ਅਮਰੀਕਾ ਤੋਂ ਟਰੱਕ ਡਰਾਈਵਰ ਨੇ ਬਿਆਨ ਕੀਤਾ ਪੂਰਾ ਮੰਜਰ ਪੰਜਾਬੀਆਂ ਨੂੰ ਦਿੱਤੀ ਅਹਿਮ ਸਲਾਹ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੋਰੋਨਾ ਵਾਇਰਸ ਇਸ ਸਮੇਂ ਵਿਸ਼ਵ ਵਿਆਪੀ ਸਮੱਸਿਆ ਬਣਿਆ ਹੋਇਆ ਹੈ।

Photo

ਚੰਡੀਗੜ੍ਹ: ਕੋਰੋਨਾ ਵਾਇਰਸ ਇਸ ਸਮੇਂ ਵਿਸ਼ਵ ਵਿਆਪੀ ਸਮੱਸਿਆ ਬਣਿਆ ਹੋਇਆ ਹੈ। ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਦੀ ਕੋਸ਼ਿਸ਼ ਹੈ ਕਿ ਅਸੀਂ ਅਪਣੇ ਦਰਸ਼ਕਾਂ ਨੂੰ ਦੁਨੀਆ ਦੇ ਹਰ ਕੋਨੇ ਤੋਂ ਖ਼ਬਰ ਦਈਏ ਤਾਂ ਜੋ ਲੋਕਾਂ ਨੂੰ ਦੁਨੀਆ ਭਰ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਸਿੰਘ ਭੌਗਲ ਨੇ ਅਮਰੀਕਾ ਦੀ ਯੂਵਾ ਸਿਟੀ ਤੋਂ ਧਰਮਵੀਰ ਸਿੰਘ ਨਾਲ ਗੱਲਬਾਤ ਕੀਤੀ ਜੋ ਕਿ ਅਮਰੀਕਾ ਵਿਚ ਟਰੱਕ ਡਰਾਇਵਰ ਹਨ।

ਇਸ ਦੌਰਾਨ ਧਰਮਵੀਰ ਕੋਲੋਂ ਅਮਰੀਕਾ ਦੇ ਤਾਜ਼ਾ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਕੰਮ ਪ੍ਰਭਾਵਿਤ ਹੋਣ ਨਾਲ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ। ਉਹਨਾਂ ਦੱਸਿਆ ਕਿ ਅਮਰੀਕਾ ਵਿਚ ਭਾਰਤ ਨਾਲੋਂ ਲਗਭਗ 10 ਦਿਨ ਪਹਿਲਾਂ ਲੌਕਡਾਊਨ ਹੋ ਗਿਆ ਸੀ। ਉਹਨਾਂ ਦੱਸਿਆ ਕਿ ਦੇਸ਼ ਵਿਚ ਹਰ ਤਰ੍ਹਾਂ ਦੇ ਕੰਮ ‘ਤੇ ਰੋਕ ਲਗਾ ਦਿੱਤੀ ਗਈ ਹੈ ਤੇ ਸਾਰਾ ਕੁਝ ਬੰਦ ਹੈ। ਸਿਰਫ਼ ਗਰੋਸਰੀ ਸਟੋਰ ਖੁੱਲ੍ਹੇ ਹਨ। 

ਉਹਨਾਂ ਦੱਸਿਆ ਕਿ ਗਰੋਸਰੀ ਸਟੋਰ ਸਵੇਰੇ 8 ਵਜੇ ਖੁੱਲ੍ਹਦੇ ਹਨ ਤੇ ਲੋਕ ਛੇ ਵਜੇ ਤੋਂ ਹੀ ਲਾਈਨਾਂ ਬਣਾ ਕੇ ਖੜ੍ਹੇ ਹੋ ਜਾਂਦੇ ਹਨ। ਸਰਕਾਰ ਨੇ ਲੋਕਾਂ ਨੂੰ ਸਮਾਨ ਲੈਣ ਲਈ ਸਮਾਂ ਤੈਅ ਕੀਤਾ ਹੋਇਆ ਹੈ। ਉਹਨਾਂ ਕਿਹਾ ਕੋਰੋਨਾ ਕਾਰਨ ਹਰ ਕੋਈ ਸਹਿਮਿਆ ਹੋਇਆ ਹੈ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਉਹਨਾਂ ਕਿਹਾ ਕਿ  ਇਸ ਬਿਮਾਰੀ ਦਾ ਖਤਰਾ ਟਰੱਕ ਡਰਾਇਵਰਾਂ ਨੂੰ ਜ਼ਿਆਦਾ ਹੈ ਕਿਉਂਕਿ ਉਹ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਮਿਲਦੇ ਹਨ। 

ਉਹਨਾਂ ਦੱਸਿਆ ਕਿ ਕੋਰੋਨਾ ਕਾਰਨ ਹੋਏ ਲੌਕਡਾਊਨ ਨਾਲ ਲੋਕਾਂ ਦੀ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਹੋਈ ਹੈ। ਉਹਨਾਂ ਕਿਹਾ ਕਿ ਇੱਥੇ ਲੰਗਰ ਵੀ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਮਰੀਕਾ ਦੀ ਸਰਕਾਰ ਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਸੀ। ਉਹਨਾਂ ਦੱਸਿਆ ਕਿ ਅਮਰੀਕਾ ਵਿਚ ਸਮੁੰਦਰੀ ਰਾਸਤੇ ਜ਼ਰੀਏ ਵੀ ਇਹ ਬਿਮਾਰੀ ਜ਼ਿਆਦਾ ਫੈਲੀ ਹੈ।

ਉਹਨਾਂ ਕਿਹਾ ਕਿ ਹਰ ਕਿਸੇ ਨੂੰ ਚਾਹੀਦਾ ਹੈ ਕਿ ਅਪਣੇ ਕੋਲ ਦਸਤਾਨੇ ਜਾਂ ਸੈਨੀਟਾਈਜ਼ਰ ਜ਼ਰੂਰ ਰੱਖੋ। ਉਹਨਾਂ ਕਿਹਾ ਬਿਨਾਂ ਕੰਮ ਕੀਤੇ ਕਿਸੇ ਦਾ ਗੁਜ਼ਾਰਾ ਨਹੀਂ ਹੋ ਸਕਦਾ, ਇਸ ਲਈ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜ਼ਿਆਦਾ ਵਪਾਰ ਟਰੱਕਾਂ ਦੇ ਜ਼ਰੀਏ ਹੁੰਦਾ ਹੈ ਤੇ ਜੇਕਰ ਟਰੱਕਾਂ ਦਾ ਕੰਮ ਬੰਦ ਹੋ ਗਿਆ ਤਾਂ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਲਈ ਮੁਸ਼ਕਿਲ ਆ ਸਕਦੀ ਹੈ।

ਉਹਨਾਂ ਕਿਹਾ ਕਿ ਇੱਥੋਂ ਦੇ ਲੋਕ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਹਨ। ਉਹਨਾਂ ਦੱਸਿਆ ਕਿ ਲੋਕ ਸੜਕਾਂ ‘ਤੇ ਫਾਲਤੂ ਨਹੀਂ ਨਿਕਲ ਰਹੇ ਤੇ ਡਾਕਟਰ ਵੀ ਅਪਣੇ ਮਰੀਜਾਂ ਨੂੰ ਵੀਡੀਓ ਕਾਲ ‘ਤੇ ਲੈ ਰਹੇ ਹਨ। ਜੇਕਰ ਕੋਈ ਮਰੀਜ ਖਾਂਸੀ ਜਾਂ ਜ਼ੁਕਾਮ ਆਦਿ ਦਾ ਹੁੰਦਾ ਹੈ ਤਾਂ ਉਸ ਨੂੰ ਹਸਪਤਾਲ ਭੇਜ ਦਿੱਤਾ ਜਾਂਦਾ ਹੈ।

ਉਹਨਾਂ ਦੱਸਿਆ ਕਿ ਉਹਨਾਂ ਦੇ ਸ਼ਹਿਰ ਵਿਚੋਂ ਸਿਰਫ਼ ਤਿੰਨ ਮਾਮਲੇ ਆਏ ਹਨ, ਇਸ ਵਾਇਰਸ ਦਾ ਜ਼ਿਆਦਾ ਕਹਿਰ ਵੱਡੇ ਸ਼ਹਿਰਾਂ ਵਿਚ ਹੈ। ਉਹਨਾਂ ਨੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਆਮ ਆਦਮੀ ਇਸ ਸਮੇਂ ਕੋਰੋਨਾ ਦੀ ਦਹਿਸ਼ਤ ਕਾਰਨ ਸਹਿਮਿਆ ਹੋਇਆ ਹੈ ਤੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਉਹਨਾਂ ਕਿਹਾ ਗਰੀਬ ਲੋਕਾਂ ਦੀਆਂ ਸਮੱਸਆਵਾਂ ਨੂੰ ਸਮਝਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।