FBI ਜਾਂਚ ਰਿਪੋਰਟ ਦਾ ਦਾਅਵਾ, US ਵਿਚ ਵੱਡੀ ਗਿਣਤੀ ’ਚ ਸਿੱਖ ਬਣ ਰਹੇ ਨਸਲੀ ਨਫ਼ਰਤ ਦਾ ਸ਼ਿਕਾਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕਾ ਵਿਚ ਸਿੱਖਾਂ ਨੂੰ ਹੰਢਾਉਣਾ ਪੈ ਰਿਹਾ ਭਾਰੀ ਸੰਤਾਪ

Sikhs among most targeted group in us

ਵਾਸ਼ਿੰਗਟਨ: ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ 'ਚ ਬੀਤੇ ਦਿਨੀਂ ਇਕ ਫ਼ੈਡਐਕਸ ਕੇਂਦਰ ਵਿਚ ਹੋਈ ਗੋਲੀਬਾਰੀ ਦੌਰਾਨ ਅੱਠ ਲੋਕ ਮਾਰੇ ਗਏ। ਇਹਨਾਂ ਵਿਚ ਚਾਰ ਲੋਕ ਸਥਾਨਕ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ। ਇਸ ਤੋਂ ਬਾਅਦ ਪ੍ਰਭਾਵਸ਼ਾਲੀ ਅਮਰੀਕੀ ਸਾਂਸਦਾਂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਗੋਲੀਬਾਰੀ ਦੀ ਘਟਨਾ ਦੀ ਸੰਭਾਵਤ ਰੂਪ ਨਾਲ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਤੌਰ ’ਤੇ ਸਮੁੱਚੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।

ਕਮਿਊਨਿਟੀ ਕਾਰਕੁੰਨਾ ਦਾ ਕਹਿਣਾ ਹੈ ਕਿ ਐਫਬੀਆਈ ਜਾਂਚ ਰਿਪੋਰਟ ਦੇ ਅੰਕੜੇ ਦਰਸਾਉਂਦੇ ਹਨ ਕਿ ਅਮਰੀਕਾ ਵਿਚ ਸਿੱਖ ਭਾਈਚਾਰਾ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾਣ ਵਾਲਾ ਧਾਰਮਿਕ ਸਮੂਹ ਹੈ। ਉਹਨਾਂ ਨੇ ਸਟੈਨਫੋਰਡ ਇਨੋਵੇਸ਼ਨ ਲੈਬ ਅਤੇ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ ਦੀ ਅਗਵਾਈ ਹੇਠ 2013 ਦੇ ਅਧਿਐਨ ਦਾ ਹਵਾਲਾ ਦਿੱਤਾ ਜਿਸ ਵਿਚ 70% ਅਮਰੀਕੀ ਸਿੱਖ ਨੂੰ ਗਲਤ ਨਜ਼ਰੀਏ ਨਾਲ ਦੇਖਦੇ ਅਤੇ ਸਿੱਖ ਨੂੰ ਮੁਸਲਿਮ ਸਮਝਿਆ ਜਾਂਦਾ ਹੈ।

ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅੱਠ ਲੋਕਾਂ ਦੀ ਹੱਤਿਆ ਕਰਨ ਵਾਲੇ ਨੌਜਵਾਨ ਬਰੈਂਡਨ ਹੋਲ ਨੇ ਵਿਸ਼ੇਸ਼ ਤੌਰ 'ਤੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਸੀ। ਐਫਬੀਆਈ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 2018 ਦੇ ਅੰਕੜੇ ਦਰਸਾਉਂਦੇ ਹਨ ਕਿ ਧਰਮ ਦੇ ਅਧਾਰ ’ਤੇ ਨਫ਼ਰਤ ਸਬੰਧੀ ਅਪਰਾਧਾਂ ਦੇ ਮਾਮਲਿਆਂ ਵਿਚ ਯਹੂਦੀਆਂ ’ਤੇ 835, ਮੁਸਲਮਾਨਾਂ ’ਤੇ 188  ਅਤੇ ਸਿੱਖਾਂ ’ਤੇ 60 ਹਮਲੇ ਦਰਜ ਕੀਤੇ ਗਏ ਸਨ।

ਅਮਰੀਕੀ ਜਾਂਚ ਏਜੰਸੀ ਐਫਬੀਆਈ ਵੱਲੋਂ ਜਾਰੀ ਰਿਪੋਰਟ ਅਨੁਸਾਰ 2017 ਦੌਰਾਨ ਅਮਰੀਕਾ ਵਿਚ ਨਸਲੀ ਨਫਰਤ ਨਾਲ ਸਬੰਧਤ ਅਪਰਾਧ ਦੀਆਂ 8,400 ਤੋਂ ਵੱਧ ਘਟਨਾਵਾਂ ਹੋਈਆਂ, ਜਿਨ੍ਹਾਂ ਵਿਚੋਂ 24 ਘਟਨਾਵਾਂ ਸਿੱਖਾਂ ਨਾਲ ਸਬੰਧਤ ਸਨ। 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਹੋਏ ਵੱਡੇ ਅਤਿਵਾਦੀ ਹਮਲੇ ਦੌਰਾਨ ਭਾਵੇਂ ਹਜ਼ਾਰਾਂ ਅਮਰੀਕੀ ਮਾਰੇ ਗਏ ਸਨ। ਪਰ ਇਸ ਹਮਲੇ ਦੇ ਮਗਰੋਂ ਅਮਰੀਕਾ ਵਿਚ ਵਸਦੇ ਸਿੱਖਾਂ ਨੂੰ ਭਾਰੀ ਸੰਤਾਪ ਹੰਢਾਉਣਾ ਪਿਆ ਕਿਉਂਕਿ ਬਹੁਤ ਸਾਰੇ ਸਿੱਖਾਂ ਨੂੰ ਮੁਸਲਿਮ ਸਮਝ ਕੇ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿਚ ਬਹੁਤ ਸਾਰੇ ਸਿੱਖਾਂ ਦੀਆਂ ਮੌਤਾਂ ਹੋਈਆਂ।

15 ਸਤੰਬਰ 2001 : ਹਮਲੇ ਦੇ ਮਹਿਜ਼ ਚਾਰ ਦਿਨ ਬਾਅਦ ਏਰੀਜ਼ੋਨਾ ਦੇ ਮੇਸਾ ਵਿਚ 49 ਸਾਲਾ ਸਿੱਖ ਬਲਬੀਰ ਸਿੰਘ ਸੋਢੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੋ ਅਪਣੇ ਗੈਸ ਸਟੇਸ਼ਨ ਦੇ ਬਾਹਰ ਖੜ੍ਹੇ ਸਨ। 9/11 ਹਮਲੇ ਮਗਰੋਂ ਮੁਸਲਮਾਨ ਸਮਝ ਕੇ ਕਿਸੇ ਸਿੱਖ ਦੀ ਕੀਤੀ ਗਈ ਇਹ ਪਹਿਲੀ ਹੱਤਿਆ ਸੀ।

18 ਨਵੰਬਰ 2001 : ਨਿਊਯਾਰਕ ਦੇ ਪਲੇਰਮੋ ਵਿਚ ਤਿੰਨ ਨਾਬਾਲਗ ਲੜਕਿਆਂ ਨੇ ਗੁਰਦੁਆਰਾ ਗੋਬਿੰਦ ਸਦਨ ਨੂੰ ਇਸ ਕਰਕੇ ਅੱਗ ਲਗਾ ਦਿੱਤੀ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਦਸਤਾਰ ਬੰਨ੍ਹਣ ਵਾਲਾ ਸਿੱਖ ਓਸਾਮਾ ਬਿਨ ਲਾਦੇਨ ਹੈ।

12 ਦਸੰਬਰ 2001 : ਲਾਸ ਏਂਜਲਸ ਵਿਚ ਦੁਕਾਨ ਦੇ ਇਕ ਮਾਲਕ ਸੁਰਿੰਦਰ ਸਿੰਘ ਨੂੰ ਉਹਨਾਂ ਦੇ ਸਟੋਰ ਵਿਚ ਦੋ ਵਿਅਕਤੀਆਂ ਨੇ ਕੁੱਟਿਆ ਅਤੇ ਉਹਨਾਂ ’ਤੇ ਓਸਾਮਾ ਬਿਨ ਲਾਦੇਨ ਹੋਣ ਦਾ ਦੋਸ਼ ਲਗਾਇਆ

6 ਅਗਸਤ 2002 : ਡੇਲੀ ਸਿਟੀ ਕੈਲੇਫੋਰਨੀਆ ਵਿਚ ਸੁਖਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜੋ ਪਹਿਲੀ ਘਟਨਾ ਦੌਰਾਨ ਮਾਰੇ ਗਏ ਬਲਬੀਰ ਸਿੰਘ ਸੋਢੀ ਦੇ ਭਰਾ ਸਨ।

20 ਮਈ 2003 : ਫਿਨੀਕਸ ਵਿਚ ਇਕ ਸਿੱਖ ਟਰੱਕ ਡਰਾਈਵਰ ਅਵਤਾਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਜੋ ਅਪਣੇ ਬੇਟੇ ਦਾ ਇੰਤਜ਼ਾਰ ਕਰ ਰਿਹਾ ਸੀ। ਗੋਲੀ ਲੱਗਣ ਮਗਰੋਂ ਉਸ ਨੂੰ ਇਹ ਵੀ ਕਿਹਾ ਗਿਆ ‘ਜਿੱਥੋਂ ਆਏ ਹੋ ਉਥੇ ਵਾਪਸ ਚਲੇ ਜਾਓ।’’

5 ਅਗਸਤ 2003 : ਨਿਊਯਾਰਕ ਦੇ ਕਵੀਂਸ ਵਿਚ ਇਕ ਸਿੱਖ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੇ ਵਿਚ ਧੁੱਤ ਵਿਅਕਤੀਆਂ ਨੇ ਉਹਨਾਂ ਦੇ ਘਰ ਦੇ ਬਾਹਰ ਕੁੱਟਿਆ ਅਤੇ ਕਿਹਾ ‘‘ਬਿਨ ਲਾਦੇਨ ਅਪਣੇ ਦੇਸ਼ ਵਾਪਸ ਜਾਓ।’’

25 ਸਤੰਬਰ 2003 : ਏਰੀਜ਼ੋਨਾ ਦੇ ਟੈਂਪ ਵਿਚ ਇਕ ਸਟੋਰ ਦੇ ਮਾਲਕ 33 ਸਾਲਾ ਸਿੱਖ ਸੁਖਬੀਰ ਸਿੰਘ ਨੂੰ ਚਾਕੂ ਮਾਰ ਦਿੱਤਾ ਗਿਆ।

13 ਮਾਰਚ 2004 : ਕੈਲੇਫੋਰਨੀਆ ਫ਼ਰਿਜ਼ਨੋ ਦੇ ਗੁਰਦੁਆਰਾ ਸਾਹਿਬ ’ਤੇ ਨਫ਼ਰਤ ਭਰੇ ਸੰਦੇਸ਼ ਲਿਖੇ ਮਿਲੇ ਜਿਸ ਵਿਚ ‘‘ਰੈਗਸ ਗੋ ਹੋਮ’’ ਅਤੇ ‘‘ਇਟਸ ਨਾਟ ਯੂਅਰ ਕੰਟਰੀ’’ ਲਿਖਿਆ ਹੋਇਆ ਸੀ।

11 ਜੁਲਾਈ 2004 : ਨਿਊਯਾਰਕ ਵਿਚ ਰਜਿੰਦਰ ਸਿੰਘ ਖ਼ਾਲਸਾ ਅਤੇ ਗੁਰਚਰਨ ਸਿੰਘ ਨੂੰ ਨਸ਼ੇ ਵਿਚ ਧੁੱਤ ਗੋਰੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਬੁਰੀ ਤਰ੍ਹਾਂ ਹੋਈ ਕੁੱਟਮਾਰ ਕਾਰਨ ਰਾਜਿੰਦਰ ਸਿੰਘ ਦੀ ਅੱਖ ਭੰਨ ਦਿੱਤੀ ਗਈ।

24 ਮਈ 2007 : ਨਿਊਯਾਰਕ ਦੇ ਕਵੀਂਸ ਵਿਚ ਇਕ ਪੁਰਾਣੇ ਅੰਗਰੇਜ਼ ਵਿਦਿਆਰਥੀ ਵੱਲੋਂ 15 ਸਾਲਾ ਸਿੱਖ ਵਿਦਿਆਰਥੀ ਦੇ ਜ਼ਬਰੀ ਵਾਲ ਕੱਟ ਦਿੱਤੇ ਗਏ।

30 ਮਈ 2007 : ਸ਼ਿਕਾਗੋ ਦੇ ਜੋਲੀਅਟ ਵਿਚ ਇਕ ਸਾਬਕਾ ਅਮਰੀਕੀ ਫ਼ੌਜੀ ਨੇ ਕੁਲਦੀਪ ਸਿੰਘ ਨਾਗ ਨਾਂ ਦੇ ਸਿੱਖ ਦੇ ਘਰ ਦੇ ਬਾਹਰ ਬੁਲਾ ਕੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲੀ ਮਿਰਚ ਦੇ ਸਪਰੇਅ ਨਾਲ ਉਸ ’ਤੇ ਹਮਲਾ ਕਰ ਦਿੱਤਾ।

14 ਜਨਵਰੀ 2008 : ਨਿਊਯਾਰਕ ਦੇ ਨਿਊ ਹਾਈਡ ਪਾਰਕ ਵਿਚ 63 ਸਾਲਾ ਸਿੱਖ ਬਲਜੀਤ ਸਿੰਘ ’ਤੇ ਪਹਿਲਾਂ ਗੁਰਦੁਆਰਾ ਸਾਹਿਬ ਅਤੇ ਫਿਰ ਉਸ ਦੇ ਘਰ ਦੇ ਬਾਹਰ ਵੀ ਹਮਲਾ ਕੀਤਾ ਗਿਆ।

28 ਫਰਵਰੀ 2008 : ਟੈਕਸਾਸ ਦੇ ਬ੍ਰਾਇਨ ਵਿਖੇ ਸਥਿਤ ਇਕ ਵਾਲਮਾਰਟ ਦੀ ਪਾਰਕਿੰਗ ਵਿਚ ਇਕ ਸਿੱਖ ਵਿਅਕਤੀ ’ਤੇ ਅਤਿਵਾਦੀ ਕਹਿ ਕੇ ਹਮਲਾ ਕੀਤਾ ਗਿਆ। ਉਸ ਦੇ ਚਿਹਰੇ ਅਤੇ ਸਿਰ ਵਿਚ ਸੱਟਾਂ ਮਾਰੀਆਂ ਗਈਆਂ ਅਤੇ ਉਸ ਦੀ ਦਸਤਾਰ ਲਾਹ ਦਿਤੀ ਗਈ।

5 ਜੂਨ 2008 : ਨਿਊਯਾਰਕ ਦੇ ਕਵੀਂਸ ਵਿਚ ਇਕ ਨੌਵੀਂ ਕਲਾਸ ਦੇ ਸਿੱਖ ਬੱਚੇ ’ਤੇ ਇਕ ਹੋਰ ਗੋਰੇ ਵਿਦਿਆਰਥੀ ਨੇ ਹਮਲਾ ਕੀਤਾ ਅਤੇ ਜ਼ਬਰੀ ਉਸ ਦਾ ਪਟਕਾ ਉਤਾਰਨ ਦੀ ਕੋਸ਼ਿਸ਼ ਕੀਤੀ। 5 ਜੂਨ 2008 ਨੂੰ ਹੀ ਨਿਊ ਮੈਕਸੀਕੋ ਦੇ ਅਲਬੁਕਰਕ ਵਿਚ ਇਕ ਸਿੱਖ ਪਰਿਵਾਰ ਦੇ ਇਕ ਵਾਹਨ ’ਤੇ ਪੁਰਸ਼ ਿਗ ਦੀ ਤਸਵੀਰ ਛਾਪੀ ਗਈ  ਅਤੇ ਗਲ਼ਤ ਸ਼ਬਦ ਲਿਖੇ ਗਏ।

4 ਅਗਸਤ 2008 : ਏਰੀਜ਼ੋਨਾ ਦੇ ਫਿਨਿਕਸ ਵਿਚ ਇੰਦਰਜੀਤ ਸਿੰਘ ਜੱਸਲ ਦੀ ਸੈਵਨ ਇਲੈਵਨ ਵਿਚ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

29 ਅਕਤੂਬਰ 2008 : ਨਿਊਜਰਸੀ ਦੇ ਕਾਰਟਰੇਟ ਵਿਚ ਇਕ ਸਿੱਖ ਵਿਅਕਤੀ ਅਜੀਤ ਸਿੰਘ ਚੀਮਾ ’ਤੇ ਉਸ ਦੇ ਗੋਰੇ ਗੁਆਂਢੀ ਵੱਲੋਂ ਹਮਲਾ ਕੀਤਾ ਗਿਆ ਅਤੇ ਚੋਰੀ ਦਾ ਝੂਠਾ ਇਲਜ਼ਾਮ ਲਗਾਇਆ ਗਿਆ।

30 ਜਨਵਰੀ 2009 : ਨਿਊਯਾਰਕ ਦੇ ਕਵੀਂਸ ਵਿਚ ਤਿੰਨ ਲੋਕਾਂ ਨੇ ਇਕ ਕਰਿਆਨੇ ਦੀ ਦੁਕਾਨ ਦੇ ਬਾਹਰ ਜੈਸਮੀਨ ਸਿੰਘ ਨਾਂਅ ਦੇ ਇਕ ਸਿੱਖ ’ਤੇ ਹਮਲਾ ਕੀਤਾ ਅਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ।

29 ਨਵੰਬਰ 2010 : ਸੈਕਰਾਮੈਂਟੋ ਵਿਚ ਇਕ ਕੈਬ ਡਰਾਈਵਰ ਹਰਭਜਨ ਸਿੰਘ ’ਤੇ ਉਸ ਦੀ ਕਾਰ ਵਿਚ ਸਵਾਰ ਯਾਤਰੀਆਂ ਨੇ ਹਮਲਾ ਕੀਤਾ ਅਤੇ ਲਾਦੇਨ ਆਖਿਆ।

6 ਮਾਰਚ 2011 : ਕੈਲੇਫੋਰਨੀਆ ਦੇ ਹੈ।ਲਕ ਗ੍ਰੋਵ ਵਿਚ ਰਵਾਇਤੀ ਸਿੱਖੀ ਪਹਿਰਾਵੇ ਵਿਚ ਦੋ ਬਜ਼ੁਰਗ ਸਿੱਖਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰ ਅਪਰਾਧੀ ਦਾ ਪਤਾ ਨਹੀਂ ਚੱਲ ਸਕਿਆ।

30 ਮਈ 2011 : ਨਿਊਯਾਰਕ ਦੇ ਕਵੀਂਸ ਵਿਚ ਪਹਿਲਾਂ ਹੀ ਹਮਲੇ ਦਾ ਸ਼ਿਕਾਰ ਹੋਏ ਜੈਸਮੀਨ ਸਿੰਘ ਦੇ ਪਿਤਾ ਜੀਵਨ ਸਿੰਘ ’ਤੇ ਹਮਲਾ ਕੀਤਾ ਗਿਆ ਅਤੇ ਓਸਾਮਾ ਬਿਨ ਲਾਦੇਨ ਨਾਲ ਸਬੰਧਤ ਹੋਣ ਦਾ ਦੋਸ਼ ਲਗਾਇਆ ਗਿਆ।

6 ਫਰਵਰੀ 2012 : ਮਿਸ਼ੀਗਨ ਦੇ ਸਟਰਿਗ ਹਾਈਟਸ ਦੇ ਗੁਰਦੁਆਰਾ ਸਾਹਿਬ ’ਤੇ ਭੜਕਾਊ ਤਸਵੀਰਾਂ ਛਾਪੀਆਂ ਗਈਆਂ ਜੋ 9/11 ਨਾਲ ਸਬੰਧਤ ਸਨ।

5 ਅਗਸਤ 2012 : ਓਕ ਕ੍ਰੀਕ ਵਿਚ ਪੁਲਿਸ ਨੇ ਗੁਰਦੁਆਰਾ ਸਾਹਿਬ ਵਿਚ ਅੱਗ ਲਗਾਉਣ ਵਾਲੇ ਗੋਰੇ ਹਮਲਾਵਰ ਨੂੰ ਗੁਰਦੁਆਰਾ ਸਾਹਿਬ ਵਿਚ ਗੋਲੀ ਮਾਰ ਦਿੱਤੀ ਇਸ ਦੌਰਾਨ 6 ਸਿੱਖਾਂ ਦੀ ਵੀ ਮੌਤ ਹੋ ਗਈ।

5 ਮਈ 2013 : ਕੈਲੇਫੋਰਨੀਆ ਦੇ ਫਰੀਜਨੋ ਵਿਚ 82 ਸਾਲਾ ਪਿਆਰਾ ਸਿੰਘ ’ਤੇ ਗੁਰਦੁਆਰਾ ਸਾਹਿਬ ਦੇ ਬਾਹਰ ਹਮਲਾ ਕੀਤਾ ਗਿਆ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋਏ ਪਿਆਰਾ ਸਿੰਘ ਨੂੰ ਹਸਪਤਾਲ ਭਰਤੀ ਕਰਨਾ ਪਿਆ।

29 ਜੁਲਾਈ 2013 : ਕੈਲੇਫੋਰਨੀਆ ਦੇ ਰਿਵਰਸਾਈਡ ਗੁਰਦੁਆਰਾ ਸਾਹਿਬ ਵਿਚ ਸਪਰੇਅ ਪੇਂਟ ਨਾਲ ਅਤਿਵਾਦੀ ਸ਼ਬਦ ਲਿਖੇ ਗਏ।

22 ਸਤੰਬਰ 2013 : ਨਿਊਯਾਰਕ ’ਚ ਪ੍ਰਭਾਤ ਸਿੰਘ ਨਾਂਅ ਦੇ ਇਕ ਸਿੱਖ ’ਤੇ ੋਲੋਕਾਂ ਦੇ ਇਕ ਸਮੂਹ ਨੇ ਹਮਲਾ ਕੀਤਾ ਅਤੇ ਨਸਲੀ ਟਿੱਪਣੀਆਂ ਕੀਤੀਆਂ।

30 ਜੁਲਾਈ 2014 : ਨਿਊਯਾਰਕ ਕਵੀਂਸ ਵਿਚ 29 ਸਾਲਾ ਸੰਦੀਪ ਸਿੰਘ ਨੂੰ   ਸੜਕ ਪਾਰ ਕਰਦੇ ਸਮੇਂ ਇਕ ਗੋਰੇ ਵੱਲੋਂ ਪਿਕਅੱਪ ਟਰੱਕ ਨਾਲ ਟੱਕਰ ਮਾਰੀ ਗਈ ਅਤੇ ਗੋਰਾ ਉਸ ਨੂੰ ਅਤਿਵਾਦੀ ਕਹਿ ਕੇ ਫ਼ਰਾਰ ਹੋ ਗਿਆ।

8 ਸਤੰਬਰ 2015 : ਇਲੀਨਾਇਸ ਦੇ ਡੇਰੇਨ ਵਿਚ ਇੰਦਰਜੀਤ ਸਿੰਘ ਮੁੱਕੇਰ ’ਤੇ ਉਹਨਾਂ ਦੀ ਕਾਰ ਵਿਚ ਹੀ ਇਕ ਹਮਲਾਵਰ ਵੱਲੋਂ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਲਾਦੇਨ ਆਖਦੇ ਹੋਏ ਵਾਪਸ ਆਪਣੇ ਦੇਸ਼ ਜਾਣ ਲਈ ਕਿਹਾ

5 ਦਸੰਬਰ 2015 : ਕੈਲੇਫੋਰਨੀਆ ਦੇ ਬੁਏਨਾ ਪਾਰਕ ਵਿਖੇ ਗੁਰਦੁਆਰਾ ਸਾਹਿਬ ਅਤੇ ਪਾਰਕਿੰਗ ਸਥਾਨ ’ਤੇ ਸਿੱਖ ਦੇ ਇਕ ਟਰੱਕ ’ਤੇ ਕਈ ਚਿੱਤਰ ਛਾਪੇ ਗਏ ਜੋ ਆਈਹੈ।ਸਆਈਹੈ।ਸ ਅਤੇ ਇਸਲਾਮ ਨਾਲ ਸਬੰਧਤ ਸਨ।

9 ਦਸੰਬਰ 2015 : ਨਿਊਯਾਰਕ ਵਿਚ ਇਕ ਗੋਰੇ ਨੇ ਦਰਸ਼ਨ ਸਿੰਘ ਨਾਂਅ ਦੇ ਇਕ ਸਿੱਖ ਦਾ ਜਹਾਜ਼ ਵਿਚ ਸੌਂਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ ‘ਯੂ ਵਿਲ ਫੀਲ ਸੇਫ਼’ ਜਦਕਿ ਇਕ ਨੇ ਲਿਖਿਆ ‘ਬਿਨ ਲਾਦੇਨ ਦੇ ਨਾਲ ਉਡਾਨ।’’

26 ਦਸੰਬਰ 2015 : ਕੈਲੇਫੋਰਨੀਆ ਦੇ ਫ਼ਰੀਜ਼ਨੋ ਵਿਚ 68 ਸਾਲਾ ਅਮਰੀਕ ਸਿੰਘ ਬੱਲ ਇਕੱਲੇ ਸਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਇਸੇ ਦੌਰਾਨ ਦੋ ਗੋਰੇ ਲੋਕਾਂ ਨੇ ਉਹਨਾਂ ਕੋਲ ਅਪਣੀ ਕਾਰ ਰੋਕ ਕੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਹਨਾਂ ਨੂੰ ਕੁੱਟਿਆ।

1 ਜਨਵਰੀ 2016 : ਕੈਲੇਫੋਰਨੀਆ ਦੇ ਫ਼ਰੀਜ਼ਨੋ ਵਿਚ ਹੀ ਇਕ ਸਿੱਖ ਬਜ਼ੁਰਗ ਗੁਰਚਰਨ ਸਿੰਘ ਗਿੱਲ ਜੋ ਸਥਾਨਕ ਸ਼ਰਾਬ ਦੀ ਦੁਕਾਨ ’ਤੇ ਕਰਮਚਾਰੀ ਸੀ, ਉਸ ਨੂੰ ਸ਼ਿਖ਼ਰ ਦੁਪਹਿਰੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

21 ਅਗਸਤ 2016 : ਵਾਸ਼ਿੰਗਟਨ ਡੀਸੀ ਦੇ ਮਹਿਤਾਬ ਸਿੰਘ ਬਖ਼ਸ਼ੀ ਡਿਊਪਾਂਟ ਸਰਕਲ ਨੇੜੇ ਅਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਇਸੇ ਦੌਰਾਨ ਅਮਰੀਕੀ ਹਵਾਈ ਫ਼ੌਜ ਦੇ ਅਧਿਕਾਰੀ ਡਾਇਲਨ ਮਿਲਫੇਨ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਬੇਹੋਸ਼ ਹੋਣ ਤੱਕ ਕੁੱਟਮਾਰ ਕੀਤੀ।

25 ਸਤੰਬਰ 2016 : ਕੈਲੇਫੋਰਨੀਆ ਦੇ ਰਿਚਮੰਡ ਵਿਚ ਪੰਜ ਗੋਰੇ ਲੋਕਾਂ ਨੇ ਮਾਨ ਸਿੰਘ ਖ਼ਾਲਸਾ ਦੀ ਕਾਰ ਨੂੰ ਇਕ ਜੀਪ ਨਾਲ ਟੱਕਰ ਮਾਰ ਦਿੱਤੀ ਅਤੇ ਘਸੀੜਦੇ ਹੋਏ ਦੂਰ ਤਕ ਲੈ ਗਏ ਫਿਰ ਕਾਰ ਵਿਚੋਂ ਉਤਰ ਕੇ ਚਾਕੂ ਨਾਲ ਉਹਨਾਂ ਦੇ ਵਾਲ ਕੱਟ ਦਿੱਤੇ ਹੱਥ ’ਤੇ ਚਾਕੂ ਮਾਰ ਕੇ ਉਹਨਾਂ ਦੀ ਉਂਗਲੀ ਕੱਟ ਦਿੱਤੀ ਗਈ।

ਵਰਲਡ ਟ੍ਰੇਡ ਸੈਂਟਰ ’ਤੇ ਹੋਏ ਹਮਲੇ ਨੂੰ ਭਾਵੇਂ ਕਈ ਸਾਲ ਬੀਤ ਗਏ ਸਨ ਪਰ ਗੋਰਿਆਂ ਵੱਲੋਂ ਮੁਸਲਿਮਾਂ ਦੇ ਭੁਲੇਖੇ ਸਿੱਖਾਂ ਨੂੰ ਮਾਰੇ ਜਾਣ ਦਾ ਸਿਲਸਿਲਾ ਖ਼ਤਮ ਨਹੀਂ ਹੋਇਆ ਫਿਰ 3 ਮਾਰਚ 2017 ਨੂੰ ਵਾਸ਼ਿੰਗਟਨ ਵਿਚ ਦੀਪ ਰਾਏ ਨੂੰ ਉਹਨਾਂ ਦੇ ਘਰ ਦੇ ਸਾਹਮਣੇ ਕੁੱਝ ਹਮਲਾਵਰਾਂ ਨੇ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।

26 ਮਾਰਚ 2017 : ਓਰੇਨ ਦੇ ਗ੍ਰੇਸ਼ਮ ਵਿਚ ਇਕ ਸ਼ਰਾਬੀ ਵਿਅਕਤੀ ਵੱਲੋਂ ਇਕ ਸਿੱਖ ਔਰਤ ਨਾਲ ਯੌਨ ਸੋਸ਼ਣ ਕਰਨ ਦਾ ਯਤਨ ਕੀਤਾ ਗਿਆ।

16 ਅਪ੍ਰੈਲ 2017 : ਨਿਊਯਾਰਕ ਦੇ ਹਰਕੀਰਤ ਸਿੰਘ ’ਤੇ ਟੈਕਸੀ ਚਲਾਉਂਦੇ ਹੋਏ ਹਮਲਾ ਕੀਤਾ ਗਿਆ ਜਦੋਂ ਇਕ ਯਾਤਰੀ ਨੇ ਜ਼ਬਰਦਸਤੀ ਉਹਨਾਂ ਦੀ ਪੱਗੜੀ ਸਿਰ ਤੋਂ ਉਤਾਰ ਦਿੱਤੀ।

4 ਸਤੰਬਰ 2017 : ਲਾਸ ਏਂਜਲਸ ਦੇ ਇਕ ਗੁਰਦੁਆਰਾ ਸਾਹਿਬ ਦੀਆਂ ਕੰਧਾਂ ’ਤੇ ਕੁੱਝ ਲੋਕਾਂ ਵੱਲੋਂ ਨਫ਼ਰਤ ਭਰੇ ਸੰਦੇਸ਼ ਲਿਖੇ ਗਏ ਅਤੇ ਸਿੱਖਾਂ ਨੂੰ ਗਲਾ ਕੱਟਣ ਦੀ ਧਮਕੀ ਦਿੱਤੀ ਗਈ।

28 ਜਨਵਰੀ 2018 : ਇਲੀਨਾਇਸ ਦੇ ਮੋਲੀਨ ਵਿਚ ਗੁਰਜੀਤ ਸਿੰਘ ਨੂੰ ਇਕ ਉਬੇਰ ਯਾਤਰੀ ਵੱਲੋਂ ਸਿਰ ’ਤੇ ਪਿਸਤੌਲ ਰੱਖ ਕੇ ਧਮਕੀ ਦਿੱਤੀ ਗਈ ਅਤੇ ਕਿਹਾ ਗਿਆ ਕਿ ‘‘ਮੈਨੂੰ ਪੱਗੜੀ ਵਾਲੇ ਲੋਕਾਂ ਤੋਂ ਸਖ਼ਤ ਨਫ਼ਰਤ ਹੈ।’’

31 ਜੁਲਾਈ 2018 : ਕੈਲੇਫੋਰਨੀਆ ਦੇ ਕੀਸ ਵਿਚ 50 ਸਾਲਾ ਸੁਰਜੀਤ ਸਿੰਘ ਮਾਲੀ ’ਤੇ ਹਮਲਾ ਕੀਤਾ ਗਿਆ ਉਹਨਾਂ ਦੇ ਟਰੱਕ ’ਤੇ ਗੋਰੇ ਲੋਕਾਂ ਨੇ ‘ਗੋ ਬੈਕ ਟੂ ਯੂਅਰ ਕੰਟਰੀ’ ਲਿਖਿਆ ਗਿਆ।

6 ਅਗਸਤ 2018 : ਕੈਲੇਫੋਰਨੀਆ ਦੇ ਮੰਟੇਕਾ ਵਿਚ 71 ਸਾਲਾ ਸਾਹਿਬ ਸਿੰਘ ਅਪਣੀ ਸਵੇਰ ਦੀ ਸੈਰ ਦਾ ਆਨੰਦ ਲੈ ਰਹੇ ਸਨ ਜਦੋਂ ਉਹਨਾਂ ’ਤੇ ਦੋ ਲੜਕਿਆਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਵਿਚੋਂ ਇਕ ਸਥਾਨਕ ਪੁਲਿਸ ਮੁਖੀ ਦਾ ਬੇਟਾ ਸੀ।  ਉਹਨਾਂ ਨੇ ਸਾਹਿਬ ਸਿੰਘ ਦੇ ਮੂੰਹ ’ਤੇ ਥੁੱਕਿਆ।

16 ਅਗਸਤ 2018 : ਨਿਊਜਰਸੀ ਦੇ ਈਸਟ ਓਰੇਂਜ ਵਿਚ ਤ੍ਰਿਲੋਕ ਸਿੰਘ ਅਪਣੀ ਪਾਰਕ ਡੇਲੀ ਵਿਖੇ ਸਥਿਤ ਕਰਿਆਨੇ ਦੀ ਦੁਕਾਨ ਦੇ ਅੰਦਰ ਮ੍ਰਿਤਕ ਪਾਇਆ ਗਿਆ, ਉਹਨਾਂ ’ਤੇ ਚਾਕੂ ਨਾਲ ਵਾਰ ਕੀਤੇ ਹੋਏ ਸਨ।

25 ਜੁਲਾਈ 2019 : ਕੈਲੇਫੋਰਨੀਆ ਦੇ ਮੈਦਸਟੋ ਵਿਚ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਅਮਰਜੀਤ ਸਿੰਘ ਦੇ ਘਰ ਦੀਆਂ ਖਿੜਕੀਆਂ ਤੋੜੀਆਂ ਗਈਆਂ, ਉਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਅਸ਼ਲੀਲ ਗੱਲਾਂ ਕੀਤੀਆਂ। ਫ਼ਰਾਰ ਹੋਣ ਤੋਂ ਪਹਿਲਾਂ ਹਮਲਾਵਰਾਂ ਨੇ ਉਹਨਾਂ ਨੂੰ ਅਪਣੇ ਦੇਸ਼ ਵਾਪਸ ਜਾਣ ਲਈ ਵੀ ਕਿਹਾ।

25 ਅਗਸਤ 2019 : ਉਤਰੀ ਕੈਲੇਫੋਰਨੀਆ ਦੇ ਟ੍ਰੇਸੀ ਸਥਿਤ ਪਾਰਕ ਵਿਚ 64 ਸਾਲਾ ਪਰਮਜੀਤ ਸਿੰਘ ਨੂੰ ਰਾਤ ਦੇ ਸਮੇਂ ਮਾਰ ਦਿੱਤਾ ਗਿਆ। ਕਤਲ ਦੇ ਦੋਸ਼ ਵਿਚ ਇਕ 21 ਸਾਲਾ ਗੋਰੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ।

27 ਸਤੰਬਰ 2019: 40 ਸਾਲਾ ਸਿੱਖ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਟਰੈਫਿਕ ਰੋਕਣ ਦੌਰਾਨ ਬੇਰਹਿਮੀ ਨਾਲ ਗੋਲੀਆਂ ਮਾਰੀਆਂ ਗਈਆਂ।

5 ਦਸੰਬਰ 2019: 22 ਸਾਲਾ ਗ੍ਰਿਫ਼ਨ ਲੇਵੀ ਸ਼ੇਅਰਜ਼ ਨਾਮ ਦੇ ਨੌਜਵਾਨ ਨੇ ਬੈਲਿੰਗਮ ਸ਼ਹਿਰ ਵਿਚ ਸਿੱਖ ਊਬਰ ਡਰਾਈਵਰ ਨੂੰ ਪਹਿਲਾਂ ਅਪਸ਼ਬਦ ਵਰਤੇ ਅਤੇ ਫਿਰ ਖਿੱਚਧੂਹ ਕੀਤੀ।