ਦੁਬਈ ਘੁੰਮਣ ਗਏ ਇੱਕ ਨੌਜਵਾਨ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜਾਣੋ ਕਿਵੇਂ ਹੋਈ ਮੌਤ

Jalandhar youth drowned sea

ਜਲੰਧਰ : ਜਲੰਧਰ ਦੇ ਬਸਤੀ ਸ਼ੇਖ ਦੇ ਢਕਵਇਯਾਂ ਮੁਹੱਲੇ ਵਿਚ ਰਹਿਣ ਵਾਲੇ ਪ੍ਰਾਪਰਟੀ ਡੀਲਰ ਸੁੱਚਾ ਸਿੰਘ ਦੇ ਇਕਲੌਤੇ  ਬੇਟੇ ਸਿਮਰਨਜੀਤ ਸਿੰਘ ਦੀ ਦੁਬਈ ਵਿਚ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਪੰਜਾਬ ਦੇ ਹੀ 4 ਹੋਰ ਮੁੰਡੇ ਇਨ੍ਹਾਂ ਲਹਿਰਾਂ ਦੀ ਚਪੇਟ ਵਿਚ ਆ ਕੇ ਵਹਿ ਗਏ। ਇਨ੍ਹਾਂ ਵਹੇ ਮੁੰਡਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ 10 ਦਿਨ ਪਹਿਲਾਂ ਹੀ ਦੁਬਈ ਗਿਆ ਸੀ। ਜਿਸ ਤੋਂ ਬਾਅਦ ਇਹ ਵਾਪਰ ਜਾਣ ਤੋਂ ਬਾਅਦ  ਸਵੇਰੇ ਕਰੀਬ 11 ਵਜੇ ਉਸ ਦੀ ਮੌਤ ਦੀ ਖਬਰ ਆ ਜਾਂਦੀ ਹੈ। ਉਸ ਦੀ ਮੌਤ ਸੂਚਨਾ ਮਿਲਦੇ ਹੀ ਉਸ ਦੇ ਪਿਤਾ ਅਤੇ ਚਾਚਾ ਜਸਕਰਣ ਸਿੰਘ ਆਪਣੇ ਮੁੰਡੀ ਲਾਸ਼ ਲੈਣ ਦੇ ਲਈ ਦੁਬਈ ਰਵਾਨਾ ਹੋ ਗਏ ਹਨ। 

ਇਸ ਘਟਨਾ ਤੋਂ ਬਾਅਦ ਬਸਤੀ ਸ਼ੇਖ ਦੇ ਕੋਟ ਬਾਜ਼ਾਰ ਦੇ ਡਾਕਖਾਨੇ ਦੇ ਕੋਲ ਸਥਿਤ ਢਕਵਇਯਾਂ ਮਹੱਲੇ ਵਿਚ ਸੁੱਚਾ ਸਿੰਘ ਉਰਫ ਨੀਟੂ ਚਾਚੇ ਦੇ ਘਰ ਵਿਚ ਗਮਗੀਨ ਮਾਹੌਲ ਸੀ।  ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬੇਟੇ ਨੂੰ ਖੁਸ਼ੀ-ਖੁਸ਼ੀ ਵਿਦੇਸ਼ ਭੇਜਿਆ ਸੀ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸ ਦਾ  ਪੁੱਤਰ ਜਿੰਦਾ ਵਾਪਿਸ ਨਹੀਂ ਆਵੇਗਾ।

ਇਸ ਮਾਮਲੇ ਵਿਚ ਸਿਮਰਨਜੀਤ ਸਿੰਘ ਦੇ ਰਿਸ਼ਤੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸੁੱਚਾ ਸਿੰਘ ਦਾ 20 ਸਾਲ ਦਾ ਇਕਲੌਤਾ ਪੁੱਤਰ ਸੀ। ਉਸ ਨੇ ਦੱਸਿਆ ਕਿ ਹਾਲੇ ਦੱਸ ਦਿਨ ਪਹਿਲਾਂ ਹੀ ਸਿਮਰਨ ਦੀ ਮਾਸੀ ਜੋ ਕਿ ਦੁਬਈ ਵਿਚ ਰਹਿੰਦੀ ਹੈ, ਸਿਮਰਨ ਨੂੰ ਆਪਣੇ ਨਾਲ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਦੁਬਈ ਪਹੁੰਚਣ ਤੋਂ ਬਾਅਦ ਸਿਮਰਨ ਬਹੁਤ ਖੁਸ਼ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ 11 ਵਜੇ ਉਸਦੇ ਪਿਤਾ ਦਾ ਫੋਨ ਆਇਆ ਕਿ ਸਮੁੰਦਰ ਕੰਡੇ ਸਿਮਰਨ ਅਤੇ ਪੰਜਾਬ ਦੇ ਰਹਿਣ ਵਾਲੇ ਹੋਰ 4 ਮੁੰਡੇ ਜੋ ਕਿ ਸਮੁੰਦਰ ਕੰਡੇ ਖੜੇ ਸਨ ਨੂੰ ਲਹਿਰਾਂ ਨੇ ਆਪਣੀ ਚਪੇਟ ਵਿਚ ਲੈ ਲਿਆ। ਇਸ ਮਾਮਲੇ ਵਿਚ ਦੱਸਿਆ ਜਾ ਰਿਹਾ ਹੈ ਕਿ ਬਾਕੀ ਨੌਜਵਾਨਾਂ ਦਾ ਵੀ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਪਾਇਆ ਹੈ।