀ ਕਲਾ ਵਿਚ ਰੱਖ ਸਕੇ) ਅਗਰ ਅਸੀ ਅਕਾਲ ਤਖ਼ਤ ਉਤੇ ਬਿਠਾ ਸਕਦੇ ਹਾਂ ਤਾਂ ਜੀਅ ਆਇਆਂ ਨੂੰ ਪਰ ਜੇ ਹਾਕਮਾਂ ਦਾ ਹੁਕਮ ਮੰਨਣ ਵਾਲਾ ‘ਜਥੇਦਾਰ’ ਹੀ ਅਸੀ ਉਥੇ ਬਿਠਾਣਾ ਹੈ ਤਾਂ ਇਹਦੇ ਨਾਲੋਂ ਤਾਂ ਉਹੀ ਰਸਤਾ ਠੀਕ ਰਹੇਗਾ ਜੋ ਈਸਾਈਆਂ ਨੇ ‘ਪੋਪ’ ਬਾਰੇ ਅਪਣਾਇਆ ਸੀ। ਜੇ ‘ਜਥੇਦਾਰ’ ਪੂਰਾ ਸੱਚ ਨਹੀਂ ਬੋਲ ਸਕਦਾ ਤੇ ਪੂਰਾ ਨਿਆਂ ਕਰਨ ਦੀ ਜੁਰਅਤ ਉਸ ਕੋਲ ਨਹੀਂ ਹੈ ਤਾਂ ਉਸ ਦਾ ਅਹੁਦਾ ਖ਼ਤਮ ਹੋ ਜਾਣਾ ਜ਼ਿਆਦਾ ਚੰਗਾ ਰਹੇਗਾ ਕਿਉਂਕਿ ‘ਅਕਾਲ ਤਖ਼ਤ’ ਦੇ ਨਾਂ ਦੀ ਬਦਨਾਮੀ ਤਾਂ ਰੁਕ ਜਾਏਗੀ। ਇਸ ਵੇਲੇ ਤਾਂ ਸਾਨੂੰ ਗ਼ੈਰ-ਸਿੱਖ ਮਿੱਤਰਾਂ ਦੀਆਂ ਛਿੱਬੀਆਂ ਹਰ ਰੋਜ਼ ਸੁਣਨੀਆਂ ਪੈਂਦੀਆਂ ਹਨ ਕਿ ‘‘ਕਮਾਲ ਹੈ ਬਈ ਤੁਹਾਡੇ ਮਾਡਰਨ ਧਰਮ ਦੀ ਜਿਥੇ ਅਕਾਲ ਤਖ਼ਤ ਉਤੇ ਸਿਆਸਤਦਾਨਾਂ ਵਲੋਂ ਬਿਠਾਇਆ ਪੁਜਾਰੀ ਫ਼ੈਸਲੇ ਕਰਦਾ ਹੈ ਕਿ ਲੇਖਕ ਕੀ ਲਿਖੇ ਤੇ ਐਡੀਟਰ ਕੀ ਲਿਖੇ। ਕਿਸੇ ਪੁਰਾਣੇ ਤੋਂ ਪੁਰਾਣੇ ਧਰਮ ਵਿਚ ਤਾਂ ਇਹ ਗੱਲ ਹੁਣ ਵੇਖਣ ਨੂੰ ਵੀ ਨਹੀਂ ਮਿਲਦੀ ਪਰ ਕਿਆ ਬਾਤਾਂ ਨੇ ਤੁਹਾਡੇ ਮਾਡਰਨ ਧਰਮ ਦੀਆਂ!!’’ਕੀ ਜਵਾਬ ਦਈਏ ਇਨ੍ਹਾਂ ਛਿੱਬੀਆਂ ਤੇ ਟਿਚਕਰਾਂ ਦਾ? ਇਕੋ ਹੀ ਜਵਾਬ ਹੁੰਦਾ ਹੈ ਕਿ ਉਨ੍ਹਾਂ ਦੇ ਪੁਜਾਰੀਆਂ ਦੀਆਂ ਦੋ ਵਖਰੇ ਵਿਸ਼ੇ ਦੀਆਂ ਗੱਲਾਂ ਸੁਣਾ ਦਈਏ ਪਰ ਉਸ ਨਾਲ ਅਪਣੇ ‘ਸੱਭ ਤੋਂ ਨਵੇਂ ਧਰਮ’ ਵਿਚ ਪੁਜਾਰੀਵਾਦ ਦੀ ਚੜ੍ਹਤ ਬਾਰੇ ਉਨ੍ਹਾਂ ਦੀ ਟਿਚਕਰ ਤਾਂ ਝੂਠੀ ਨਹੀਂ ਪੈ ਸਕਦੀ।