ਨਿਊਜ਼ੀਲੈਂਡ ਹਵਾਈ ਸੈਨਾ 'ਚ ਟੈਕਨੀਸ਼ੀਅਨ ਵਜੋਂ ਭਰਤੀ ਹੋਇਆ ਅੰਮ੍ਰਿਤਧਾਰੀ ਨੌਜਵਾਨ ਸੁਹੇਲਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬੀ ਭਾਸ਼ਾ, ਕੀਰਤਨ, ਤਬਲਾ ਅਤੇ ਗਤਕੇ ਨਾਲ ਹੈ ਅਥਾਹ ਪਿਆਰ

Suhailjit Singh

ਔਕਲੈਂਡ: ਬਾਹਰਲੇ ਦੇਸ਼ ਜਿਥੇ ਵਿਸ਼ਵ ਪੱਧਰ ਦੀ ਪੜ੍ਹਾਈ ਵਾਸਤੇ ਅਪਣੀਆਂ ਸਰਹੱਦਾਂ ਖੁਲ੍ਹੀਆਂ ਰਖਦੇ ਹਨ ਉਥੇ ਹੋਣਹਾਰ ਬੱਚਿਆਂ ਲਈ ਇਨ੍ਹਾਂ ਬਾਰਡਰਾਂ ਦੀ ਸੁਰੱਖਿਆ ਲਈ ਅਪਣੇ ਬੂਹੇ ਵੀ ਖੁਲ੍ਹੇ ਰਖਦੇ ਹਨ। ਇਕ 20 ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਸੁਹੇਲਜੀਤ ਸਿੰਘ ਨਿਊਜ਼ੀਲੈਂਡ ਹਵਾਈ ਸੈਨਾ 'ਚ 'ਏਅਰ ਕਰਾਫ਼ਟ ਟੈਕਨੀਸ਼ੀਅਨ' ਵਜੋਂ ਭਰਤੀ ਹੋਇਆ ਹੈ।

ਇਕ ਸੰਪੂਰਨ ਮਕੈਨਿਕ ਬਣਨ ਲਈ ਇਸ ਨੂੰ ਦੋ ਹੋਰ ਕੋਰਸ ਕਰਵਾਏ ਜਾ ਰਹੇ ਹਨ। ਇਕ ਪੇਸ਼ੇਵਰ ਮਕੈਨਿਕ ਬਣਨ ਤੋਂ ਬਾਅਦ ਇਹ ਨੌਜਵਾਨ ਏਅਰ ਕਰਾਫ਼ਟ ਦੀ ਉਡਾਣ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਦੀ ਮੈਕਨੀਕਲ ਸਰਵਿਸ ਕਰਨ ਦੇ ਯੋਗ ਹੋਵੇਗਾ। ਇਸ ਤੋਂ ਅਗਲਾ ਕੋਰਸ ਕਰਨ ਤੋਂ ਬਾਅਦ ਇਹ ਨੌਜਵਾਨ ਸੀਨੀਅਰ ਟੀਮ ਦਾ ਮੈਂਬਰ ਬਣ ਜਾਵੇਗਾ ਜੋ ਜਹਾਜ਼ ਦੇ ਵੱਡੇ ਨੁਕਸ ਲੱਭ ਕੇ ਠੀਕ ਕਰਦੇ ਹਨ

ਅਤੇ ਇੰਜਣ ਆਦਿ ਦੀ ਅਦਲਾ-ਬਦਲੀ ਕਰਦੇ ਹਨ। ਨਿਊਜ਼ੀਲੈਂਡ ਹਵਾਈ ਸੈਨਾ ਵਿਚ ਧਰਮ ਅਨੁਸਾਰ ਅਪਣਾ ਹੁਲੀਆ ਰੱਖਣ ਦੀ ਛੋਟ ਹੈ ਜਿਸ ਕਰ ਕੇ ਇਹ ਨੌਜਵਾਨ ਪੰਜ ਕਕਾਰਾਂ ਦਾ ਧਾਰਨੀ ਰਹਿੰਦਾ ਹੈ ਅਤੇ ਸਿਰ ਉਤੇ ਛੋਟੀ ਦਸਤਾਰ ਜਾਂ ਪਟਕਾ ਬੰਨ੍ਹ ਕੇ ਅਪਣੀ ਨੌਕਰੀ ਕਰਦਾ ਹੈ। ਵਰਦੀ ਦੇ ਰੂਪ ਵਿਚ ਛੋਟੀ ਦਸਤਾਰ ਉਤੇ ਹਵਾਈ ਸੈਨਾ ਦਾ ਬੈਜ ਲਗਾਉਣਾ ਹੁੰਦਾ ਹੈ

ਜੋ ਬਾਕੀ ਦੇ ਨੌਜਵਾਨ ਅਪਣੀ ਟੋਪੀ 'ਤੇ ਲਗਾਉਂਦੇ ਹਨ। ਇਥੇ ਕਕਾਰਾਂ ਦੀ ਕੋਈ ਮਨਾਹੀ ਨਹੀਂ ਹੈ। ਹਵਾਈ ਸੈਨਾ ਦੇ ਇਸ ਨੌਜਵਾਨ ਦੀ ਅਜੋਕੇ ਭਾਰਤੀ ਮੁੰਡਿਆਂ ਅਤੇ ਕੁੜੀਆਂ ਨੂੰ ਅਪੀਲ ਹੈ ਕਿ ਉਹ ਨਿਊਜ਼ੀਲੈਂਡ ਡਿਫ਼ੈਂਸ ਫ਼ੋਰਸ ਵਿਚ ਭਰਤੀ ਹੋਣ। ਸੁਹੇਲਜੀਤ ਸਿੰਘ ਅਨੁਸਾਰ ਭਰਤੀ ਹੋਣਾ ਔਖਾ ਨਹੀਂ ਹੈ ਪਰ ਇਸ ਲਈ ਕਾਫ਼ੀ ਤਿਆਰੀ, ਪੜ੍ਹਾਈ ਤੇ ਲਗਨ ਦੀ ਲੋੜ ਪੂਰੀ ਕਰਨੀ ਪੈਂਦੀ ਹੈ।

ਇਸ ਵੇਲੇ ਇਹ ਨੌਜਵਾਨ ਅਪਣੇ ਹਵਾਈ ਸੈਨਾ ਗਰੁਪ ਵਿਚ ਇਕੋ ਇਕ ਸਿੱਖ ਨੌਜਵਾਨ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ। ਤਿੰਨ ਸਾਲ ਦੀ ਉਮਰ ਵਿਚ ਇਹ ਨੌਜਵਾਨ ਨਵੀਂ ਦਿੱਲੀ ਤੋਂ ਇਥੇ ਅਪਣੇ ਪ੍ਰਵਾਰ ਨਾਲ ਆਇਆ ਸੀ।

ਸਿੱਖੀ ਵਿਚ ਪੂਰਨ ਵਿਸ਼ਵਾਸ, ਖ਼ਾਲਸਾ ਹੈਰੀਟੇਜ਼ ਸਕੂਲ ਗੁਰਦੁਆਰਾ ਸਾਹਿਬ ਟਾਕਾਨੀਨੀ 'ਚ ਪੰਜਾਬੀ ਦੀ ਪੜ੍ਹਾਈ, ਨਾਲ ਦੀ ਨਾਲ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਿਆ ਅਤੇ ਸਿੱਖ ਮਾਰਸ਼ਲ ਆਰਟ (ਗਤਕੇ) ਵਿਚ ਵੀ ਮੁਹਾਰਤ ਹਾਸਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।