ਰੈੱਡ ਬਬਲ' ਕੰਪਨੀ ਵਲੋਂ ਸਿੱਖ ਭਾਵਨਾਵਾਂ ਨਾਲ ਖਿਲਵਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਮਾਜ਼ੋਨ ਫਲਿਪਕਾਰਟ ਤੋਂ ਬਾਅਦ ਹੁਣ ਇਕ ਹੋਰ ਆਨਲਾਈਨ ਸ਼ਾਪਿੰਗ ਵੈਬਸਾਈਟ 'ਰੈੱਡ–ਬਬਲ' ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਬਜ਼ਰ ਗੁਸਤਾਖ਼ੀ ਕੀਤੀ ਹੈ।

Red Bubble hurts Sikh sentiments

ਐਮਾਜ਼ੋਨ ਫਲਿਪਕਾਰਟ ਤੋਂ ਬਾਅਦ ਹੁਣ ਇਕ ਹੋਰ ਆਨਲਾਈਨ ਸ਼ਾਪਿੰਗ ਵੈਬਸਾਈਟ 'ਰੈੱਡ–ਬਬਲ' ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਬਜ਼ਰ ਗੁਸਤਾਖ਼ੀ ਕੀਤੀ ਹੈ। ਜਿਸ ਨਾਲ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਰਅਸਲ 'ਰੈੱਡ ਬਬਲ' ਵਲੋਂ 'ਇੱਕ ਓਅੰਕਾਰ', ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਿੰਟ ਵਾਲੇ ਔਰਤਾਂ ਦੇ ਰੈਡੀਮੇਡ ਕੱਪੜੇ ਵੇਚੇ ਜਾ ਰਹੇ ਹਨ ਜੋ ਕਿ ਸਿੱਖ ਮਰਿਆਦਾ ਦੀ ਉਲੰਘਣਾ ਹੈ।

ਇਸੇ ਨਹੀਂ ਕੰਪਨੀ ਵਲੋਂ ਹੋਰ ਸਿੱਖ ਧਾਰਮਿਕ ਚਿੰਨ੍ਹਾਂ ਵਾਲੇ ਕੱਪੜਿਆਂ ਦੀ ਵੀ ਸੇਲ ਕੀਤੀ ਜਾ ਰਹੀ ਹੈ। ਔਰਤਾਂ ਦੇ ਇਕ ਓਂਕਾਰ ਪ੍ਰਿੰਟ ਵਾਲੇ ਕੱਪੜਿਆਂ ਤੋਂ ਇਲਾਵਾ ਕੰਪਨੀ ਵਲੋਂ ਖੰਡੇ ਦੇ ਪ੍ਰਿੰਟ ਵਾਲੇ ਕੱਪੜੇ,  ਬਾਬਾ ਦੀਪ ਸਿੰਘ ਦੇ ਪ੍ਰਿੰਟ ਵਾਲੇ ਔਰਤਾਂ ਦੇ ਕੱਪੜਿਆਂ ਦੇ ਨਾਲ ਨਾਲ ਸਿੱਖੀ ਨਾਲ ਜੁੜੇ ਹੋਰ ਪ੍ਰਿੰਟਡ ਕੱਪੜਿਆਂ ਦੀ ਸੇਲ ਕੀਤੀ ਜਾ ਰਹੀ ਹੈ। ਕੰਪਨੀ ਵੱਲੋਂ ਔਰਤਾਂ ਦੇ ਕੱਪੜਿਆਂ ਤੋਂ ਇਲਾਵਾ ਇਸ ਤਰ੍ਹਾਂ ਦੇ ਪ੍ਰਿੰਟ ਵਾਲੇ ਸਰਾਹਣੇ ਅਤੇ ਚਾਦਰਾਂ ਦੀ ਵੀ  ਵਿਕਰੀ ਕੀਤੀ ਜਾ ਰਹੀ ਹੈ।

ਆਨਲਾਈਨ ਸ਼ਾਪਿੰਗ ਵੈਬਸਾਈਟ 'ਰੈੱਡ ਬਬਲ' ਵਲੋਂ ਕੀਤੀ ਜਾ ਰਹੀ ਇਸ ਹਰਕਤ 'ਤੇ ਸ਼੍ਰੋਮਣੀ ਕਮੇਟੀ ਨੇ ਵੀ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੈੱਬਸਾਈਟ ਦੀ ਹਰਕਤ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਕਾਰਵਾਈ ਕਰਾਰ ਦਿੰਦਿਆਂ ਆਖਿਆ ਕਿ ਕੰਪਨੀ ਦੀ ਇਹ ਹਰਕਤ ਸਿੱਖੀ ਸਿਧਾਂਤਾਂ ਅਤੇ ਰਵਾਇਤਾਂ ਨੂੰ ਢਾਹ ਲਗਾਉਣ ਵਾਲੀ ਹੈ। ਜਿਸ ਨਾਲ ਸਿੱਖ ਜਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਕਾਰਵਾਈ ਕੀਤੀ ਗਈ ਹੈ।

ਦਸ ਦਈਏ ਕਿ ਕਿਸੇ ਆਨਲਾਈਨ ਸ਼ਾਪਿੰਗ ਕੰਪਨੀ ਵਲੋਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਅਜਿਹੀ ਮੰਦਭਾਗੀ ਹਰਕਤ ਨੂੰ ਅੰਜ਼ਾਮ ਦੇ ਚੁੱਕੀਆਂ ਹਨ ਜੋ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਮਗਰੋਂ ਮੁਆਫ਼ੀ ਵੀ ਮੰਗ ਚੁੱਕੀਆਂ ਹਨ।