ਵੀਨਾ ਬੇਦੀ ਦੀ ਸੁਰੱਖਿਅਤ ਵਤਨ ਵਾਪਸੀ ਲਈ ਸੰਨੀ ਦਿਓਲ ਨੇ ਵਿਦੇਸ਼ ਮੰਤਰਾਲੇ ਦਾ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੁਵੈਤੀ ਸ਼ੇਖ ਦੀ ਕੈਦ 'ਚੋਂ ਆਜ਼ਾਦ ਕਰਵਾਈ ਪੰਜਾਬਣ

Sunny Deol Rescues Gurdaspur Woman Sold To Pakistani Man As A Slave

ਨਵੀਂ ਦਿੱਲੀ : ਕੁਵੈਤ 'ਚ ਬਿਹਤਰ ਭਵਿੱਖ ਦਾ ਸੁਫਨਾ ਲੈ ਕੇ ਗਈ ਧਾਰੀਵਾਲ ਦੀ ਵੀਨਾ ਬੇਦੀ, ਜਿਸ ਨੂੰ ਉੱਥੇ ਸਿਰਫ਼ 1200 ਦੀਨਾਰ ਵਿਚ ਵੇਚ ਦਿਤਾ ਗਿਆ ਸੀ, ਬੀਤੀ 26 ਜੁਲਾਈ ਨੂੰ ਵਤਨ ਵਾਪਸ ਪਰਤ ਆਈ ਸੀ। ਉਸ ਦੀ ਘਰ ਵਾਪਸੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਯਤਨਾਂ ਨਾਲ ਸੰਭਵ ਹੋ ਪਾਈ ਹੈ। ਵੀਨਾ ਬੇਦੀ ਦੀ ਵਤਨ ਵਾਪਸੀ ਲਈ ਗੁਰਦਾਸਪੁਰ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਵੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਸੀ।

ਸੰਨੀ ਦਿਓਲ ਨੇ ਅੱਜ ਬੁਧਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਆਪਣੀ ਮੁਲਾਕਾਤ ਦੌਰਾਨ ਸੰਨੀ ਨੇ ਕੁਵੈਤ ਤੋਂ ਪਰਤੀ ਪੰਜਾਬਣ ਵੀਨਾ ਬੇਦੀ ਦੀ ਸੁਰੱਖਿਅਤ ਵਤਨ ਵਾਪਸੀ ਲਈ ਜੈਸ਼ੰਕਰ ਵਲੋਂ ਤੁਰੰਤ ਮਦਦ ਦੇਣ ਲਈ ਧੰਨਵਾਦ ਕੀਤਾ। ਸੰਨੀ ਦਿਓਲ ਨੇ ਬਕਾਇਦਾ ਆਪਣੇ ਟਵਿੱਟਰ ਹੈਂਡਲ 'ਤੇ ਜੈਸ਼ੰਕਰ ਨਾਲ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ।

ਜਾਣਕਾਰੀ ਅਨੁਸਾਰ ਵੀਨਾ ਨੂੰ ਕਰੀਬ 1 ਸਾਲ ਪਹਿਲਾਂ ਅੰਮ੍ਰਿਤਸਰ ਦੇ ਮੁਖਤਿਆਰ ਸਿੰਘ ਨਾਮੀ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਆਪਣੇ ਸਹਿਯੋਗੀ ਏਜੰਟਾਂ ਕੋਲ ਮੁੰਬਈ 'ਚ ਵੇਚ ਦਿੱਤਾ ਸੀ। ਜਿਨ੍ਹਾਂ ਨੇ ਅੱਗੇ ਕਿਸੇ ਕੁਵੈਤੀ ਸ਼ੇਖ ਕੋਲ 1200 ਦਿਨਾਰ, ਜਿਸ ਦੀ ਭਾਰਤੀ ਕਰੰਸੀ ਅਨੁਸਾਰ ਕੀਮਤ 2.70 ਲੱਖ ਰੁਪਏ ਬਣਦੀ ਹੈ, 'ਚ ਵੇਚ ਦਿੱਤਾ ਸੀ। ਇਸ ਘਟਨਾ ਦੇ ਕਰੀਬ 3 ਮਹੀਨੇ ਬਾਅਦ ਵੀਨਾ ਦੇਵੀ ਨੇ ਕਿਸੇ ਤਰ੍ਹਾਂ ਆਪਣੇ ਪਤੀ ਸੁਰਿੰਦਰ ਬੇਦੀ ਨਾਲ ਫ਼ੋਨ 'ਤੇ ਸੰਪਰਕ ਕਰ ਕੇ ਉਸ ਨੂੰ ਕੁਵੈਤੀ ਸ਼ੇਖ ਦੀ ਕੈਦ 'ਚੋਂ ਛੁਡਵਾਉਣ ਲਈ ਕਿਹਾ ਸੀ।

ਇਸ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿਤੀ ਗਈ ਅਤੇ ਪੁਲਿਸ ਨੇ ਉਕਤ ਏਜੰਟ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁਛਗਿਛ ਕੀਤੀ ਗਈ ਸੀ। ਜਿਸ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਭਾਰਤੀ ਅੰਬੈਸੀ ਨੇ 1200 ਦਿਨਾਰ ਦੇ ਕੇ ਵੀਨਾ ਨੂੰ ਛੁਡਵਾਇਆ ਸੀ।