ਪ੍ਰਵਾਸੀ ਸ਼ਰਨਾਰਥੀਆਂ ਪ੍ਰਤੀ ਟਰੰਪ ਦੀ ਸਖ਼ਤ ਨੀਤੀ ਕਾਰਨ 50 ਸਿੱਖ ਸ਼ੈਰੇਡਨ ਜੇਲ੍ਹ 'ਚ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀ ਸ਼ਰਨਾਰਥੀਆਂ ਨੂੰ ਲੈ ਕੇ ਅਪਣੀ ਨੀਤੀ ਸਖ਼ਤ ਕੀਤੀ ਹੋਈ ਹੈ। ਅਮਰੀਕਾ...

sheridan jail

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀ ਸ਼ਰਨਾਰਥੀਆਂ ਨੂੰ ਲੈ ਕੇ ਅਪਣੀ ਨੀਤੀ ਸਖ਼ਤ ਕੀਤੀ ਹੋਈ ਹੈ। ਅਮਰੀਕਾ ਵਲੋਂ ਅਮਰੀਕੀ ਖੇਤਰ ਵਿਚ ਦਾਖ਼ਲ ਹੋਣ ਵਾਲੇ ਸ਼ਰਨਾਰਥੀਆਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਹੁਣ ਅਮਰੀਕਾ ਦੇ ਯੈਮਹਿਲ ਕਾਊਂਟੀ ਖੇਤਰ ਤੋਂ ਖ਼ਬਰ ਮਿਲੀ ਹੈ ਕਿ ਉਥੇ ਸਥਿਤ ਸ਼ੈਰੇਡਨ ਜੇਲ੍ਹ ਵਿਚ 50 ਤੋਂ ਵੱਧ ਸਿੱਖਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਸਿੱਖਾਂ ਨੂੰ ਅਮਰੀਕਾ ਵਿਚ ਗ਼ੈਰਕਾਨੂੰਨੀ ਤੌਰ 'ਤੇ ਦਾਖ਼ਲ ਹੋਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਅਮਰੀਕਾ ਵਿਚ ਰਾਜਸੀ ਸ਼ਰਣ ਲੈਣਾ ਚਾਹੁੰਦੇ ਹਨ।


ਡੈਮੋਕਰੇਟਿਕ ਪਾਰਟੀ ਦੇ ਨੁਮਾਇੰਦਿਆਂ ਵਲੋਂ ਸ਼ੈਰੇਡਨ ਜੇਲ੍ਹ ਦਾ ਦੌਰਾ ਕੀਤਾ ਗਿਆ, ਜਿਸ ਤੋਂ ਬਾਅਦ ਇਹ ਖ਼ਬਰ ਸਾਹਮਣੇ ਆਈ ਹੈ। ਡੈਮੋਕ੍ਰੇਟਿਕ ਨੁਮਾਇੰਦਿਆਂ ਨੇ ਮੀਡੀਆ ਨੂੰ ਜੇਲ੍ਹ ਵਿਚ ਅਣਮਨੁੱਖੀ ਹਾਲਤਾਂ ਵਿਚ ਕੈਦ ਸਿੱਖਾਂ ਸਮੇਤ ਹੋਰ ਕੈਦੀਆਂ ਦੀ ਹਾਲਤ ਬਾਰੇ ਜਾਣਕਾਰੀ ਦਿਤੀ। ਡੈਮੋਕਰੇਟਿਕ ਪਾਰਟੀ ਵਲੋਂ ਅਮਰੀਕੀ ਕਾਂਗਰਸ ਦੀ ਵਿਧਾਇਕ ਸੁਜ਼ੇਨ ਬੋਨਾਮੀਸੀ ਨੇ ਆਪਣੇ ਬਲਾਗ 'ਤੇ ਲਿਖਿਆ ਕਿ ਉਨ੍ਹਾਂ ਨੂੰ ਅਪਣੇ ਪੰਜਾਬੀ ਅਨੁਵਾਦਕ ਰਾਹੀਂ ਪਤਾ ਲੱਗਿਆ ਕਿ ਉਹ ਲੋਕ ਅਮਰੀਕਾ ਵਿਚ ਰਾਜਸੀ ਸ਼ਰਣ ਚਾਹੁੰਦੇ ਹਨ

ਕਿਉਂਕਿ ਉਨ੍ਹਾਂ ਦੇ ਘੱਟ ਗਿਣਤੀ ਧਰਮ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ 'ਤੇ ਭਾਰਤ ਵਿਚ ਜ਼ੁਲਮ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਭਾਰਤ ਵਿਚੋਂ ਆਏ ਕੈਦੀ ਸਿੱਖ ਅਤੇ ਇਸਾਈ ਧਰਮ ਨਾਲ ਸਬੰਧਤ ਹਨ।ਵਿਧਾਇਕ ਸੁਜ਼ੇਨ ਨੇ ਅੱਗੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਦਸਿਆ ਕਿ ਉਹ ਅਮਰੀਕਾ ਵਿਚ ਧਾਰਮਿਕ ਅਜ਼ਾਦੀ ਲਈ ਆਏ ਹਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪਾਗਲ ਹੋ ਜਾਣਗੇ ਕਿਉਂਕਿ ਉਨ੍ਹਾਂ ਨੂੰ ਦਿਨ ਦੇ 22 ਘੰਟੇ ਤਕ ਇਕ ਛੋਟੀ ਜਿਹੀ ਕੋਠੜੀ ਵਿਚ ਬੰਦ ਰਖਿਆ ਜਾਂਦਾ ਹੈ।”ਸੁਜ਼ੇਨ ਨੇ ਜ਼ੁਲਮਾਂ ਤੋਂ ਤੰਗ ਹੋ ਕੇ ਅਮਰੀਕਾ ਪਹੁੰਚ ਰਹੇ

ਇਹਨਾਂ ਲੋਕਾਂ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਅਪਣਾਈ ਜਾ ਰਹੀ ਸਖ਼ਤ ਨੀਤੀ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਦਸ ਦਈਏ ਕਿ ਅਮਰੀਕੀ ਸਰਕਾਰ ਵਲੋਂ ਅਮਰੀਕਾ ਵਿਚ ਗ਼ੈਰਕਾਨੂੰਨੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰਕੇ ਵੱਖਰੀ ਜੇਲ੍ਹ ਵਿਚ ਰਖਿਆ ਜਾ ਰਿਹਾ ਹੈ, ਜਿਸ ਵਿਰੁਧ ਅਮਰੀਕਾ ਸਮੇਤ ਵਿਸ਼ਵ ਭਰ ਵਿਚੋਂ ਟਰੰਪ ਦੀ ਇਸ ਨੀਤੀ ਵਿਰੁਧ ਆਵਾਜ਼ ਉਠ ਰਹੀ ਹੈ। ਇਥੋਂ ਤਕ ਕਿ ਟਰੰਪ ਦੀ ਪਤਨੀ ਮਲੇਨੀਆ ਟਰੰਪ ਨੇ ਵੀ ਇਸ ਨੀਤੀ ਦਾ ਵਿਰੋਧ ਕੀਤਾ ਹੈ।


ਅਮਰੀਕ ਅਖ਼ਬਾਰ “ਦਾ ਓਰੇਗੋਨੀਅਨ”ਨੇ ਅਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਜੇਲ੍ਹ ਵਿਚ ਬੰਦ ਸਿੱਖਾਂ ਅਤੇ ਇਸਾਈਆਂ ਨੇ ਦਸਿਆ ਕਿ ਉਹ ਭਾਰਤ ਵਿਚ ਹਿੰਦੂ ਬਹੁਗਿਣਤੀ ਵਲੋਂ ਉਨ੍ਹਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਣ ਲਈ ਇਥੇ ਆਏ ਹਨ ਪਰ ਉਨ੍ਹਾਂ ਨੂੰ ਸਹਾਰਾ ਦੇਣ ਦੀ ਬਜਾਏ ਉਨ੍ਹਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਇਸ ਦੌਰਾਨ ਸਥਾਨਕ ਸਿੱਖ ਭਾਈਚਾਰੇ ਵਲੋਂ ਇਹਨਾਂ ਬੰਦੀਆਂ ਨਾਲ ਸੰਪਰਕ ਕਰਨ ਦੇ ਯਤਨ ਸ਼ੁਰੂ ਕਰ ਦਿਤੇ ਗਏ ਹਨ ਤਾਂ ਜੋ ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਕਰਵਾਈ ਜਾ ਸਕੇ।


ਓਰੇਗਨ ਦੇ ਸਿੱਖ ਸੈਂਟਰ (ਪੋਰਟਲੈਂਡ ਮੈਟਰੋ ਗੁਰਦੁਆਰਾ ਸਾਹਿਬ) ਦੇ ਪ੍ਰਧਾਨ ਹਰਬਖਸ਼ ਸਿੰਘ ਮਾਂਗਟ ਨੇ ਦਸਿਆ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਹਨ ਅਤੇ ਸਿੱਖ ਬੰਦੀਆਂ ਲਈ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ।