ਲੰਡਨ ਪੁਲਿਸ ਵੱਲੋਂ ਪੰਜਾਬੀ ਦੇ ਫਾਰਮ ਹਾਊਸ 'ਤੇ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਲੰਡਨ ਹੀਥਰੋ ਏਅਰਪੋਰਟ ਦੇ ਨੇੜੇ ਇਕ ਫਾਰਮ ਹਾਊਸ 'ਤੇ ਪੁਲਿਸ ਵਲੋਂ ਮੰਗਲਵਾਰ ਨੂੰ ਛਾਪੇਮਾਰੀ ਕੀਤੀ ਗਈ

London Police raid on Punjabi farmhouse

ਲੰਡਨ, ਲੰਡਨ ਹੀਥਰੋ ਏਅਰਪੋਰਟ ਦੇ ਨੇੜੇ ਇਕ ਫਾਰਮ ਹਾਊਸ 'ਤੇ ਪੁਲਿਸ ਵਲੋਂ ਮੰਗਲਵਾਰ ਨੂੰ ਛਾਪੇਮਾਰੀ ਕੀਤੀ ਗਈ, ਇਸ ਛਾਪੇਮਾਰੀ 'ਚ 3 ਲੋਕਾਂ ਦੀ ਗਿਰਫਤਾਰੀ ਹੋਈ ਹੈ।ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਤਿੰਨਾਂ ਵਿਚੋਂ 1 ਔਰਤ ਅਤੇ 2 ਮਰਦ ਹਨ। ਪੁਲਿਸ ਅਨੁਸਾਰ 8 ਲੋਕਾਂ ਬਾਰੇ ਜਾਣਕਾਰੀ ਮਿਲੀ ਸੀ ਜਿਨ੍ਹਾਂ 'ਤੇ ਸ਼ੱਕ ਸੀ ਕਿ ਇਹ ਲੋਕ ਰੋਮਾਨੀਅਨ ਗੈਂਗ ਨਾਲ ਸਬੰਧਤ ਹਨ ਅਤੇ ਗੁਲਾਮ ਬਣਾ ਕੇ ਲੋਕਾਂ ਤੋਂ ਕੰਮ ਕਰਵਾਉਂਦੇ ਹਨ। ਇਸ ਛਾਪੇਮਾਰੀ 'ਚ 100 ਪੁਲਿਸ ਮੁਲਾਜ਼ਮਾਂ ਨੂੰ ਸ਼ਾਮਿਲ ਕੀਤਾ ਗਿਆ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਪੁੱਛਗਿਛ ਤੋਂ ਬਾਅਦ ਜਨਤਕ ਕੀਤੀ।

ਜਿਨ੍ਹਾਂ 'ਚ 41 ਸਾਲਾ ਰੋਮਾਨੀਅਨ ਮਿਸਤਰੀ ਜਿਸ ਦਾ ਨਾਮ ਜਨਤਕ ਨਹੀਂ ਕੀਤਾ ਗਿਆ, ਉਸ ਦੀ ਪ੍ਰੇਮਿਕਾ ਗੈਬਰਾਇਲਾ (28) ਅਤੇ ਉਸ ਦਾ ਸਾਥੀ ਲਿਓਗੀ (49) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਤਿੰਨੋਂ ਇਕ ਘਰ 'ਚ ਹੀ ਰਹਿੰਦੇ ਸਨ ਜਿਹੜਾ ਕਿ ਈਵਰ ਬਰਕਸ਼ੀਅਰ ਨੇੜੇ ਸਥਿਤ ਹੈ ਅਤੇ ਇਸ ਦਾ ਮਾਲਕ ਭਾਰਤੀ ਪੰਜਾਬੀ ਮੂਲ ਦਾ ਸਿੱਖ ਵਿਅਕਤੀ ਹੈ। ਜਿਸ ਨੇ ਇਹ ਫਾਰਮ ਹਾਊਸ ਪਿਛਲੇ ਸਾਲ ਜੁਲਾਈ 'ਚ 1.3 ਮਿਲੀਅਨ ਪਾਉਂਡ 'ਚ ਖਰੀਦਿਆ ਸੀ। ਪੁਲਿਸ ਨੇ ਗੈਬਰਾਇਲਾ ਤੋਂ ਪੁੱਛਗਿਛ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ।

ਰਿਹਾਅ ਹੋਣ ਤੋਂ ਬਾਅਦ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਪੁਲਿਸ ਸਾਡੇ 'ਤੇ ਰੋਮਾਨੀਅਨ ਗੈਂਗ ਲਈ ਕੰਮ ਕਰਨ ਅਤੇ ਲੋਕਾਂ ਨੂੰ ਗੁਲਾਮ ਬਣਾ ਕੇ ਕੰਮ ਕਰਾਉਣ ਦਾ ਦੋਸ਼ ਲਗਾ ਰਹੀ ਹੈ। ਔਰਤ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸਨੂੰ ਮੰਗਲਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਪਹਿਲੀ ਵਾਰ ਸੀ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਉਸਨੇ ਕਿਹਾ ਕਿ ਪੁਲਿਸ ਦੇ ਸਾਰੇ ਦੋਸ਼ ਝੂਠੇ ਹਨ। ਗੈਬਰਾਇਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਪੁਲਿਸ ਜਿਨ੍ਹਾਂ 'ਤੇ ਗੈਂਗ ਲਈ ਕੰਮ ਕਰਨ ਦਾ ਦੋਸ਼ ਲਗਾ ਰਹੀ ਹੈ ਉਹ ਅਸਲ 'ਚ ਰੋਮਾਨੀਅਨ ਕੰਸਟਕ੍ਰਸ਼ਨ ਲਈ ਕੰਮ ਕਰਦੇ ਹਨ।

ਜਿਹੜੇ ਕਿ 130 ਪਾਉਂਡ ਪ੍ਰਤੀ ਦਿਨ ਕਮਾ ਰਹੇ ਹਨ। ਉਸ ਨੇ ਕਿਹਾ ਕਿ ਸਾਡੇ ਟੀਮ ਦੇ 8 ਮੈਂਬਰ ਹਨ ਜਿਹੜੇ ਕਿ ਕੰਸਟਕ੍ਰਸ਼ਨ ਦਾ ਕੰਮ ਕਰਦੇ ਹਨ। ਜਿਨ੍ਹਾਂ 'ਚ ਕਈ ਮਿਸਤਰੀ ਅਤੇ ਮਜ਼ਦੂਰ ਹਨ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਫਾਰਮ ਹਾਊਸ 'ਚ ਹੀ ਰਹਿੰਦੇ ਹਨ ਅਤੇ ਇਥੋਂ ਹੀ ਇਕ ਟਰੱਕ 'ਚ ਕੰਮ ਲਈ ਜਾਂਦੇ ਹਨ।

ਗੈਬਰਾਇਲਾ ਦੇ ਪ੍ਰੇਮੀ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਦੋਸਤ ਲਿਓਗੀ ਮਿਸਤਰੀ ਹਨ ਅਤੇ ਇੰਗਲੈਂਡ 'ਚ ਲੋਕਾਂ ਲਈ ਘਰ ਬਣਾਉਣ ਦਾ ਕੰਮ ਕਰਦੇ ਹਨ। ਪੁਲਿਸ ਨੇ ਦੱਸਿਆ ਕਿ ਬੰਗਲੇ ਦਾ ਮਾਲਕ, ਸਿੱਖ ਵਿਅਕਤੀ ਜੋ ਕਿ ਏਅਰਪੋਰਟ ਕਾਰ ਪਾਰਕਿੰਗ ਦਾ ਕੰਮ ਕਰਦਾ ਹੈ ਉਸਨੂੰ ਹਲੇ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।