ਕ੍ਰਾਈਸਟਚਰਚ ਮਸਜਿਦ ਹਮਲੇ ਦੇ ਪੀੜਤਾਂ ਲਈ ਸਿੱਖ ਭਾਈਚਾਰੇ ਨੇ ਦਾਨ ਕੀਤੇ 60,000 ਡਾਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕ੍ਰਾਈਸਟਚਰਚ ਵਿਖੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਪੀੜਤਾਂ ਦੀ ਮਦਦ ਕੀਤੀ ਗਈ

Sikh community

ਨਿਊਜ਼ੀਲੈਂਡ: ਕਰੀਬ ਚਾਰ ਹਫਤੇ ਪਹਿਲਾਂ 15 ਮਾਰਚ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਇਕ ਮਸਜਿਦ ਵਿਚ ਇਕ ਆਸਟ੍ਰੇਲੀਅਨ ਹਮਲਾਵਰ ਨੇ ਗੋਲੀਆਂ ਮਾਰ ਕੇ 50 ਲੋਕਾਂ ਦੀ ਹੱਤਿਆ ਕਰ ਦਿਤੀ ਸੀ। ਕ੍ਰਾਈਸਟਚਰਚ ਵਿਖੇ ਹੋਏ ਇਸ ਅਤਿਵਾਦੀ ਹਮਲੇ ਤੋਂ ਬਾਅਦ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਹੱਥ ਵਧਾਏ ਗਏ। ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਵੀ ਪੀੜਤਾਂ ਦੀ ਮਦਦ ਕੀਤੀ ਗਈ। 

ਸਿੱਖ ਭਾਈਚਾਰੇ ਨੇ ਇਸ ਹਮਲੇ ਦੇ ਪੀੜਤਾਂ ਦੀ ਮਦਦ ਲਈ ਇਕੱਠੇ ਹੋ ਕੇ ਫੇਸਬੁੱਕ ਰਾਹੀਂ 60,000 ਡਾਲਰ ਤੋਂ ਜ਼ਿਆਦਾ ਰਕਮ ਇੱਕਠੀ ਕੀਤੀ। ਇਸ ਕੰਮ ਦੀ ਸ਼ੁਰੂਆਤ 16 ਮਾਰਚ ਨੂੰ ਸਿੱਖ ਸੁਪਰੀਮ ਸੁਸਾਇਟੀ ਦੀ ਮਦਦ ਨਾਲ ਔਕਲੈਂਡ ਵਾਸੀ ਜਸਪ੍ਰੀਤ ਸਿੰਘ ਵੱਲੋਂ ਕੀਤੀ ਗਈ ਜਸਪ੍ਰੀਤ ਸਿੰਘ ਨੇ ਫੇਸਬੁੱਕ ਰਾਹੀਂ ਕ੍ਰਾਈਸਟਚਰਚ ਮਸਜਿਦ ਹਮਲੇ ਦੇ ਪੀੜਤਾਂ ਦੀ ਮਦਦ ਲ਼ਈ ਸਥਾਨਕ ਭਾਈਚਾਰੇ ਨੂੰ ਅਪੀਲ ਕੀਤੀ ਸੀ। ਉਹਨਾਂ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਅਸੀਂ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਕੇ ਉਹਨਾਂ ਦਾ ਦੁੱਖ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਪੰਜ ਦਿਨਾਂ ਵਿਚ ਹੀ 60,458 ਡਾਲਰ ਇਕੱਠੇ ਕੀਤੇ ਗਏ ਜਦਕਿ ਉਹਨਾਂ ਨੇ ਸ਼ੁਰੂਆਤ ਵਿਚ 50,000 ਡਾਲਕ ਹੀ ਇਕੱਠੇ ਕਰਨ ਬਾਰੇ ਹੀ ਸੋਚਿਆ ਸੀ।  ਉਹਨਾਂ ਨੇ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਕੱਠਾ ਕੀਤਾ ਗਿਆ ਫੰਡ ਫੈਡਰੇਸ਼ਨ ਆਫ ਇਸਲਾਮਿਕ ਐਸੋਸੀਏਸ਼ਨ ਆਫ ਨਿਊਜ਼ੀਲੈਂਡ (Federation of the Islamic Associations of New Zealand) ਦੀ ਮਦਦ ਨਾਲ ਪੀੜਤਾਂ ਦੇ ਪਰਿਵਾਰਾਂ ਵਿਚ ਵੰਡਿਆ ਜਾਵੇਗਾ, ਤਾਂ ਜੋ ਉਹਨਾਂ ਨੂੰ ਲੰਬੇ ਸਮੇਂ ਲਈ ਇਸ ਦਾ ਫਾਇਦਾ ਹੋ ਸਕੇ।

ਉਹਨਾਂ ਨੇ ਕਿਹਾ ਕਿ ਇਕੱਠਾ ਕੀਤਾ ਗਿਆ ਫੰਡ ਫੇਸਬੁੱਕ ਦਾ ਟੈਕਸ ਕੱਟਣ ਤੋਂ ਬਾਅਦ ਸੁਪਰੀਮ ਸਿੱਖ ਸੁਸਾਇਟੀ ਨੂੰ ਸੌਂਪ ਦਿੱਤਾ ਜਾਵੇਗਾ।  ਇਸ ਸਬੰਧ ਵਿਚ ਸੁਪਰੀਮ ਸਿੱਖ ਸੁਸਾਇਟੀ ਦੇ ਦਲਜੀਤ ਸਿੰਘ FIANZ ਨਾਲ ਸੰਪਰਕ ਵਿਚ ਹਨ। ਉਹਨਾਂ ਕਿਹਾ ਕਿ ਇਸ ਫੰਡ ਨੂੰ ਪੀੜਤਾਂ ਤੱਕ ਪਹੁੰਚਾਉਣ ਲਈ ਅਸੀਂ ਪੁਲਿਸ ਅਤੇ FIANZ ਨਾਲ ਸੰਪਰਕ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ‘ਇਹ ਸਭ ਭਾਈਚਾਰੇ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ, ਇਸ ਲਈ ਅਸੀਂ ਸਮੂਹ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਵੀ ਇਕੱਠੇ ਖੜਾਂਗੇ।‘