ਕੈਨੇਡਾ ਦੀ ਪੰਜਾਬਣ ਪਹਿਲਵਾਨ ਨੇ ਪੈਨ-ਅਮਰੀਕਨ ਰੈਸਲਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
73 ਕਿਲੋ ਵਰਗ ਵਿਚ ਮੈਕਸੀਕੋ ਦੀ ਐਡਨਾ ਜਮੇਨਜ਼ ਵਿਲਲਥਾ ਨੂੰ ਹਰਾ ਕੇ ਹਾਸਲ ਕੀਤਾ ਪਹਿਲਾ ਸਥਾਨ
Rupinder Kaur Johal
ਟੋਰਾਂਟੋ: ਪੈਨ ਅਮਰੀਕਨ ਅੰਡਰ-17 ਰੈਸਲਿੰਗ ਚੈਂਪੀਅਨਸ਼ਿਪ 2022 ਵਿਚ ਐਬਟਸਫੋਰਡ ਦੇ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਦੀ ਪਹਿਲਵਾਨ ਰੁਪਿੰਦਰ ਕੌਰ ਜੌਹਲ ਨੇ 73 ਕਿਲੋ ਵਰਗ ਵਿਚ ਸੋਨ ਤਮਗਾ ਜਿੱਤ ਕੇ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਇਹ ਚੈਂਪੀਅਨਸ਼ਿਪ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿਖੇ ਆਯੋਜਤ ਕੀਤੀ ਗਈ।
ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਮੰਡਿਆਣੀ ਨਾਲ ਸਬੰਧ ਰੱਖਣ ਵਾਲੀ ਰੁਪਿੰਦਰ ਕੌਰ ਨੇ ਮੈਕਸੀਕੋ ਦੀ ਪਹਿਲਵਾਨ ਐਡਨਾ ਜਮੇਨਜ਼ ਵਿਲਲਥਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬਣ ਪਹਿਲਵਾਨ ਨੂੰ ਇਸ ਪ੍ਰਾਪਤੀ ਲਈ ਪੈਨ-ਅਮਰੀਕਨ ਖੇਡ ਕਮੇਟੀ ਵੱਲੋਂ ‘ਬੈਸਟ ਰੈਸਲਰ’ ਦਾ ਖਿਤਾਬ ਵੀ ਦਿੱਤਾ ਗਿਆ। ਬਲਰਾਜ ਸਿੰਘ ਦੀ ਧੀ ਐਬਟਸਫੋਰਡ ਦੇ ਰੌਬਰਟ ਵੇਟਮੈਨ ਸਕੂਲ ਵਿਚ 11ਵੀਂ ਜਮਾਤ ਦੀ ਵਿਦਿਆਰਥਣ ਹੈ। ਦੱਸ ਦੇਈਏ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ਵਿਚ 16 ਦੇਸ਼ਾਂ ਦੀਆਂ ਲੜਕੀਆਂ ਨੇ ਹਿੱਸਾ ਲਿਆ ਸੀ।