ਲੀਬਿਆ ਤਟ  ਦੇ ਕੋਲ ਕਿਸ਼ਤੀ ਡੁੱਬਣ ਨਾਲ ਪੰਜ ਸ਼ਰਨਾਰਥੀਆਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਰਨਾਰਥੀਆਂ ਦੀ ਕਿਸਮਤ ਹੀ ਅਜਿਹੀ ਹੈ ਕਿ ਕੁਦਰਤ ਦੀਆਂ ਸਾਰੀਆਂ ਮਾੜੀਆਂ ਘਟਨਾਵਾਂ ਇਨ੍ਹਾਂ ਨਾਲ ਹੀ ਵਾਪਰਦੀਆਂ ਹਨ। ਕਦੇ ਹੜ੍ਹਾਂ ਦੇ ...

boat

ਤਰਿਪੋਲੀ : ਸਰਨਾਰਥੀਆਂ ਦੀ ਕਿਸਮਤ ਹੀ ਅਜਿਹੀ ਹੈ ਕਿ ਕੁਦਰਤ ਦੀਆਂ ਸਾਰੀਆਂ ਮਾੜੀਆਂ ਘਟਨਾਵਾਂ ਇਨ੍ਹਾਂ ਨਾਲ ਹੀ ਵਾਪਰਦੀਆਂ ਹਨ। ਕਦੇ ਹੜ੍ਹਾਂ ਦੇ ਸ਼ਿਕਾਰ ਹੋ ਜਾਦੇ ਹਨ ਤੇ ਕਦੇ ਤੂਫ਼ਾਨਾਂ ਦੀ ਮਾਰ ਵਿਚ ਆ ਜਾਦੇ ਹਨ। ਸੰਯੁਕਤ ਰਾਸ਼ਟਰ ਇਨ੍ਹਾਂ ਦੇ ਅੰਕੜੇ ਜਾਰੀ ਕਰ ਕੇ ਅਪਣਾ ਫ਼ਰਜ਼ ਨਿਭਾ ਦਿੰਦਾ ਹੈ। ਤਾਜ਼ਾ ਘਟਨਾ ਲੀਬੀਆ ਦੀ ਹੈ ਜਿਥੇ ਸਮੁੰਦਰ ਨੇ ਪੰਜ ਸਰਨਾਰਥੀਆਂ ਨੂੰ ਗਰਕ ਲਿਆ। ਲੀਬੀਆ ਦੇ ਸਮੁੰਦਰੀ ਤਟ ਦੇ ਕੋਲ ਸ਼ਰਣਾਰਥੀਆਂ ਦੀ ਇਕ ਕਿਸ਼ਤੀ ਡੁੱਬਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੇਸ਼ ਦੀ ਨੌਸੇਨਾ ਨੇ 100 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ।

ਨੌਸੇਨਾ ਦੇ ਅਧਿਕਾਰੀ ਰਾਮੀ ਗੋਮਿਦ ਨੇ ਦੱਸਿਆ ਕਿ ਲੀਬੀਆ ਦੇ ਬਚਾਅ ਕਰਮੀਆਂ ਨੂੰ ਡੁੱਬ ਰਹੀ ਕਿਸ਼ਤੀ ਤੱਕ ਪੁੱਜਣ ਵਿਚ ਤਿੰਨ ਘੰਟੇ ਦਾ ਸਮਾਂ ਲੱਗਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਬਚਾਏ ਗਏ ਲੋਕਾਂ ਵਿਚੋਂ ਇਕ ਨੇ ਦੱਸਿਆ ਕਿ ਹਾਦਸੇ ਦੇ ਦੌਰਾਨ ਉਹ ਲੋਕ ਇਕ ਇਤਾਲਵੀ ਜਹਾਜ ਦੇ ਕੋਲ ਪੁੱਜੇ ਸਨ ਪਰ ਉਸ ਨੇ ਸ਼ਰਨਾਰਥੀਆਂ ਨੂੰ ਬਚਾਉਣ ਤੋਂ ਇਨਕਾਰ ਕਰ ਦਿਤਾ। ਡੁੱਬ ਰਹੀ ਕਿਸ਼ਤੀ ਵਿਚੋਂ ਲੀਬੀਆਈ ਬਚਾਅ ਜਹਾਜ਼ ਵਿਚ ਚੜ੍ਹਨ ਦੇ ਦੌਰਾਨ ਸ਼ਰਣਾਰਥੀਆਂ ਵਿਚ ਹਫੜਾ-ਦਫੜੀ ਮੱਚ ਗਈ। ਇਸ ਦੌਰਾਨ ਤਿੰਨ ਔਰਤਾਂ ਅਤੇ ਦੋ ਬੱਚੇ ਸਮੁੰਦਰ ਵਿਚ ਡਿੱਗ ਗਏ।

ਪੰਜਾਂ ਦੇ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸਾਰੀਆਂ ਅਰਥੀਆਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀ ਨੇ ਹਾਲਾਂਕਿ ਮਰਨ ਵਾਲਿਆਂ ਦੀ ਪਹਿਚਾਣ ਨਹੀਂ ਦੱਸੀ। ਉਨ੍ਹਾਂ ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਸਮੇਤ ਕੁਲ 117 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਸੁਰੱਖਿਅਤ ਬਚਾਏ ਗਏ ਸਾਰੇ ਲੋਕਾਂ ਨੂੰ ਰਾਜਧਾਨੀ ਤਰਿਪੋਲੀ ਲੈ ਜਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਸਰਨਾਰਥੀ ਅਪਣੇ ਪਹਿਲੇ ਠਿਕਾਣੇ ਨੂੰ ਛੱਡ ਕੇ ਦੂਸਰੇ ਨਵੇਂ ਠਿਕਾਣੇ ਦੀ ਭਾਲ ਲਈ ਜਾ ਰਹੇ ਸਨ। (ਏਜੰਸੀ)