ਅਲਬਰਟਾ ਦੇ ਨਵੇਂ ਮੰਤਰੀ ਮੰਡਲ ਵਿਚ ਪੰਜਾਬੀ ਮੂਲ ਦੀ ਰਾਜਨ ਸਾਹਣੀ ਵੀ ਸ਼ਾਮਲ
ਉਨਤ ਸਿਖਿਆ ਮੰਤਰੀ ਕੀਤਾ ਗਿਆ ਨਿਯੁਕਤ
ਕੈਲਗਰੀ: ਕੈਨੇਡਾ ਵਿਖੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਪਣੇ ਨਵੇਂ ਮੰਤਰੀ ਮੰਡਲ ਵਿਚ 24 ਮੰਤਰੀਆਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਤਰ੍ਹਾਂ ਉਨ੍ਹਾਂ ਨਵੀਂਂ ਸਰਕਾਰ ਦੀ ਸ਼ੁਰੂਆਤ ਕਰ ਦਿਤੀ ਹੈ। ਨਵੇਂ ਮੰਤਰੀ ਮੰਡਲ ਵਿਚ ਜ਼ਿਆਦਾਤਰ ਚੁਣੇ ਗਏ ਸਿਆਸਤਦਾਨ ਅਤੇ ਪੁਰਾਣੇ ਮੰਤਰੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਬਾਕੀਆਂ ਤੋਂ ਇਲਾਵਾ ਪੰਜਾਬੀ ਮੂਲ ਦੀ ਇਕ ਅਤੇ ਮੁਸਲਿਮ ਭਾਈਚਾਰੇ ਦੇ ਦੋ ਮੈਂਬਰ ਹਨ।
ਇਹ ਵੀ ਪੜ੍ਹੋ: ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿਚ ਪੜ੍ਹਨੇ ਨਾ ਪਾਉ ਜਿਨ੍ਹਾਂ ਵਿਚ ਪੰਜਾਬੀ 'ਚ ਗੱਲ ਕਰਨ 'ਤੇ ਵੀ ਜੁਰਮਾਨਾ ਲਗਦਾ ਹੈ
ਸਹੁੰ ਚੁਕ ਸਮਾਗਮ ਐਡਮਿੰਟਨ ਦੇ ਸਰਕਾਰੀ ਹਾਊਸ ਵਿਚ ਕਰਵਾਇਆ ਗਿਆ। ਰਾਜਨ ਸਾਹਣੀ ਨੇ ਟਵੀਟ ਕਰ ਕੇ ਸਹੁੰ ਚੁਕ ਸਮਾਗਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਮਿਥ ਨੇ ਅਪਣੇ ਨਵੇਂ ਮੰਤਰੀਆਂ ਦੇ ਸਹੁੰ ਚੁਕਣ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਇਕ ਅਜਿਹੀ ਸਰਕਾਰ ਬਣਾਵਾਂਗੇ ਜੋ ਸਾਰੀਆਂ ਦੀ ਆਵਾਜ਼ ਨੂੰ ਸੁਣੇਗੀ ਅਤੇ ਸਾਰੇ ਅਲਬਰਟਾ ਵਾਸੀਆਂ ਦੀ ਨੁਮਾਇੰਦਗੀ ਕਰੇਗੀ।
ਇਹ ਵੀ ਪੜ੍ਹੋ: ਤਿੰਨ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਰਹੇ ਸਿਲਵੀਓ ਬਰਲੁਸਕੋਨੀ ਦਾ ਦੇਹਾਂਤ
ਮੰਤਰੀ ਮੰਡਲ ਵਿਚ ਨਵੇਂ 9 ਮੈਂਬਰ ਕੈਲਗਰੀ ਤੋਂ ਹਨ। ਜਦਕਿ ਸਿਰਫ਼ 5 ਔਰਤਾਂ ਹੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਰਾਜਨ ਸਾਹਣੀ ਦਖਣੀ ਏਸ਼ੀਆਈ ਮੂਲ ਦੀ, ਮੁਹੰਮਦ ਯਾਸੀਨ ਦਖਣੀ ਮੂਲ ਦੇ ਅਤੇ ਮਿਕੀ ਐਮਰੀ ਲੈਬਨੀਜ਼ ਕੈਨੇਡੀਅਨ ਮੁਸਲਮਾਨ ਮੂਲ ਦੇ ਹਨ। ਨਵੀਂ ਚੁਣੀ ਕੈਬਨਿਟ ਵਿਚ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੰਤਰ ਸਰਕਾਰੀ ਮਾਮਲਿਆਂ ਦਾ ਮਹਿਕਮਾ ਅਪਣੇ ਕੋਲ ਰਖਿਆ ਹੈ। ਰਾਜਨ ਸਾਹਣੀ ਨੂੰ ਉਨਤ ਸਿਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ।