ਯੂ.ਕੇ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ ਢੇਸੀ ਦੀ ਪੰਜਾਬ ਸਥਿਤ ਜੱਦੀ ਜਾਇਦਾਦ 'ਤੇ ਕਬਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਦੀ ਪੰਜਾਬ ਵਿਚਲੀ ਜੱਦੀ ਜਾਇਦਾਦ 'ਤੇ ਕਬਜ਼ਾ ਹੋ ਗਿਆ ਹੈ।

Tanmanjit Singh Dhesi

ਜਲੰਧਰ, ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਦੀ ਪੰਜਾਬ ਵਿਚਲੀ ਜੱਦੀ ਜਾਇਦਾਦ 'ਤੇ ਕਬਜ਼ਾ ਹੋ ਗਿਆ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਉਹ ਆਪ ਪੰਜਾਬ ਆਏ ਹਨ। ਤਨਮਨਜੀਤ ਸਿੰਘ ਖ਼ੁਦ ਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਦੇ ਮੁੱਦੇ ਚੁੱਕਦੇ ਰਹੇ ਹਨ। ਢੇਸੀ ਨੇ ਕਿਹਾ ਕਿ ਸਾਡੇ ਪਰਿਵਾਰ ਨੇ ਵੀ ਕਬਜ਼ੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਪੰਜਾਬ ਪ੍ਰਸ਼ਾਸ਼ਨ 'ਤੇ ਪੂਰਾ ਭਰੋਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।

ਢੇਸੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਮਾਮਲੇ ਬਾਰੇ ਆਵਾਜ਼ ਚੁੱਕਣ ਵਿਚ ਸਮਰੱਥ ਹਨ ਤੇ ਉਹ ਇਸ ਦੀ ਮਾਮਲੇ ਦੀ ਪੂਰੀ ਜਾਂਚ ਕਰਨਗੇ।
ਢੇਸੀ ਨੇ ਬੀਤੀ 12 ਅਗਸਤ ਨੂੰ ਹੋਈ 'ਰੈਫਰੰਡਮ 2020' ਰੈਲੀ ਬਾਰੇ ਬੋਲਦਿਆਂ ਕਿਹਾ ਕਿ ਯੂਕੇ ਵਿਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਤੈਅ ਕਰੇਗੀ ਕਿ ਉਹ ਰੈਫਰੰਡਮ ਦੇ ਹੱਕ ਵਿੱਚ ਹਨ ਜਾਂ ਨਹੀਂ। ਹਾਲਾਂਕਿ, ਢੇਸੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਦੀਆਂ ਗੱਲਾਂ ਨੂੰ ਤਰਜੀਹ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਵੀ ਦੇਸ਼ ਦੀਆਂ ਨੌਜਵਾਨ ਪੀੜ੍ਹੀਆਂ ਨੂੰ ਤੋੜਿਆ ਜਾ ਰਿਹਾ ਹੈ।

ਢੇਸੀ ਨੇ ਬੇਅਦਬੀ ਮਾਮਲਿਆਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਈਆਂ ਬੇਅਦਬੀਆਂ ਖਿਲਾਫ ਜਲਦ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਪੰਜਾਬ ਅਤੇ ਯੂਕੇ ਵਿਚਕਾਰ ਵਿਕਸਿਤ ਹੋਏ ਹਵਾਈ ਸੰਪਰਕ ਬਾਰੇ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਬਹੁਤ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਲੰਡਨ ਦੀ ਫਲਾਇਟ ਵੀ ਜਲਦ ਸ਼ੁਰੂ ਹੋ ਸਕਦੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਦੇ ਸੈਰ ਸਪਾਟੇ ਨੂੰ ਭਰਵਾਂ ਹੁੰਘਾਰਾ ਮਿਲੇਗਾ।