ਬੇਸਹਾਰਿਆਂ ਦਾ ਸਹਾਰਾ ਬਣਿਆ ਸਿੱਖ ਜੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

'ਗੁਰੂ ਨਾਨਕ ਫ਼ਰੀ ਕਿਚਨੇਟ' 'ਚ ਮੁਫ਼ਤ ਖਾਣਾ ਅਤੇ ਗਰਮ ਕੱਪੜੇ ਵੰਡ ਕੇ ਕਰ ਰਹੇ ਮਨੁੱਖੀ ਸੇਵਾ

Guru Nanak's Free Kitchenette

ਪਰਥ : ਆਸਟ੍ਰੇਲੀਆ 'ਚ ਇਕ ਸਿੱਖ ਜੋੜਾ ਬਲਵੀਰ ਸਿੰਘ ਅਤੇ ਉਸਦੀ ਪਤਨੀ ਲੱਕੀ ਸਿੰਘ ਗੁਰੂ ਨਾਨਕ ਦੇਵ ਜੀ ਦੇ ਸੇਵਾ ਅਤੇ ਬਰਾਬਰੀ ਵਾਲੇ ਸਿਧਾਂਤ ਨੂੰ ਪਛਮੀ ਮੁਲਕਾਂ ਵਿਚ ਵੀ ਲਾਗੂ ਕਰਨ ਦੇ ਉਪਰਾਲੇ ਤਹਿਤ ਉਹਨਾਂ ਵਲੋਂ ਸ਼ੁਰੂ ਕੀਤੀ ਮੁਫ਼ਤ ਰਸੋਈ ਦੁਆਰਾ ਬੇਘਰਿਆਂ ਨੂੰ ਮੁਫਤ ਖਾਣਾ ਦਿਤਾ ਜਾ ਰਿਹਾ ਹੈ ਅਤੇ ਸਰਦੀਆਂ ਵਾਸਤੇ ਗਰਮ ਕਪੜੇ ਵੀ ਪ੍ਰਦਾਨ ਕੀਤੇ ਜਾਂਦੇ ਹਨ।

ਇਹ ਜੋੜਾ ਸਾਲ 2012 ਵਿਚ ਛੁੱਟੀਆਂ ਕੱਟਣ ਲਈ ਕੈਨੇਡਾ ਗਿਆ, ਜਿਥੇ ਇਹਨਾਂ ਨੂੰ ਇਕ ਸੰਸਥਾ ਨਾਲ ਜੁੜਨ ਦਾ ਮੌਕਾ ਮਿਲਿਆ ਜੋ ਉੱਥੇ ਦੇ ਬੇ-ਘਰਿਆਂ ਦੀ ਮਦਦ ਕਰਦੇ ਸਨ। ਇਸੀ ਤੋਂ ਪ੍ਰੇਰਤ ਹੋ ਕਿ ਇਸ ਜੌੜੇ ਨੇ ਆਸਟ੍ਰੇਲੀਆ ਵਿੱਚ ਕੁੱਝ ਅਜਿਹਾ ਹੀ ਕਾਰਜ ਕਰਨ ਦੀ ਠਾਣੀ ਅਤੇ ਸਿਡਨੀ ਦੀ “ਗੁਰੂ ਨਾਨਕ ਫਰੀ ਕਿਚਨੇਟ'' ਹੌਂਦ 'ਚ ਆਈ।

ਸਰਕਾਰੀ ਇਜਾਜਤਾਂ ਲੈਣ ਵਾਲੀ ਲੰਬੀ ਤੇ ਅਕਾਊ ਪ੍ਰਣਾਲੀ ਵਿਚੋਂ ਸਫ਼ਲ ਰਹਿਣ ਤੋਂ ਬਾਅਦ ਇਸ ਜੋੜੇ ਨੇ ਸਿਡਨੀ ਦੇ ਐਨ ਧੁਰ ਵਿਚਾਲੇ ਮਾਰਟਿਨ ਪਲੇਸ ਵਾਲੀ ਜਗਾ ਤੇ ਪਹਿਲੀ ਵਾਰ ਦਸੰਬਰ 2012 ਨੂੰ ਬੇ-ਘਰਿਆਂ ਲਈ ਮੁਫ਼ਤ ਭੋਜਨ ਵੰਡਿਆ। ਇਸ ਤੋਂ ਬਾਅਦ ਦੇ ਛੇ ਸਾਲਾਂ ਦੇ ਸਮੇਂ ਦੌਰਾਨ ਇਸ ਸੰਸਥਾ ਨੇ ਅਪਣੇ ਸੁਹਿਰਦ ਸੇਵਾਦਾਰਾਂ ਦੀ ਮਦਦ ਸਦਕਾ ਤਕਰੀਬਨ 70 ਤੋਂ ਵੀ ਜਿਆਦਾ ਮੁਫ਼ਤ ਭੋਜਨ ਵੰਡਣ ਦੇ ਉਪਰਾਲੇ ਕੀਤੇ। ਇਸ ਸੰਸਥਾ ਦੇ ਸੇਵਾਦਾਰ ਨਾ ਸਿਰਫ਼ ਭਾਰਤੀ ਖਿੱਤੇ ਤੋਂ ਹੀ ਹਨ, ਬਲਿਕ ਸੰਸਾਰ ਦੇ ਵਿਭਿੰਨ ਭਾਈਚਾਰਿਆਂ ਤੋਂ ਆ ਕੇ ਇਸ ਸੇਵਾ ਵਿਚ ਹਿੱਸਾ ਪਾਉਂਦੇ ਹਨ। 

ਸਾਡੇ ਕੋਲ ਕਈ ਬੇਘਰਿਆਂ ਅਤੇ ਸੰਸਥਾਵਾਂ ਦੇ ਸੰਪਰਕ ਹਨ, ਜਿਨਾਂ ਦੀ ਮਦਦ ਨਾਲ ਅਸੀਂ ਅਪਣੇ ਕਾਰਜ ਬਾਖੂਬੀ ਨਿਭਾਉਣ ਵਿਚ ਸਫ਼ਲ ਹੋ ਪਾਏ ਹਾਂ। ਗੁਰੂ ਨਾਨਕ ਫਰੀ ਕਿਚਨੇਟ ਸਾਰੇ ਹੀ ਸੇਵਾਦਾਰਾਂ ਦਾ ਸਵਾਗਤ ਕਰਦੀ ਹੈ, ਬੇਸ਼ਕ ਉਹ ਸੰਸਾਰ ਦੇ ਕਿਸੇ ਵੀ ਹਿੱਸੇ ਵਿਚੋਂ ਹੀ ਕਿਉਂ ਨਾ ਹੋਣ। ਸੰਸਥਾ ਅਤੇ ਇਸ ਦੁਆਰਾ ਕੀਤੀ ਜਾ ਰਹੀ ਮਨੁੱਖਤਾ ਦੀ ਮੁਫ਼ਤ ਸੇਵਾ ਬਾਰੇ ਬਲਵੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਮਾਣ ਨਾਲ ਦਸਿਆ।