ਕੈਨੇਡਾ 'ਚ ਰਹਿੰਦੇ ਪੰਜਾਬੀ ਪਰਿਵਾਰ ਵਲੋਂ ਹਸਪਤਾਲ ਨੂੰ ਦਿਤਾ ਗਿਆ ਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੇ ਅਪਣੀ ਮਿਹਨਤ ਸਦਕਾ ਜਿੱਥੇ ਵੱਡੇ-ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ, ਉਥੇ ਹੀ ਉਨ੍ਹਾਂ ਨੇ ਉਥੋਂ ਦੀਆਂ ਸਰਕਾਰਾਂ..

Punjabi Family

 ਸਰੀ  : ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੇ ਅਪਣੀ ਮਿਹਨਤ ਸਦਕਾ ਜਿੱਥੇ ਵੱਡੇ-ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ, ਉਥੇ ਹੀ ਉਨ੍ਹਾਂ ਨੇ ਉਥੋਂ ਦੀਆਂ ਸਰਕਾਰਾਂ ਵਿਚ ਵੀ ਅਹਿਮ ਅਹੁਦੇ ਹਾਸਲ ਕੀਤੇ ਹਨ। ਇਹੀ ਨਹੀਂ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਭਾਈਚਾਰੇ ਲੋਕ ਦਾਨ ਪੱਖੋਂ ਵੀ ਪਿਛੇ ਨਹੀਂ ਹਟਦੇ। ਜਿੱਥੇ ਉਨ੍ਹਾਂ ਵਲੋਂ ਅਕਸਰ ਅਪਣੇ ਧਾਰਮਿਕ ਤਿਓਹਾਰਾਂ ਮੌਕੇ ਲੰਗਰ ਲਗਾਏ ਜਾਂਦੇ ਹਨ, ਉਥੇ ਹੀ ਉਨ੍ਹਾਂ ਵਲੋਂ ਵੱਖ-ਵੱਖ ਸੰਸਥਾਵਾਂ ਨੂੰ ਵੀ ਦਾਨ ਵੀ ਕੀਤਾ ਜਾਂਦਾ ਹੈ। 

ਹੁਣ ਕੈਨੇਡਾ ਦੇ ਹੀ ਰਹਿਣ ਵਾਲੇ ਅਮਰੀਕ ਸਿੰਘ ਬਾਠ ਨਾਂ ਦੇ ਪੰਜਾਬੀ ਪਰਿਵਾਰ ਨੇ ਲਾਂਗਲੀ ਦੇ ਇਕ ਹਸਪਤਾਲ ਨੂੰ 7,150 ਡਾਲਰ ਦਾਨ ਕੀਤੇ ਹਨ ਤਾਂ ਜੋ ਹਸਪਤਾਲ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਅਮਰੀਕ ਨਾਂ ਦੇ ਵਿਅਕਤੀ ਨੇ ਦਸਿਆ ਕਿ ਕੁੱਝ ਸਾਲ ਪਹਿਲਾਂ ਉਸ ਦੀ ਛਾਤੀ 'ਚ ਦਰਦ ਹੋਣ ਲੱਗ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਹਸਪਤਾਲ ਵਿਚ ਇਸ ਦੀ ਜਾਂਚ ਕਰਵਾਉਣੀ ਜ਼ਰੂਰੀ ਸਮਝੀ। 

ਉਸ ਦੀ ਪਤਨੀ ਪਰਮਿੰਦਰ ਇਹ ਖ਼ਬਰ ਸੁਣ ਕੇ ਡਰ ਗਈ ਸੀ ਅਤੇ ਉਸ ਨੇ ਨੇੜਲੇ ਹਸਪਤਾਲ ਲਾਂਗਲੀ ਮੈਮੋਰੀਅਲ ਹਸਪਤਾਲ ਵਿਚ ਆਪਣੇ ਪਤੀ ਦੇ ਟੈੱਸਟ ਕਰਵਾਏ, ਜਿਸ 'ਚ ਪਤਾ ਲੱਗਾ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉੱਥੋਂ ਦੀ ਇਕ ਡਾਕਟਰ ਨੇ ਦੱਸਿਆ ਕਿ ਅਮਰੀਕ ਦੇ ਦਿਲ ਦੇ ਵਾਲ ਵਿਚ 95 ਫੀਸਦੀ ਤਕ ਖ਼ਰਾਬੀ ਹੋ ਗਈ ਹੈ। ਉਨ੍ਹਾਂ ਨੇ ਦਸਿਆ ਕਿ ਉਹ ਕਾਫ਼ੀ ਪ੍ਰੇਸ਼ਾਨ ਸਨ ਅਤੇ ਫਿਰ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ਵਿਚ ਰੈਫਰ ਕੀਤਾ ਗਿਆ। 

ਹੁਣ ਉਹ ਬਿਲਕੁਲ ਠੀਕ ਹਨ ਪਰ ਉਸ ਸਮੇਂ ਲਾਂਗਲੀ ਹਸਪਤਾਲ ਦੀ ਮਹਿਲਾ ਡਾਕਟਰ ਵਲੋਂ ਕੀਤੀ ਗਈ ਮਦਦ ਨੂੰ ਉਹ ਕਦੇ ਭੁੱਲ ਨਾ ਸਕੇ। ਇਸ ਲਈ ਉਨ੍ਹਾਂ ਨੇ ਹੁਣ ਇਹ ਦਾਨ ਦਿਤਾ ਤਾਂ ਕਿ ਉਨ੍ਹਾਂ ਦੇ ਨੇੜਲੇ ਇਲਾਕੇ ਦੇ ਇਸ ਹਸਪਤਾਲ ਵਿਚ ਹਰ ਸਹੂਲਤ ਹੋਵੇ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿਚ ਜਲਦੀ ਹੀ ਨਵੇਂ ਹਸਪਤਾਲ ਖੁੱਲ੍ਹਣ ਤਾਂ ਕਿ ਇੱਥੋਂ ਦੇ ਮਰੀਜ਼ਾਂ ਨੂੰ ਦੂਰ ਦੇ ਹਸਪਤਾਲਾਂ ਦੇ ਚੱਕਰ ਨਾ ਕੱਢਣੇ ਪੈਣ।

ਸਿੱਖ ਪਰਵਾਰ ਵਲੋਂ ਹਸਪਤਾਲ ਨੂੰ ਦਾਨ ਕੀਤੇ ਗਏ ਪੈਸੇ ਦੀ ਖ਼ਬਰ ਸੁਣ ਕੇ ਲੋਕਾਂ ਵਲੋਂ ਇਸ ਸਿੱਖ ਪਰਵਾਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਬੰਧਕਾਂ ਨੇ ਵੀ ਸਿੱਖ ਪਰਵਾਰ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਇਸ ਨਾਲ ਹੋਰਾਂ ਨੂੰ ਵੀ ਉਤਸ਼ਾਹ ਮਿਲੇਗਾ।