ਕੈਨੇਡਾ 'ਚ ਪਲਟੀ ਬੱਸ, 1 ਪੰਜਾਬੀ ਨੌਜਵਾਨ ਸਮੇਤ 4 ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

50 ਤੋਂ ਵਧੇਰੇ ਲੋਕ ਜਖ਼ਮੀ 

Bus overturned in Canada, 4 including 1 Punjabi youth died

ਬ੍ਰਿਟਿਸ਼ ਕੋਲੰਬੀਆ - ਬੀਤੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਇੱਕ ਬਰਫੀਲੇ ਹਾਈਵੇਅ ਉੱਤੇ ਇੱਕ ਬੱਸ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਥੇ ਹੀ ਇਸ ਬੱਸ ਹਾਦਸੇ ਵਿਚ ਪੰਜਾਬ ਦੇ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਬੱਸ ਵੈਨਕੂਵਰ ਤੋਂ ਲਗਭਗ 170 ਮੀਲ ਉੱਤਰ-ਪੂਰਬ ਵਿਚ, ਮੈਰਿਟ ਦੇ ਪੂਰਬ ਵਿਚ ਹਾਈਵੇ 97C 'ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ। 

ਦੱਸਿਆ ਜਾ ਰਿਹਾ ਹੈ ਕਿ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਪੁੱਜੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੀ ਪੱਤੀ ਰਾਜਪੁਰਾ ਦੇ ਵਸਨੀਕ ਕਰਨਜੋਤ ਸਿੰਘ ਉਰਫ ਵਿੱਕੀ (42) ਦੀ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਨਵਜੀਤ ਕੌਰ (38) ਅਤੇ ਮਾਮੂਸ ਬੱਚੇ, ਜਿਨ੍ਹਾਂ ਵਿਚ ਸਾਹਿਬਜੀਤ ਸਿੰਘ (8) ਅਤੇ ਹਰਗੁਨ ਕੌਰ (3) ਛੱਡ ਗਿਆ ਹੈ।

ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਬੱਸ ਵਿਚ 50 ਤੋਂ ਵਧੇਰੇ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਰੇ ਗਏ ਬਾਕੀ ਲੋਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ ਅਤੇ ਇਹ ਬੱਸ ਕਿੱਥੋਂ ਆ ਰਹੀ ਸੀ ਅਤੇ ਕਿੱਥੇ ਜਾ ਰਹੀ ਸੀ, ਇਸ ਬੱਸ ਦਾ ਮਾਲਕ ਕੌਣ ਸੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।