ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਮਾਓਰੀ ਮੂਲ ਦੀ ਪਤਨੀ ਨੂੰ ਦਿਤੀ 'ਕਮਿਊਨਿਟੀ ਸਪੋਰਟ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬੀਤੀ 7 ਜੁਲਾਈ ਨੂੰ ਟੌਰੰਗਾ ਨੇੜੇ ਲੁਧਿਆਣਾ ਦੇ ਇਕ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਜੱਬਲ (27) ਦੀ ਸੜਕ ਦੁਰਘਟਨਾ ਦੇ ਵਿਚ ਮੌਤ ਹੋ ਗਈ ਸੀ.............

'Community Support' given to Maori's, wife of deceased Punjabi youth in accident

ਆਕਲੈਂਡ : ਬੀਤੀ 7 ਜੁਲਾਈ ਨੂੰ ਟੌਰੰਗਾ ਨੇੜੇ ਲੁਧਿਆਣਾ ਦੇ ਇਕ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਜੱਬਲ (27) ਦੀ ਸੜਕ ਦੁਰਘਟਨਾ ਦੇ ਵਿਚ ਮੌਤ ਹੋ ਗਈ ਸੀ ਅਤੇ ਉਸਦੀ ਮਾਓਰੀ ਮੂਲ ਦੀ ਪਤਨੀ ' ਸਰਾਇਆ' ਜੋ ਕਿ ਗਰਭਵਤੀ ਹੈ, ਕਾਫੀ ਪ੍ਰੇਸ਼ਾਨੀ ਦੀ ਹਾਲਤ ਵਿਚ ਚੱਲ ਰਹੀ ਸੀ।  ਭਾਵੇਂ ਉਸਨੂੰ ਪਰਿਵਾਰ ਪੱਖੋਂ ਕਾਫੀ ਮਦਦ ਸੀ ਪਰ ਆਰਥਿਕ ਹਾਲਤ ਵਧੀਆ ਨਾ ਹੋਣ ਕਰਕੇ ਜਿੱਥੇ ਪਹਿਲਾਂ ਪਰਮਿੰਦਰ ਸਿੰਘ ਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਵਾਸਤੇ ਭਾਈਚਾਰੇ ਨੇ ਭਰਵਾਂ ਸਹਿਯੋਗ ਦਿਤਾ ਉਥੇ ਉਸਦੀ ਆਰਥਿਕ ਮਦਦ ਵਾਸਤੇ ਵੀ ਪੈਸੇ ਇਕੱਠੇ ਕੀਤੇ ਸਨ।

ਅੱਜ ਇਨ੍ਹਾਂ ਪੈਸਿਆਂ ਦੇ ਵਿਚੋਂ ਇਸ ਪਰਿਵਾਰ ਨੂੰ ਘਰ ਦੇ ਲਈ ਲੋੜੀਂਦਾ ਸਮਾਨ ਪੁੱਜਦਾ ਕੀਤਾ ਗਿਆ ਜਿਸ ਦੇ ਵਿਚ ਕਾਰ, ਦੋ ਬੈਡ, ਸੋਫਾ ਸੈਟ, ਮਾਈਕ੍ਰੋਵੇਵ, ਰਾਈਸ ਕੁਕੱਰ, ਕੰਬਲ, ਚਾਦਰਾਂ ਅਤੇ ਹੋਰ ਸਾਮਾਨ। ਇਸ ਤੋਂ ਇਲਾਵਾ 1100 ਡਾਲਰ ਵੀ ਦਿੱਤਾ ਗਿਆ।  ਅੱਜ ਇਕ ਸਾਦਾ ਸਮਾਗਮ ਸਰਾਇਆ ਦੇ ਪਰਿਵਾਰ ਵੱਲੋਂ ਉਸਦੇ ਘਰ ਦੇ ਵਿਚ ਰੱਖਿਆ ਗਿਆ। ਪੰਜਾਬੀ ਸੂਟ ਦੇ ਵਿਚ ਸਰਾਇਆ ਨੇ ਆਕਲੈਂਡ ਤੋਂ ਪੁੱਜੇ ਭਾਈਚਾਰੇ ਦੇ ਲੋਕਾਂ ਦਾ ਸਵਾਗਤ ਕੀਤਾ। ਇਹ ਸੂਟ ਉਸਨੂੰ ਉਸਦੇ ਪਤੀ ਅਤੇ ਉਸਦੇ ਪਰਿਵਾਰ ਵੱਲੋਂ ਕਿਸੇ ਵੇਲੇ ਭੇਜੇ ਹੋਏ ਸਨ। ਉਸਦੀ ਮਾਂ, ਪਿਤਾ, ਭਰਾ ਅਤੇ ਭੈਣ ਸਾਰੇ ਇਸ ਮੌਕੇ ਬੜੀ ਉਤਸੁਕਤਾ ਦੇ ਨਾਲ ਖੜ੍ਹੇ ਸਨ।

ਪਰਿਵਾਰ ਨੂੰ ਜਦੋਂ ਸਾਰਾ ਲੋੜੀਂਦਾ ਸਮਾਨ ਭੇਟ ਕੀਤਾ ਗਿਆ ਤਾਂ ਸਾਰਿਆਂ ਦੀਆਂ ਅੱਖਾਂ ਦੇ ਵਿਚੋਂ ਅਥਰੂ ਵਗ ਤੁਰੇ। ਉਸਦੇ ਭਰਾਵਾਂ ਨੇ ਆਪਣੇ ਸਿਰ ਉਤੇ ਦਸਤਾਰਾਂ ਸਜਾ ਕੇ ਖੁਸ਼ੀ ਮਹਿਸੂਸ ਕੀਤੀ। ਪਰਿਵਾਰ ਦੇ ਸਹਿਯੋਗ ਨਾਲ ਇਸ ਸਾਦੇ ਸਮਾਗਮ ਵਿਚ ਚਾਹ ਅਤੇ ਸਨੈਕਸ ਦਾ  ਪ੍ਰਬੰਧ ਵੀ ਕੀਤਾ ਗਿਆ ਸੀ। ਰੋਟੋਰੂਆ ਪੁਲਿਸ ਤੋਂ ਸ਼ਮਿੰਦਰ ਸਿੰਘ ਸ਼ੰਮੀ ਸ਼ਾਮਿਲ ਹੋਏ

ਜਦ ਕਿ ਮਾਓਰੀ ਭਾਈਚਾਰੇ ਤੋਂ ਅਰਦਾਸ ਕਰਨ ਵਾਸਤੇ ਮਾਓਰੀ ਲੀਡਰ ਅਤੇ ਗੁਰਦੁਆਰਾ ਸਾਹਿਬ ਰੋਟੋਰੂਆ ਤੋਂ ਸ. ਹਰਪ੍ਰੀਤ ਸਿੰਘ ਪਹੁੰਚੇ। ਆਕਲੈਂਡ ਤੋਂ ਸ. ਖੜਗ ਸਿੰਘ, ਸ. ਨਿਰਮਲਜੀਤ ਸਿੰਘ ਭੱਟੀ, ਸ. ਕੁਲਦੀਪ ਸਿੰਘ, ਸ. ਹਰਪਾਲ ਸਿੰਘ ਲੋਹੀ, ਸ. ਮੰਦੀਪ ਸਿੰਘ, ਸ. ਰਵਿੰਦਰ ਸਿੰਘ, ਇਹ ਪੱਤਰਕਾਰ ਅਤੇ ਰੋਟੋਰੂਆ ਤੋਂ ਸ੍ਰੀ ਰਾਜੀਵ ਬਾਜਵਾ ਤੇ ਰੇਸ਼ਮ ਸਿੰਘ  ਸ਼ਾਮਿਲ ਹੋਏ ।