ਬਿੱਟੂ ਦਾ ਕਤਲ ਕਰ ਸਿੰਘਾਂ ਨੇ ਸੋਧਾ ਨਹੀਂ ਲਾਇਆ ਸਗੋਂ ਸਿੱਖ ਕੌਮ ਨੂੰ ਹੀ ਨੁਕਸਾਨ ਪਹੁੰਚਾਇਆ: ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੱਠ ਪਿੱਛੇ ਵਾਰ ਕਰਨਾ ਇਹ ਸਿੱਖ ਦਾ ਕੰਮ ਨਹੀਂ: ਰੰਧਾਵਾ

Sukhjinder Singh Randhawa's Interview on Spokesman tv

ਚੰਡੀਗੜ੍ਹ: ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ‘ਸਪੋਕਸਮੈਨ ਟੀਵੀ’ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਕਈ ਵੱਡੇ ਖ਼ੁਲਾਸੇ ਕੀਤੇ। ਗੱਲਬਾਤ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਜੇਲ੍ਹਾਂ ’ਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਤੁਹਾਡੇ ’ਤੇ ਨਿਸ਼ਾਨਾ ਸਾਧਿਆ ਹੈ ਤੇ ਤੁਹਾਡਾ ਅਸਤੀਫ਼ਾ ਮੰਗਿਆ ਹੈ, ਕੀ ਕਹਿਣਾ ਚਾਹੋਗੇ?

ਜਵਾਬ: ਦੇਖੋ ਜੀ, ਸਹੀ ਗੱਲ ਹੈ ਕਿ ਜੇ ਜੇਲ੍ਹ ’ਚ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਸਾਰੀ ਗੱਲ ਇੰਚਾਰਜ ਮਨਿਸਟਰ ’ਤੇ ਆਉਂਦੀ ਹੈ ਕਿ ਠੀਕ ਢੰਗ ਨਾਲ ਪ੍ਰਬੰਧ ਕਿਉਂ ਨਹੀਂ ਹੋਏ ਤੇ ਇਸ ਵਿਚ ਮੈਂ ਮਨ੍ਹਾ ਵੀ ਨਹੀਂ ਕਰਦਾ। ਮਹਿੰਦਰਪਾਲ ਬਿੱਟੂ ਦੀ ਜਿਹੜੀ ਗੱਲ ਆ ਇਹ ਬਹੁਤ ਵੱਡੀ ਗੱਲ ਆ। ਜਦੋਂ ਵਿੱਕੀ ਗੌਂਡਰ ਹੋਰਾਂ ਨੂੰ ਫੜਿਆ ਸੀ ਤਾਂ ਉਹ ਜੇਲ੍ਹ ਹੋਰ ਸੀ ਇਹ ਜੇਲ੍ਹ ਹੋਰ ਹੈ।

ਸਾਨੂੰ ਕਦੇ ਵੀ ਕੋਈ ਇਸ ਜੇਲ੍ਹ ’ਚ ਖਤਰਾ ਨਹੀਂ ਮਹਿਸੂਸ ਹੋਇਆ ਤੇ ਸਾਰੇ ਇੰਟੈਲੀਜੈਂਸ ਵਾਲੇ ਤੇ ਪੁਲਿਸ ਵੀ ਮੋਨੀਟਰਿੰਗ ਕਰਦੀ ਸੀ। ਇਸ ਜੇਲ੍ਹ ਵਿਚ ਇਕ ਵੀ ਗੈਂਗਸਟਰ ਬੰਦੀ ਨਹੀਂ ਸੀ, ਇਸ ਕਰਕੇ ਬਿੱਟੂ ਨੂੰ ਇੱਥੇ ਰੱਖਿਆ ਗਿਆ ਸੀ। ਜਿਹੜਾ ਬਿੱਟੂ ਦਾ ਕਤਲ ਹੋਇਆ ਹੈ ਇਹ ਬਹੁਤ ਵੱਡੀ ਸਾਜ਼ਿਸ਼ ਹੈ।

ਸਵਾਲ: ਤੁਹਾਡੇ ਕੋਲ ਜੋ ਰਿਪੋਰਟ ਆਈ ਹੈ ਉਹ ਚੰਗੀ ਤਰ੍ਹਾਂ ਲੋਕਾਂ ਤੱਕ ਨਹੀਂ ਪਹੁੰਚੀ, ਇਸ ਲਈ ਇਕ ਵਾਰ ਵਿਸਥਾਰ ’ਚ ਪੁੱਛਣਾ ਚਾਹਾਂਗਾ ਕਿ ਰਿਪੋਰਟ ਕੀ ਕਹਿੰਦੀ ਹੈ?

ਜਵਾਬ: ਮੈਂ ਜੇਲ੍ਹ ਆਪ ਦੇਖ ਕੇ ਆਇਆ ਹਾਂ ਤੇ ਉੱਥੇ ਜਿਹੜੇ ਪ੍ਰੇਮੀ ਸੀ, ਉਨ੍ਹਾਂ ਨੂੰ ਵੀ ਮਿਲ ਕੇ ਆਇਆ ਹਾਂ। ਉੱਥੇ ਜਿਹੜੇ ਮੇਰੇ ਮੁਲਾਜ਼ਮ ਸੀ ਉਨ੍ਹਾਂ ਨਾਲ ਵੀ ਗੱਲ ਕੀਤੀ ਐ।

ਬੈਰਕਾਂ ਵਿਚ ਟੈਲੀਵਿਜ਼ਨ ਦੀ ਆਗਿਆ ਦਿਤੀ ਹੋਈ ਹੈ ਕਿ ਤੁਸੀਂ ਚਲਾ ਸਕਦੇ ਹੋ। ਮਹਿੰਦਰਪਾਲ ਬਿੱਟੂ ਨੇ ਟੀਵੀ ਦੀ ਮੰਗ ਕੀਤੀ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਟੀਵੀ ਲੈ ਕੇ ਆਉਣਾ ਹੈ। ਜਿਸ ਪਾਸਿਉਂ ਇਨ੍ਹਾਂ ਇਕੱਲਿਆਂ ਨੂੰ ਕੱਢਿਆ ਜਾਂਦਾ ਸੀ ਉਸ ਪਾਸੇ ਦੀਆਂ ਟਾਇਲਾਂ ਲੱਗੀਆਂ ਹੋਈਆਂ ਸਨ ਤੇ ਉੱਥੇ ਇਨ੍ਹਾਂ ਨੂੰ ਰੋਕ ਦਿਤਾ ਗਿਆ ਕਿ ਇੱਥੇ ਟਾਇਲਾਂ ਲੱਗੀਆਂ ਨੇ ਤੁਸੀਂ ਬਾਅਦ ਵਿਚ ਟੀਵੀ ਲੈ ਜਾਇਓ।

ਫਿਰ ਇਨ੍ਹਾਂ ਨੇ ਪੈਸਕੋ ਵਾਲਿਆਂ ਨੂੰ ਕਿਹਾ ਕਿ ਮੈਂ ਇਸ ਸਾਈਡ ਦੀ ਚਲਾ ਜਾਂਦਾ ਹਾਂ ਤੇ ਅਗਲੇ ਪਾਸੇ ਜੇਲ੍ਹ ਵਿਭਾਗ ਦਾ ਕਾਂਸਟੇਬਲ ਖੜ੍ਹਾ ਸੀ ਤੇ ਉਸ ਨੇ ਕਿਹਾ ਕਿ ਤੂੰ ਵਾਪਸ ਚਲਾ ਜਾ, ਇਧਰੋਂ ਤੂੰ ਨਹੀਂ ਜਾ ਸਕਦਾ ਕਿਉਂਕਿ ਇਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਉਸ ਵੇਲੇ ਬਾਹਰ ਕੱਢਿਆ ਜਾਂਦਾ ਸੀ ਜਦੋਂ ਬਾਕੀ ਕੈਦੀਆਂ ਦੀ ਬੰਦੀ ਹੋ ਜਾਂਦੀ ਸੀ। ਇਨ੍ਹਾਂ ਦੀ ਹਰ ਸ਼ਨਿਚਰਵਾਰ ਮੁਲਾਕਾਤ ਹੁੰਦੀ ਸੀ ਤੇ ਮੁਲਾਕਾਤ ਦਾ ਸਮਾਂ 1 ਵਜੇ ਤੋਂ 2:30 ਵਜੇ ਤੱਕ ਹੁੰਦਾ ਸੀ ਤੇ ਉਸ ਸਮੇਂ ਕੋਈ ਹੋਰ ਮੁਲਾਕਾਤਾਂ ਨਹੀਂ ਹੁੰਦੀਆਂ ਸਨ।

ਉਸ ਦਿਨ ਇਹ ਹੋਇਆ ਕਿ ਜਦੋਂ ਕਾਂਸਟੇਬਲ ਨੇ ਇਹ ਕਹਿ ਦਿਤਾ ਕਿ ਵਾਪਸ ਜਾਓ ਤਾਂ ਇੰਨੇ ਸਮੇਂ ਵਿਚ ਵੀ ਇਹ ਘਟਨਾ ਵਾਪਰ ਗਈ। ਇਹ ਬਰਗਾੜੀ ਕਾਂਡ ਦੇ ਉਪਰ ਬਹੁਤ ਵੱਡੀ ਸਾਜ਼ਿਸ਼ ਕਿਹਾ ਜਾ ਸਕਦਾ ਹੈ। ਅੱਜ ਜਿਵੇਂ ਕਹਿ ਰਹੇ ਨੇ ਕਿ ਸਿੰਘਾਂ ਨੇ ਸੋਧਾ ਲਾ ਦਿਤਾ। ਇਹ ਸੋਧਾ ਨਹੀਂ ਲਾਇਆ ਜਾਂਚ ਨੂੰ ਬੜੇ ਤਰੀਕੇ ਦੇ ਨਾਲ ਉਨ੍ਹਾਂ ਨੇ ਪ੍ਰਭਾਵਿਤ ਕੀਤਾ ਹੈ। ਇਸ ਬੰਦੇ ਤੋਂ ਇਨਕੁਆਇਰੀ ਚੱਲਣੀ ਸੀ ਪੁੱਛਗਿੱਛ ਹੋਣੀ ਸੀ ਕਿ ਕਿਸ ਬੰਦੇ ਨੇ ਤੈਨੂੰ ਬਚਾਇਆ, ਕਿਵੇਂ ਤੂੰ ਇਹ ਸਭ ਕੁਝ ਕੀਤਾ, ਇਹ ਸਭ ਕੁਝ ਅੱਜ ਉਸ ਦੇ ਨਾਲ ਹੀ ਦਫ਼ਨ ਹੋ ਗਿਆ।

ਬਿੱਟੂ ਨੇ ਆਪ ਵੀ ਜੱਜ ਦੇ ਸਾਹਮਣੇ ਬਿਆਨ ਦਿਤਾ ਸੀ ਤੇ ਸਾਰੀਆਂ ਗੱਲਾਂ ਮੰਨੀਆਂ ਸੀ ਤੇ ਕਿਹਾ ਸੀ ਕਿ ਮੇਰੇ ਮਨ ’ਤੇ ਇਸ ਗੱਲ ਨੂੰ ਲੈ ਕੇ ਬੋਝ ਹੈ। ਬਾਕੀ ਲਾਪਰਵਾਹੀ ਤਾਂ ਜੇਲ੍ਹ ਵਿਭਾਗ ਦੀ ਵੀ ਹੈ ਕਿ ਜਿਹੜੇ ਅੰਦਰ ਨੇ ਉਨ੍ਹਾਂ ਨੂੰ ਕਿਉਂ ਜਾਣ ਦਿਤਾ ਤੇ ਜਿਹੜੇ ਦਰਵਾਜ਼ੇ ਲਗਾਏ ਗਏ ਸੀ ਉਸ ਨੇ ਕਿਵੇਂ ਆਗਿਆ ਦਿਤੀ ਕਿ ਚਲਾ ਜਾ, ਇਹ ਗੱਲਾਂ ਦੇਖਣ ਵਾਲੀਆਂ ਹਨ।

ਸਵਾਲ: ਤੁਸੀਂ ਕਹਿ ਰਹੇ ਹੋ ਕਿ ਕੁੰਵਰ ਵਿਜੇ ਪ੍ਰਤਾਪ ਨੇ ਹੁਣ ਪੁਛਗਿੱਛ ਕਰਨੀ ਸੀ, ਸਿੱਟ ਬਣੀ ਨੂੰ ਤਾਂ 2 ਸਾਲ ਹੋ ਗਏ ਨੇ ਤੇ ਪਹਿਲਾਂ ਕਿਉਂ ਨਹੀਂ ਹੋਈ ਪੁੱਛਗਿੱਛ?

ਜਵਾਬ: ਇਹ ਤਾਂ ਓਹੀ ਜਵਾਬ ਦੇਣਗੇ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਜਦੋਂ ਉਨ੍ਹਾਂ ਨੇ ਕਹਿਣਾ ਸੀ ਉਦੋਂ ਹੀ ਪੁੱਛਗਿੱਛ ਤਾਂ ਹੋਣੀ ਸੀ। ਇਸ ਲਈ ਮੈਂ ਇਹਦੇ ਬਾਰੇ ਨਹੀਂ ਕੋਈ ਜਵਾਬ ਦੇ ਸਕਦਾ, ਓਹੀ ਦੇਣਗੇ।

ਸਵਾਲ: ਪਟਿਆਲਾ ਜੇਲ੍ਹ ’ਚੋਂ ਚਾਰ ਪੁਲਿਸ ਮੁਲਾਜ਼ਮ ਹਰਜੀਤ ਹੱਤਿਆ ਕਾਂਡ ਵਾਲੇ, ਉਹ ਛੱਡਣ ਦਾ ਮਾਮਲੇ ’ਚ ਕੱਲ੍ਹ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?

ਜਵਾਬ: ਦੇਖੋ ਜੀ, ਜਿਹੜੇ ਅਸਲ ਵਿਚ ਚਾਰ ਬੰਦੇ ਨੇ, ਉਨ੍ਹਾਂ ਵਿਚੋਂ ਯੂਪੀ ਦੇ ਤਿੰਨ ਬੰਦੇ ਨੇ। 2-11-2016 ਨੂੰ ਇਨ੍ਹਾਂ ਦਾ ਕੇਸ ਮੂਵ ਹੋਇਆ ਤੇ ਗਵਰਨਰ ਸਾਬ੍ਹ ਨੇ ਆਫ਼ੀਸ਼ੀਅਲ ਲੈਟਰ ਆਪ ਮਾਰਕ ਕੀਤਾ ਕਿ ਸਰਕਾਰ ਕੋਲੋਂ ਪੁੱਛਿਆ ਜਾਵੇ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਸਮੇਂ ਦੇ ਡੀਜੀਪੀ ਨੇ ਸਿੱਧਾ ਗਵਰਨਰ ਸਾਬ੍ਹ ਨੂੰ ਕੇਸ ਭੇਜਿਆ। ਇਸੇ ਕੇਸ ਵਿਚ ਹੀ ਹੁਣ ਸੁਖਬੀਰ ਬਾਦਲ, ਉਸ ਸਮੇਂ ਦੇ ਡੀਜੀਪੀ ਜਾਂ ਹੋਮ ਸੈਕਟਰੀ ਦੱਸ ਸਕਦੇ ਨੇ ਕਿ ਕਿਉਂ ਸਿੱਧਾ ਕੇਸ ਭੇਜਿਆ ਗਿਆ ਜਾਂ ਫਿਰ ਸ. ਪ੍ਰਕਾਸ਼ ਸਿੰਘ ਬਾਦਲ ਦੱਸ ਸਕਦੇ ਨੇ।

ਇਕ ਚੀਜ਼ ਹੋਰ ਦੇਖੋ ਕਿ ਜਸਪਾਲ ਸਿੰਘ ਖਾਲੜਾ ਮਿਸ਼ਮ ਵਾਲੇ ਮਾਮਲੇ ’ਚ ਅੰਦਰ ਹੈ ਤੇ ਉਸ ਨੂੰ 12 ਸਾਲ ਹੋ ਗਏ ਨੇ। ਉਸ ਦਾ ਕਈ ਵਾਰ ਭਾਰਤ ਸਰਕਾਰ ਨੂੰ ਕੇਸ ਗਿਆ। ਉਸ ਦੀ 12 ਸਾਲ ਜੇਲ੍ਹ ਤੇ ਇਸ ਦੀ ਢਾਈ ਸਾਲ ਜੇਲ੍ਹ। ਇਨ੍ਹਾਂ ਨੂੰ ਤਾਂ ਸਰਕਾਰ ਛੱਡ ਰਹੀ ਹੈ ਪਰ ਜਿਹੜਾ 12 ਸਾਲ ਦਾ ਬੰਦ ਹੈ ਉਹਦੇ ਬਾਰੇ ਲਿਖ ਕੇ ਭੇਜ ਦਿਤਾ ਕਿ ਇਸ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ। ਮੇਰੇ ਵਲੋਂ ਵੀ ਇਹੀ ਲਿਖਿਆ ਗਿਆ ਹੈ ਕਿ ਇਸ ਦੀ ਰਿਹਾਈ ਨਹੀਂ ਬਣਦੀ ਤੇ ਇਹਨੂੰ ਬੰਦ ਕੀਤਾ ਜਾਵੇ।

ਗਵਰਨਰ ਕੋਲ ਜਿਹੜੀ ਪਾਰਡਨ ਦਾ ਜਾਂਦੀ ਹੈ ਉਸ ਵਿਚ ਮੈਂ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਦਲ ਸਾਬ੍ਹ ਗਵਰਨਰ ਜਾਂ ਰਾਸ਼ਟਰਪਤੀ ਜਿਹੜੀ ਸਰਕਾਰ ਕੋਲੋਂ ਇਨਕੁਆਇਰੀ ਮੰਗੇਗਾ ਉਹ ਸਰਕਾਰ ਨੂੰ ਲਿਖ ਕੇ ਭੇਜਣਾ ਪਵੇਗਾ ਕਿ ਇਸ ਦਾ ਆਹ ਕੰਡਕਟ ਆ। ਹੇਠਲੀ ਲਾਈਨ ਉਸ ਵਿਚ ਲਿਖੀ ਜਾਂਦੀ ਹੈ ਕਿ ਇਸ ਕੇਸ ਵਿਚ ਮਾਨਯੋਗ ਗਵਰਨਰ ਸਾਬ੍ਹ ਕੋਲ ਜਿਹੜਾ ਕੇਸ ਭੇਜਿਆ ਜਾਂਦਾ ਹੈ ਇਸ ਵਿਚ ਸਾਡੀ ਕੋਈ ਸਿਫ਼ਾਰਿਸ਼ ਨਹੀਂ।

ਅੱਗੇ ਗਵਰਨਰ ਸਾਬ੍ਹ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਕਿਸ ਨੂੰ ਛੱਡਣਾ ਹੈ ਤੇ ਕਿਸ ਨੂੰ ਨਹੀਂ। ਸਰਦਾਰ ਜਿਹੜੇ ਅਕਾਲੀ ਦਲ ਦੇ ਬੈਠੇ ਨੇ ਇਨ੍ਹਾਂ ਨੂੰ ਗਵਰਨਰ ਸਾਬ੍ਹ ਨੂੰ ਕਹਿਣਾ ਚਾਹੀਦਾ ਹੈ ਕਿ ਅਪਣਾ ਫ਼ੈਸਲਾ ਵਾਪਸ ਲੈਣ, ਸਰਕਾਰ ਨੂੰ ਇਸ ਦੇ ਨਾਲ ਕੋਈ ਲੈਣ-ਦੇਣ ਨਹੀਂ।

ਸਵਾਲ: ਦੋ ਪੁਲਿਸ ਵਾਲੇ ਰਵੀ ਕੁਮਾਰ ਸਿੰਘ ਤੇ ਓਅੰਕਾਰ ਸਿੰਘ ਯਾਦਵ ਲਖਨਊ ਜ਼ਿਲ੍ਹੇ ਨਾਲ ਸਬੰਧਤ ਹਨ ਤੇ ਲਖਨਊ ਸਾਬਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਲੋਕ ਸਭਾ ਹਲਕਾ ਹੈ। ਜਦੋਂ 2016 ਤੋਂ ਫਾਈਲ ਤੁਰੀ ਹੈ ਤਾਂ ਗਵਰਨਰ ਵੀ ਭਾਰਤੀ ਜਨਤਾ ਪਾਰਟੀ ਦੇ ਬੈਕਗ੍ਰਾਊਂਡ ਵਾਲਾ ਸੀ ਭਾਵੇਂ ਹੁਣ ਉਹ ਇਕ ਵੱਕਾਰੀ ਅਹੁਦੇ ’ਤੇ ਹਨ। ਪਰ ਕਿਤੇ ਨਾਲ ਕਿਤੇ ਕੜੀ ਜੁੜਦੀ ਨਜ਼ਰ ਆ ਰਹੀ ਹੈ ਕਿ ਸਿਆਸੀ ਦਬਾਅ ਸੀ, ਕੀ ਕਹਿਣਾ ਚਾਹੋਗੇ?

ਜਵਾਬ: ਦੇਖੋ, ਇਹੀ ਮੈਂ ਤੁਹਾਨੂੰ ਕਿਹਾ ਸੀ ਕਿ ਉਸ ਸਮੇਂ ਗ੍ਰਹਿ ਮੰਤਰੀ ਉਨ੍ਹਾਂ ਦੇ ਜ਼ਿਲ੍ਹੇ ਦੇ ਸਨ। ਮੈਂ ਸਮਝਦਾ ਹਾਂ ਕਿ ਸੁਖਬੀਰ ਬਾਦਲ ਜਾਂ ਗਵਰਨਰ ਸਾਬ੍ਹ ਮੇਰੇ ਨਾਲੋਂ ਵਧੀਆ ਜਵਾਬ ਇਸ ਉਤੇ ਦੇ ਸਕਦੇ ਹਨ ਕਿਉਂਕਿ ਗਵਰਨਰ ਸਾਬ੍ਹ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਤੇ ਜੇਲ੍ਹ ਦੇ ਜਿੰਨੇ ਪਾਰਡਨ ਹੁੰਦੇ ਨੇ ਉਹ ਗਵਰਨਰ ਸਾਬ੍ਹ ਕਰਦੇ ਨੇ ਅਸੀਂ ਕੇਸ ਉਨ੍ਹਾਂ ਕੋਲ ਭੇਜ ਦਿੰਦੇ ਹਾਂ। ਇਸ ਕੇਸ ਨੂੰ ਰੀਵਿਊ ਕਰਨ ਲਈ ਅਕਾਲੀ ਦਲ ਨੂੰ ਗਵਰਨਰ ਸਾਬ੍ਹ ਨਾਲ ਗੱਲ ਕਰਨੀ ਚਾਹੀਦੀ ਹੈ।

ਫਿਰ ਜੋ ਸਾਡੇ ਕੋਲ ਆਏਗਾ, ਅਸੀਂ ਲਿਖ ਕੇ ਭੇਜਾਂਗੇ। ਉਸ ਸਮੇਂ ਕੈਪਟਨ ਅਮਰਿੰਦਰ ਸਾਬ੍ਹ ਨੇ ਭਾਰਤ ਸਰਕਾਰ ਕੋਲੋਂ ਸਫ਼ਾਈ ਮੰਗੀ ਸੀ ਇਸ ਕੇਸ ਬਾਰੇ, ਕਿ ਇਹ ਸੀਬੀਆਈ ਕੇਸ ਹੈ ਤੇ ਇਸ ਉਤੇ ਤੁਹਾਡੇ ਵਲੋਂ ਟਿੱਪਣੀ ਦਿਤੀ ਜਾਵੇ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਗਵਰਨਰ ਸਾਬ੍ਹ ਅਪਣੇ ਲੈਵਲ ਉਤੇ ਕੋਈ ਵੀ ਫ਼ੈਸਲਾ ਲੈ ਸਕਦੇ ਹਨ।

ਸਵਾਲ: ਬਿੱਟੂ ਦੇ ਕਤਲ ਬਾਰੇ ਤੁਹਾਡਾ ਵੀ ਇਹ ਕਹਿਣਾ ਹੈ ਕਿ ਸਾਜ਼ਿਸ਼ ਹੈ ਤੇ ਹੁਣ ਡੇਰਾ ਪ੍ਰੇਮੀਆਂ ਦਾ ਸੁਰੱਖਿਆ ਵਾਸਤੇ ਹੋਰ ਕੀ ਕਦਮ ਚੁੱਕ ਰਹੀ ਹੈ ਸਰਕਾਰ?

ਜਵਾਬ: ਉਨ੍ਹਾਂ ਦੀ ਇਸ ਸਮੇਂ ਸੁਰੱਖਿਆ ਪੂਰੀ ਹੈ, ਪਹਿਲਾਂ ਵੀ ਪੂਰੀ ਸੀ ਪਰ ਬਦਕਿਸਮਤੀ ਇਹ ਹੈ ਕਿ ਇਹ ਘਟਨਾ ਹੋਈ ਕਿਵੇਂ। ਮੈਂ ਉੱਥੇ ਕਈ ਵਾਰ ਉਨ੍ਹਾਂ ਨੂੰ ਪੁੱਛਿਆ ਵੀ ਸੀ ਕਿ ਤੁਹਾਨੂੰ ਕੋਈ ਖ਼ਤਰਾ ਤਾਂ ਨਹੀਂ ਤੇ ਉਨ੍ਹਾਂ ਨੇ ਕਈ ਵਾਰ ਕਿਹਾ ਕਿ ਨਹੀਂ ਜੀ ਕੋਈ ਖ਼ਤਰਾ ਨਹੀਂ। ਅਸੀਂ ਰਹਿੰਦੇ ਹੀ ਇਕੱਲੇ ਸੀ ਤੇ ਪਹਿਲੀ ਵਾਰ ਹੀ ਬਾਹਰ ਨਿਕਲੇ ਤੇ ਉਸ ਦਿਨ ਹੀ ਸਾਡੇ ਉਤੇ ਹਮਲਾ ਹੋ ਗਿਆ।

ਸਵਾਲ: ਸੁਣਨ ਵਿਚ ਆ ਰਿਹਾ ਹੈ ਕਿ 6 ਮਹੀਨਿਆਂ ਤੋਂ ਇਹ ਤਿਆਰੀ ਚੱਲ ਰਹੀ ਸੀ ਤੇ ਗੁਰਸੇਵਕ ਸਿੰਘ 2 ਮਹੀਨਿਆਂ ਦੀ ਪੈਰੋਲ ਲੈ ਕੇ ਆਇਆ ਹੈ?

ਜਵਾਬ: ਸਾਡੀ ਜਿਹੜੀ ਸਿੱਖ ਕੌਮ ਹੈ ਇਨ੍ਹਾਂ ਨੂੰ ਥੋੜਾ ਸੋਚਣਾ ਪਵੇਗਾ। ਜਿਵੇਂ ਹੁਣ ਕਈ ਚੈਨਲ ਨੇ ਉਹ ਕਹਿਣ ਲੱਗ ਗਏ ਨੇ ਭਾਈ ਸਾਬ੍ਹ ਭਾਵੇਂ ਕੇਸ ਕੱਟੇ ਹੋਏ ਨੇ, ਇਹ ਥੋੜਾ ਸਿੱਖੀ ਦੇ ਉਤੇ ਰਹਿਮ ਕਰਨ। ਕਦੇ ਵੀ ਗੁਰੂ ਸਾਬ੍ਹ ਨੇ ਇਹੋ ਜਿਹੀ ਚੀਜ਼ ਨਹੀਂ ਕੀਤੀ, ਜੇ ਸ਼ੇਰ ’ਤੇ ਹਮਲਾ ਕਰਨਾ ਸੀ ਤਾਂ ਪਹਿਲਾਂ ਗੁਰੂ ਸਾਬ੍ਹ ਨੇ ਉਸ ਨੂੰ ਉਠਾਇਆ। ਪਿੱਠ ਪਿੱਛੇ ਵਾਰ ਕਰਨਾ ਇਹ ਸਿੱਖ ਦਾ ਕੰਮ ਨਹੀਂ। ਵਾਰ ਵੀ ਉਸ ਬੰਦੇ ’ਤੇ ਕੀਤਾ ਜਿਸ ਕੋਲੋਂ ਸਾਡੇ ਗੁਰੂ ਦੀ ਬੇਅਦਬੀ ਬਾਰੇ ਸਾਰੇ ਰਾਜ ਪਤਾ ਲੱਗਣੇ ਸੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਸ ਬੰਦੇ ਨੇ ਇਹ ਕੀਤਾ ਹੈ ਉਸ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ  ਕੀਤਾ ਹੈ।

ਸਵਾਲ: ਬੇਅਦਬੀ ਮਾਮਲਿਆਂ ’ਚ ਇਨਸਾਫ਼ ਦੀ ਦੇਰੀ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਵਿਚ ਰੋਸ ਹੈ ਤੇ ਸਰਕਾਰ ਪ੍ਰਤੀ ਵੀ ਰੋਸ ਹੈ? ਕਿਉਂਕਿ ਬਹੁਤ ਦੇਰੀ ਹੋ ਰਹੀ ਹੈ?

ਜਵਾਬ: ਸਿੱਟ ਨੇ ਬਹੁਤ ਕੰਮ ਕੀਤਾ ਹੈ। ਹਾਈਕੋਰਟ ਵਿਚ ਕਿੰਨੇ ਸਮਾਂ ਸਟੇਅ ਮਿਲਿਆ ਰਿਹਾ। ਸਟੇਅ ਟੁੱਟਣ ਤੋਂ ਬਾਅਦ ਐਸਐਸਪੀ ਫੜਿਆ, ਆਈ.ਜੀ ਫੜਿਆ ਤੇ ਹੋਰ ਕਈ ਬੰਦੇ। ਦੇਖੋ ਜੀ ਅਕਾਲੀ ਦਲ ਸ਼ਰੇਆਮ ਹੀ ਕਹੀ ਜਾਂਦੀ ਹੈ ਕਿ ਅਸੀਂ ਸਾਥ ਨਹੀਂ ਦੇਣਾ ਤੇ ਇਹ ਪਬਲਿਕ ਦੱਸ ਦਵੇ ਕਿ ਇਨ੍ਹਾਂ ਦਾ ਸਾਥ ਕਿਵੇਂ ਲੈਣਾ ਹੈ। ਅਕਾਲੀ ਇਹ ਕਹਿੰਦੇ ਨੇ ਕਿ ਅਸੀਂ ਜੋਰਾ ਸਿੰਘ ਕਮਿਸ਼ਨ ਨਹੀਂ ਮੰਨਦੇ, ਐਸਆਈਟੀ ਨਹੀਂ ਮੰਨਦੇ। ਜੇ ਇਹ ਇੰਨੇ ਹੀ ਸੀ ਤਾਂ 2015 ਵਿਚ ਹਾਈਕੋਰਟ ਦਾ ਸਿਟਿੰਗ ਜੱਜ ਬਿਠਾ ਲੈਂਦੇ, ਸੁਪਰੀਮ ਕੋਰਟ ਦਾ ਸਿਟਿੰਗ ਜੱਜ ਬਿਠਾ ਲੈਂਦੇ।

ਹੁਣ ਚਲਾਨ ਵੀ ਦੇਖੋ ਪੇਸ਼ ਹੋ ਗਿਆ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਇਸ ਬੰਦੇ ਦੀ ਮੌਤ ਨਾਲ ਬਹੁਤ ਨੁਕਸਾਨ ਹੋਇਆ ਹੈ ਤੇ ਇਹ ਜਿਹੜੇ ਮਗਰਮੱਛ ਦੇ ਹੰਝੂ ਵਗਾਉਂਦੇ ਫਿਰਦੇ ਨੇ ਇਨ੍ਹਾਂ ਨੂੰ ਵੀ ਸੋਚਣਾ ਪਵੇਗਾ।

ਬਾਕੀ ਰਹੀ ਗੱਲ ਅਸਤੀਫ਼ੇ ਦੀ ਤਾਂ ਜਿਸ ਦਿਨ ਮੈਨੂੰ ਲੱਗਾ ਕਿ ਮੇਰੇ ਕੋਲੋਂ ਕੋਈ ਗਲਤ ਕੰਮ ਹੋਇਆ ਹੈ ਤਾਂ ਮੈਂ ਇਕ ਸਕਿੰਟ ਵਿਚ ਅਸਤੀਫ਼ਾ ਦੇਵਾਂਗਾ।

ਸੁਖਬੀਰ ਬਾਦਲ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਦਿਨ ਵਿੱਕੀ ਗੌਂਡਰ ਨੂੰ ਭਜਾਇਆ ਉਸ ਦਿਨ ਤੂੰ ਕਿਉਂ ਨਹੀਂ ਅਸਤੀਫ਼ਾ ਦਿਤਾ। ਇਹਦੇ ਸਾਲੇ ਬਿਕਰਮ ਮਜੀਠੀਏ ਉਤੇ ਸ਼ਰੇਆਮ ਨਸ਼ੇ ਦੇ ਦੋਸ਼ ਲੱਗਦੇ ਰਹੇ ਕਿ ਤੁਸੀਂ ਚਿੱਟਾ ਵੇਚਦੇ ਹੋ ਤਾਂ ਤੁਸੀਂ ਕਿਉਂ ਨਹੀਂ ਉਸ ਕੋਲੋਂ ਅਸਤੀਫ਼ਾ ਮੰਗਿਆ। ਸੁਖਬੀਰ ਅਸੈਂਬਲੀ ਵਿਚ ਖੜ੍ਹਾ ਹੋ ਕੇ ਕਹਿੰਦਾ ਸੀ ਕਿ ਭੋਲੇ ਕੋਲੋਂ 6 ਹਜ਼ਾਰ ਕਰੋੜ ਦੀ ਡਰੱਗ ਫੜੀ ਗਈ ਹੈ ਉਹ ਕਿਉਂ ਅਜੇ ਤੱਕ ਨਹੀਂ ਕਿਤੇ ਮਿਲੀ। ਠੀਕ ਹੈ ਕਿ ਦੇਰੀ ਹੋਈ ਹੈ ਤੇ ਲੋਕਾਂ ਦੇ ਮਨ ਵੀ ਰੋਸ ਹੈ ਪਰ ਲੋਕ ਪਿੰਡਾਂ ਦੇ ਕਹਿੰਦੇ ਨੇ ਕਿ ਅਕਾਲੀ ਦਲ ਵਿਚ ਜੋ ਬੇਅਦਬੀ ਹੋਈ ਅੱਜ ਤੱਕ ਕਿਸੇ ਸਰਕਾਰ ਵਿਚ ਨਹੀਂ ਹੋਈ।