ਅੰਬਾਨੀ ਦਾ ਭੇਜਿਆ ਨੋਟਿਸ ਜਾਖੜ ਨੇ ਜਹਾਜ਼ ਬਣਾ ਕੇ ਉਡਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਰਾਫ਼ੇਲ ਜਹਾਜ਼ ਸੌਦੇ ਦੇ ਮਾਮਲੇ ਵਿਚ ਉਦਯੋਗਪਤੀ ਅਨਿਲ ਅੰਬਾਨੀ ਦਾ ਨੋਟਿਸ ਮਿਲਣ 'ਤੇ ਕਾਂਗਰਸ ਆਗੂਆਂ ਨੇ ਇਸ ਦਾ ਮਜ਼ਾਕ ਉਡਾਇਆ ਹੈ..........

Sunil Kumar Jakhar

ਨਵੀਂ ਦਿੱਲੀ : ਰਾਫ਼ੇਲ ਜਹਾਜ਼ ਸੌਦੇ ਦੇ ਮਾਮਲੇ ਵਿਚ ਉਦਯੋਗਪਤੀ ਅਨਿਲ ਅੰਬਾਨੀ ਦਾ ਨੋਟਿਸ ਮਿਲਣ 'ਤੇ ਕਾਂਗਰਸ ਆਗੂਆਂ ਨੇ ਇਸ ਦਾ ਮਜ਼ਾਕ ਉਡਾਇਆ ਹੈ। 
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਆਗੂਆਂ ਦਾ ਦੋਸ਼ ਹੈ ਕਿ ਰਾਫ਼ੇਲ ਜਹਾਜ਼ਾਂ ਦਾ ਠੇਕਾ ਅਨਿਲ ਅੰਬਾਨੀ ਨੂੰ ਦਿਤਾ ਗਿਆ ਹੈ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾ ਕਰੀਬੀ ਹੈ। ਇਸ 'ਤੇ ਅਨਿਲ ਅੰਬਾਨੀ ਨੇ ਕਾਂਗਰਸੀ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵਿਟਰ 'ਤੇ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਉਹ ਨੋਟਿਸ ਦਾ ਜਹਾਜ਼ ਬਣਾ ਕੇ ਇਸ ਨੂੰ ਹਵਾ ਵਿਚ ਉਡਾ ਰਹੇ ਹਨ।

ਉਨ੍ਹਾਂ ਲਿਖਿਆ, 'ਮੈਂ ਤੁਹਾਡੇ ਨਾਲੋਂ ਬਿਹਤਰ ਜਹਾਜ਼ ਬਣਾ ਸਕਦਾ ਹਾਂ।' ਕਾਂਗਰਸ ਆਗੂ ਜੈਵੀਰ ਸ਼ੇਰਗਿੱਲ ਨੇ ਲਿਖਿਆ, 'ਮੈਂ ਕਾਂਗਰਸ ਦਾ ਕਾਰਕੁਨ ਹਾਂ ਅਤੇ ਪੰਜਾਬੀ ਹਾਂ। ਮੈਂ ਅਜਿਹੇ ਨੋਟਿਸਾਂ ਤੋਂ ਨਹੀਂ ਡਰਦਾ। 'ਅਨਿਲ ਅੰਬਾਨੀ ਨੇ ਕਿਹਾ ਹੈ ਕਿ ਕਾਂਗਰਸ ਆਗੂ ਬਿਨਾਂ ਕਿਸੇ ਸਬੂਤ ਉਸ ਦਾ ਨਾਮ ਇਸ ਮਾਮਲੇ ਵਿਚ ਖਿੱਚ ਰਹੇ ਹਨ। ਉਸ ਨੇ ਰਣਦੀਪ ਸੁਰਜੇਵਾਲਾ, ਅਸ਼ੋਕ ਚਵਾਨ, ਸੰਜੇ ਨਿਰੂਪਮ, ਅਭਿਸ਼ੇਕ ਮਨੂੰ ਸਿੰਘਵੀ ਅਤੇ ਹੋਰ ਆਗੂਆਂ ਨੂੰ ਨੋਟਿਸ ਭੇਜਿਆ ਹੈ।        (ਏਜੰਸੀ)