ਅਫ਼ਗਾਨਿਸਤਾਨ ’ਚ ਸਿੱਖ ਵੀ ਮੁਸਲਮਾਨਾਂ ਵਾਂਗ ਕਪੜੇ ਪਾਉਣ ਲਈ ਮਜਬੂਰ
ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਘੱਟ ਗਿਣਤੀਆਂ ’ਤੇ ਲਾਈਆਂ ਪਾਬੰਦੀਆਂ
ਕਾਬੁਲ: ਜਦੋਂ 2021 ’ਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕੀਤਾ, ਤਾਂ ਇਹ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਸਨ ਕਿ ਅਫਗਾਨਿਸਤਾਨ ਦੀਆਂ ਕੁਝ ਛੋਟੀਆਂ ਗੈਰ-ਮੁਸਲਿਮ ਕੌਮਾਂ ਅਲੋਪ ਹੋ ਸਕਦੀਆਂ ਹਨ। ਦੋ ਸਾਲਾਂ ਬਾਅਦ, ਇਹ ਡਰ ਸਾਕਾਰ ਹੋ ਰਹੇ ਹਨ। ਅਫਗਾਨਿਸਤਾਨ ਦਾ ਆਖਰੀ ਜਾਣਿਆ ਜਾਣ ਵਾਲਾ ਯਹੂਦੀ ਤਾਲਿਬਾਨ ਦੇ ਕਬਜ਼ੇ ਤੋਂ ਤੁਰਤ ਬਾਅਦ ਦੇਸ਼ ਛੱਡ ਕੇ ਭੱਜ ਗਿਆ। ਇਸ ਦੌਰਾਨ, ਮੰਨਿਆ ਜਾਂਦਾ ਹੈ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਸਿਰਫ ਮੁੱਠੀ ਭਰ ਪ੍ਰਵਾਰਾਂ ਤਕ ਸੁੰਗੜ ਗਏ ਹਨ।
ਇਹ ਵੀ ਪੜ੍ਹੋ: ਚੰਦਰਯਾਨ 3: ‘ਸਾਈਕਲ ਤੋਂ ਚੰਨ ਤਕ’…ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਹ ਤਸਵੀਰ
ਤਾਲਿਬਾਨ ਦੇ ਅਧੀਨ, ਸਿੱਖਾਂ ਅਤੇ ਹਿੰਦੂਆਂ ਨੂੰ ਉਨ੍ਹਾਂ ਦੀ ਦਿਖ ਸਮੇਤ, ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ, ਅਤੇ ਉਨ੍ਹਾਂ ਦੀਆਂ ਧਾਰਮਿਕ ਛੁੱਟੀਆਂ ਨੂੰ ਜਨਤਕ ਤੌਰ ’ਤੇ ਮਨਾਉਣ ’ਤੇ ਵੀ ਪਾਬੰਦੀ ਲਾ ਦਿਤੀ ਗਈ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਕੋਲ ਅਪਣੇ ਵਤਨ ਤੋਂ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਰਾਜਧਾਨੀ ਕਾਬੁਲ ’ਚ ਬਾਕੀ ਬਚੇ ਸਿੱਖਾਂ ’ਚੋਂ ਇਕ ਪਰੀ ਕੌਰ ਨੇ ਆਰ.ਐਫ.ਈ./ਆਰ.ਐਲ. ਦੇ ਰੇਡੀਉ ਅਜ਼ਾਦੀ ਨੂੰ ਦਸਿਆ ਕਿ ਉਹ ਖੁੱਲ੍ਹ ਕੇ ਕਿਤੇ ਜਾ ਵੀ ਨਹੀਂ ਸਕਦੀ।
ਇਹ ਵੀ ਪੜ੍ਹੋ: ਪੰਜਾਬ ਵਿਚ ਹੜ੍ਹਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ
ਤਾਲਿਬਾਨ ਵਲੋਂ ਸਾਰੀਆਂ ਔਰਤਾਂ ਨੂੰ ਬੁਰਕਾ ਜਾਂ ਨਕਾਬ ਪਹਿਨਣ ਦੇ ਜਾਰੀ ਕੀਤੇ ਹੁਕਮ ਦੇ ਸੰਦਰਭ ’ਚ ਉਸ ਨੇ ਕਿਹਾ, ‘‘ਜਦੋਂ ਮੈਂ ਬਾਹਰ ਜਾਂਦੀ ਹਾਂ, ਤਾਂ ਮੈਨੂੰ ਮੁਸਲਮਾਨਾਂ ਵਾਂਗ ਪਹਿਰਾਵਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਜੋ ਮੇਰੀ ਪਛਾਣ ਸਿੱਖ ਵਜੋਂ ਨਾ ਹੋ ਸਕੇ।’’ ਪਰੀ ਕੌਰ ਦੇ ਪਿਤਾ 2018 ’ਚ ਪੂਰਬੀ ਸ਼ਹਿਰ ਜਲਾਲਾਬਾਦ ’ਚ ਸਿੱਖਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਆਤਮਘਾਤੀ ਹਮਲੇ ’ਚ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਕੌਰ ਦੀ ਮਾਂ ਅਤੇ ਭੈਣਾਂ ਸਮੇਤ ਲਗਭਗ 1,500 ਸਿੱਖ ਦੇਸ਼ ਛੱਡ ਕੇ ਭੱਜ ਗਏ ਸਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਇਕ ਮੈਡੀਕਲ ਸਟੋਰ ਤੇ ਦਵਾਈ ਸਪਲਾਈ ਕਰਨ ਵਾਲੇ ਨੂੰ ਅਗਵਾ ਕਰਕੇ ਲੁੱਟਿਆ
ਪਰ ਪਰੀ ਕੌਰ ਨੇ ਅਪਣਾ ਦੇਸ਼ ਛੱਡਣ ਤੋਂ ਇਨਕਾਰ ਕਰ ਦਿਤਾ ਅਤੇ ਅਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਾਬੁਲ ’ਚ ਰਹਿ ਗਈ ਕਿ ਉਹ ਸਕੂਲੀ ਪੜ੍ਹਾਈ ਖ਼ਤਮ ਕਰੇ। ਮਾਰਚ 2020 ’ਚ ਇਸਲਾਮਿਕ ਸਟੇਟ-ਖੋਰਾਸਾਨ (ਆਈ.ਐਸ.-ਕੇ.) ਦੇ ਅਤਿਵਾਦੀਆਂ ਨੇ ਕਾਬੁਲ ’ਚ ਗੁਰਦੁਆਰੇ ’ਤੇ ਹਮਲਾ ਕਰ ਦਿਤਾ ਸੀ ਜਿਸ ’ਚ 25 ਸ਼ਰਧਾਲੂ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ, ਜ਼ਿਆਦਾਤਰ ਸਿੱਖ ਅਫਗਾਨਿਸਤਾਨ ਛੱਡ ਗਏ। ਇਸ ਤੋਂ ਬਾਅਦ ਵੀ ਪਰੀ ਕੌਰ ਨੇ ਜਾਣ ਤੋਂ ਇਨਕਾਰ ਕਰ ਦਿਤਾ। ਪਰ ਹੁਣ, ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ, ਉਸ ਨੇ ਕਿਹਾ ਕਿ ਅਤਿਵਾਦੀਆਂ ਦੇ ਅਧੀਨ ਧਾਰਮਿਕ ਆਜ਼ਾਦੀ ਦੀ ਘਾਟ ਨੇ ਉਸ ਕੋਲ ਵਿਦੇਸ਼ਾਂ ’ਚ ਸ਼ਰਨ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਛਡਿਆ ਹੈ।
ਉਸ ਨੇ ਕਿਹਾ, ‘‘ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਅਸੀਂ ਅਪਣੇ ਮੁੱਖ ਤਿਉਹਾਰ ਨਹੀਂ ਮਨਾਏ ਹਨ। ਸਾਡੇ ਕੋਲ ਅਫਗਾਨਿਸਤਾਨ ’ਚ ਬਹੁਤ ਘੱਟ ਸਿੱਖ ਰਹਿ ਗਏ ਹਨ। ਅਸੀਂ ਅਪਣੇ ਗੁਰਦੁਆਰਿਆਂ ਦੀ ਦੇਖਭਾਲ ਵੀ ਨਹੀਂ ਕਰ ਸਕਦੇ ਹਾਂ।’’ ਜ਼ਿਕਰਯੋਗ ਹੈ ਕਿ 1980ਵਿਆਂ ’ਚ ਅਫ਼ਗਾਨਿਸਤਾਨ ’ਚ 100,000 ਦੇ ਲਗਭਗ ਸਿੱਖ ਸਨ। ਪਰ 1979 ਤੋਂ ਬਾਅਦ ਸ਼ੁਰੂ ਹੋਈ ਜੰਗ ਮਗਰੋਂ ਜ਼ਿਆਦਾਤਰ ਸਿੱਖ ਅਫ਼ਗਾਨਿਸਤਾਨ ਛੱਡ ਕੇ ਚਲੇ ਗਏ ਹਨ। ਅਫ਼ਗਾਨਿਸਤਾਨ ਤੋਂ ਭਾਰਤ ਆਏ ਜ਼ਿਆਦਾਤਰ ਸਿੱਖਾਂ ਅਤੇ ਹਿੰਦੂਆਂ ਨੂੰ ਗ਼ਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਦਿੱਲੀ ਬਾਹਰ ਰਹਿ ਰਹੇ ਅਜਿਹੇ ਇਕ ਸਿੱਖ ਚਾਬੁਲ ਸਿੰਘ (57) ਨੇ ਕਿਹਾ, ‘‘ਅਸੀਂ ਬਹੁਤ ਦਬਾਅ ਪਾਏ ਜਾਣ ਤੋਂ ਬਾਅਦ ਅਪਣਾ ਦੇਸ਼ ਅਫ਼ਗਾਨਿਸਤਾਨ ਛੱਡ ਦਿਤਾ। ਅਫ਼ਗਾਨਿਸਤਾਨ ’ਚ ਅਸੀਂ ਅਪਣੀਆਂ ਪੱਗਾਂ ਕਾਰਨ ਛੇਤੀ ਪਛਾਣ ’ਚ ਆ ਜਾਂਦੇ ਸੀ। ਤਾਲਿਬਾਨ ਅਤੇ ਦਾਇਸ਼ ਦੋਹਾਂ ਨੇ ਸਿੱਖਾਂ ਦਾ ਕਤਲ ਕੀਤਾ।’’