ਅਮਰੀਕੀ ਸਿੱਖ ਨੌਜਵਾਨ ਨੂੰ ਪੱਗ ਕਾਰਨ ਨਹੀਂ ਮਿਲੀ ਰੈਸਟੋਰੈਂਟ ਵਿਚ ਦਾਖਿਲ ਹੋਣ ਦੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸ਼ਨੀਵਾਰ ਨੂੰ ਗੁਰਵਿੰਦਰ ਗਰੇਵਾਲ ਨਾਂਅ ਦੇ ਸਿੱਖ ਨੌਜਵਾਨ ਨੂੰ ਪੋਰਟ ਜੈਫਰਸਨ ਨਿਊਯਾਰਕ ਦੇ ਹਾਰਬਰ ਗ੍ਰਿਲ ਵਿਚ ਦਾਖਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ।

Bar Denies Sikh customer

ਸ਼ਨੀਵਾਰ ਨੂੰ ਗੁਰਵਿੰਦਰ ਗਰੇਵਾਲ ਨਾਂਅ ਦੇ ਸਿੱਖ ਨੌਜਵਾਨ ਨੂੰ ਡਰੈੱਸ ਕੋਡ ਦੀ ਉਲੰਘਣਾ ਕਰਨ ਲਈ ਪੋਰਟ ਜੈਫਰਸਨ ਨਿਊਯਾਰਕ ਦੇ ਹਾਰਬਰ ਗ੍ਰਿਲ ਵਿਚ ਦਾਖਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਕਿਉਂਕਿ ਉਸ ਦੇ ਸਿਰ ‘ਤੇ ਸਿੱਖਾਂ ਦਾ ਪਹਿਰਾਵਾ ਪੱਗ ਬੰਨੀ ਹੋਈ ਸੀ। ਗੁਰਵਿੰਦਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਸੰਸਥਾਵਾਂ ਵੱਲੋਂ ਸਿੱਖਾਂ ਨੂੰ ਪੱਗ ਬੰਨਣ ਦੀ ਛੁੱਟ ਦਿੱਤੀ ਗਈ ਹੈ ਪਰ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਹਾਲੇ ਵੀ ਕਈ ਭਾਈਚਾਰਿਆਂ ਵਿਚ ਅਜਿਹੀਆਂ ਘਟਨਾਵਾਂ ਜਾਰੀ ਹੈ।

ਸਟੋਨੀ ਬਰੁੱਕ ਯੂਨੀਵਰਸਿਟੀ ਤੋਂ ਗ੍ਰੈਜੁਏਟ ਅਤੇ ਲੇਖਕ 23 ਸਾਲਾਂ ਗੁਰਵਿੰਦਰ ਨੇ ਕਿਹਾ ਕਿ ਹਾਰਬਰ ਗ੍ਰਿਲ ਇਕ ਸਮਾਂ ਬਿਤਾਉਣ ਵਾਲੀ ਪ੍ਰਸਿੱਧ ਥਾਂ ਹੈ, ਜਿੱਥੇ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਪੱਗ ਬੰਨ ਕੇ ਗਿਆ ਹੈ। ਪਰ ਇਸ ਵਾਰ ਉਥੋਂ ਦੇ ਕਰਮਚਾਰੀਆਂ ਨੇ ਕਿਹਾ ਕਿ ਇਹ ਉਹਨਾਂ ਦੀ ਨਵੀਂ ਨੀਤੀ ਹੈ। ਗੁਰਵਿੰਦਰ ਨੇ ਕਿਹਾ ਕਿ ਜਦੋਂ ਉਹ ਅਪਣੇ ਦੋਸਤਾਂ ਨਾਲ ਆਏ ਤਾਂ ਇਕ ਸੁਰੱਖਿਆ ਗਾਰਡ ਅਤੇ ਇਕ ਪ੍ਰਬੰਧਕ ਬਾਹਰ ਜਾਂਚ ਕਰ ਰਹੇ ਸਨ ਅਤੇ ਉਹਨਾਂ ਨੇ ਕਥਿਤ ਤੌਰ ‘ਤੇ ਕਿਹਾ ਕਿ ਮਾਫ ਕਰਨਾ, ਅਸੀਂ ਤੁਹਾਨੂੰ ਸਿਰ ਢਕਣ ਦੀ ਇਜਾਜ਼ਤ ਨਹੀਂ ਦੇ ਸਕਦੇ।

ਇਸ ਤੋਂ ਬਾਅਦ ਗੁਰਵਿੰਦਰ ਨੇ ਪ੍ਰਬੰਧਕ ਨੂੰ ਕਿਹਾ ਕਿ ਪੱਗ ਉਹਨਾਂ ਦਾ ਧਾਰਮਿਕ ਪਹਿਰਾਵਾ ਹੈ। ਉਸ ਤੋਂ ਬਾਅਦ ਪ੍ਰਬੰਧਕ ਨੇ ਕਿਹਾ ਕਿ ਜੇਕਰ ਸੀਸੀਟੀਵੀ ਕੈਮਰਿਆਂ ਵਿਚ ਮਾਲਕ ਨੇ ਉਹਨਾਂ ਨੂੰ ਦੇਖਿਆ ਤਾਂ ਇਹ ਉਹਨਾਂ ਲਈ ਮੁਸੀਬਤ ਹੋ ਸਕਦੀ ਹੈ। ਗੁਰਵਿੰਦਰ ਨੇ ਕਿਹਾ ਕਿ ਉਸ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਉਹ ਵਾਪਿਸ ਆ ਗਏ।

ਉਸ ਤੋਂ ਬਾਅਦ ਉਸੇ ਲਾਈਨ ਵਿਚ ਖੜੀ ਇਕ ਕੁੜੀ ਨੇ ਅਪਣੀ ਸਨੈਪਚੈਟ ਪੋਸਟ ਨੂੰ ਰੈਸਟੋਰੈਂਟ ਦੇ ਫੇਸਬੁੱਕ ਪੇਜ ‘ਤੇ ਪੋਸਟ ਕਰਦਿਆਂ ਕਿਹਾ ਕਿ ਉਸ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਪੋਰਟ ਜੈਫਰਸਨ ਇਕ ਅਜਿਹਾ ਸ਼ਹਿਰ ਹੈ ਜਿੱਥੇ ਸਾਰੀਆਂ ਨਸਲਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਇਕ ਦੂਜੇ ਬਾਰੇ ਜਾਣਦੇ ਹਨ। ਉਸਨੇ ਬਾਅਦ ਵਿਚ ਪੋਸਟ ਹਟਾ ਦਿੱਤੀ ਸੀ।

ਰੈਸਟੋਰੈਂਟ ਨੇ ਜਵਾਬ ਜਾਰੀ ਕਰਦਿਆਂ ਲਿਖਿਆ ਸੀ ਕਿ ਹਾਰਬਰ ਗ੍ਰਿਲ ਕਿਸੇ ਨਾਲ ਵੀ ਰੰਗ ਅਤੇ ਨਸਲ ਦੇ ਅਧਾਰ ‘ਤੇ ਭੇਦਭਾਵ ਨਹੀਂ ਕਰਦੀ। ਉਹਨਾਂ ਲਿਖਿਆ ਕਿ ਉਹ ਇਸ ਘਟਨਾ ਲਈ ਮੁਆਫੀ ਮੰਗਦੇ ਹਨ। ਉਹਨਾਂ ਕਿਹਾ ਕਿ ਕਿਰਪਾ ਕਰਕੇ ਜਾਣ ਲਓ ਕਿ ਉਹਨਾਂ ਦਾ ਇਹ ਹਫਤਾਵਾਰੀ ਪਹਿਰਾਵਾ ਉਹਨਾਂ ਦੇ ਸਰਪ੍ਰਸਤਾਂ ਦੀ ਸੁਰੱਖਿਆ ਲਈ ਹੈ। ਉਹਨਾਂ ਕਿਹਾ ਕਿ ਆਮ ਦਿਨਾਂ ਵਿਚ ਕੋਈ ਕਿਸੇ ਵੀ ਤਰ੍ਹਾਂ ਸਿਰ ਢੱਕ ਕਿ ਰੈਸਟੋਰੈਂਟ ਵਿਚ ਆ ਜਾ ਸਕਦਾ ਹੈ ਪਰ ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤ ਨੂੰ 10 ਵਜੇ ਤੋਂ ਬਾਅਦ ਉਹ ਕਿਸੇ ਨੂੰ ਵੀ ਸਿਰ ‘ਤੇ ਕੁੱਝ ਬੰਨਣ ਦੀ ਇਜਾਜ਼ਤ ਨਹੀਂ ਦਿੰਦੇ। ਉਹਨਾਂ ਕਿਹਾ ਕਿ ਇਹ ਯੋਜਨਾ ਸਾਰਿਆਂ ਲਈ ਲਾਗੂ ਹੁੰਦੀ ਹੈ। ਬਾਅਦ ਵਿਚ ਉਹਨਾਂ ਨੇ ਵੀ ਫੇਸਬੁੱਕ ਪੋਸਟ ਹਟਾ ਦਿੱਤੀ।

ਗੁਰਵਿੰਦਰ ਨੇ ਕਿਹਾ ਕਿ ਜਦੋਂ ਪੋਰਟ ਜੈਫਰਸਨ ਦੀ ਮੇਅਰ ਸੈਰਗੋਟ ਗੈਰੈਂਟ ਨੇ ਇਸ ਸਬੰਧੀ ਪੋਸਟ ਨੂੰ ਫੇਸਬੁੱਕ ‘ਤੇ ਪੜ੍ਹਿਆ ਤਾਂ ਉਹਨਾਂ ਨੇ ਅਪਣੀ ਚਿੰਤਾ ਵਿਅਕਤ ਕੀਤੀ। ਇਸ ਸਬੰਧੀ ਉਹਨਾਂ ਨੇ ਗੁਰਵਿੰਦਰ ਨਾਲ ਗੱਲ ਵੀ ਕੀਤੀ ਅਤੇ ਉਹਨਾਂ ਨੇ ਉਸ ਨੂੰ ਅਪਣਾ ਸਹਿਯੋਗ ਦਿੱਤਾ। ਗੁਰਵਿੰਦਰ ਨੇ ਕਿਹਾ ਕਿ ਉਸਦੇ ਧਰਮ ਨੂੰ ਨਿਭਾਉਣ ਵਿਚ ਰੁਕਾਵਟ ਪੈਦਾ ਕੀਤੀ ਗਈ।