ਦੁਬਈ ਤੋਂ ਚਾਰ ਮਹੀਨਿਆਂ ਪਿੱਛੋਂ ਵਤਨ ਪੁੱਜੀ ਭਾਰਤੀ ਵਿਅਕਤੀ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਅਰਬ ਅਮੀਰਾਤ (ਯੂਏਈ) `ਚ ਅਚਾਨਕ ਅਕਾਲ ਚਲਾਣਾ ਕਰ ਗਏ ਭਾਰਤੀ ਮੂਲ ਦੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਪੂਰੇ ਚਾਰ ਮਹੀਨੇ

Indian man's body repatriated four months after his death in UAE

ਆਬੂਧਾਬੀ, ਸੰਯੁਕਤ ਅਰਬ ਅਮੀਰਾਤ (ਯੂਏਈ) `ਚ ਅਚਾਨਕ ਅਕਾਲ ਚਲਾਣਾ ਕਰ ਗਏ ਭਾਰਤੀ ਮੂਲ ਦੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਪੂਰੇ ਚਾਰ ਮਹੀਨੇ ਭਾਲ਼ ਕੀਤੀ ਗਈ, ਤਦ ਜਾ ਕੇ ਪਤਾ ਲੱਗਾ ਕਿ ਉਹ ਮੱਧ ਪ੍ਰਦੇਸ਼ ਦਾ ਜੰਮਪਲ਼ ਸੀ। ਉਸ ਦੀ ਸ਼ਨਾਖ਼ਤ ਯੂਸਫ਼ ਖ਼ਾਨ ਰਾਸਿ਼ਦ ਖ਼ਾਨ (50) ਵਜੋਂ ਹੋਈ ਹੈ, ਜਿਸ ਦਾ ਇਸੇ ਵਰ੍ਹੇ 12 ਅਪ੍ਰੈਲ ਨੂੰ ਅਜਮਨ ਦੇ ਅਲ ਰਾਸਿ਼ਦੀਆ ਇਲਾਕੇ `ਚ ਦੇਹਾਂਤ ਹੋ ਗਿਆ ਸੀ ਅਤੇ ਤਦ ਤੋਂ ਹੀ ਉਸ ਦੀ ਮ੍ਰਿਤਕ ਦੇਹ ਮੁਰਦਾਘਰ `ਚ ਰੱਖੀ ਗਈ ਸੀ।
ਅਜਮਨ ਨਗਰ-ਪੁਲਿਸ ਦੀ ਕ੍ਰਾਈਮ ਲੈਬਾਰੇਟਰੀ ਵੱਲੋਂ ਜਾਰੀ ਮੌਤ ਦੇ ਸਰਟੀਫਿ਼ਕੇਟ ਮੁਤਾਬਕ ਜਿਸ ਵੇਲੇ ਭਾਰਤੀ ਵਿਅਕਤੀ ਦਾ ਦੇਹਾਂਤ ਹੋਇਆ,

ਤਦ ਉਹ ਨਸ਼ੇ ਦੀ ਹਾਲਤ `ਚ ਸੀ ਤੇ ਉਸ ਨੇ ਖ਼ੁਦਕੁਸ਼ੀ ਕੀਤੀ ਸੀ। ਮ੍ਰਿਤਕ ਕੋਲ ਆਪਣੇ ਵਿਜਿ਼ਟ ਵੀਜ਼ਾ ਤੋਂ ਇਲਾਵਾ ਹੋਰ ਕੋਈ ਦਸਤਾਵੇਜ਼ ਨਹੀਂ ਸੀ; ਇਸੇ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦਾ ਤੁਰੰਤ ਕੋਈ ਪਤਾ ਨਾ ਲੱਗ ਸਕਿਆ। ‘ਖ਼ਲੀਜ ਟਾਈਮਜ਼` ਦੀ ਰਿਪੋਰਟ ਅਨੁਸਾਰ ਜਦੋਂ ਕਈ ਹਫ਼ਤਿਆਂ ਤੱਕ ਕੋਈ ਵੀ ਵਾਰਸ ਯੂਸਫ਼ ਖ਼ਾਨ ਰਾਸਿ਼ਦ ਖ਼ਾਨ ਦੀ ਮ੍ਰਿਤਕ ਦੇਹ ਲੈਣ ਲਈ ਨਾ ਆਇਆ, ਤਦ ਪੁਲਿਸ ਨੇ ਬੀਤੀ 4 ਜੁਲਾਈ ਨੂੰ ਦੁਬਈ ਸਥਿਤ ਭਾਰਤੀ ਕੌਂਸਲੇਟ ਜਨਰਲ ਅਤੇ ਅਜਮਨ ਦੀ ਭਾਰਤੀ ਐਸੋਸੀਏਸ਼ਨ ਤੱਕ ਪਹੁੰਚ ਕੀਤੀ।

ਇੰਡੀਅਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੂਪ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ ਉੱਜੈਨ - ਮੱਧ ਪ੍ਰਦੇਸ਼ ਦਾ ਪਤਾ ਸੀ, ਜੋ ਕੌਂਸਲੇਟ ਦਫ਼ਤਰ `ਚ ਦਿੱਤਾ ਗਿਆ ਸੀ। ਉੱਜੈਨ ਦੀ ਸਥਾਨਕ ਮਸਜਿਦ `ਚ ਯੂਸਫ਼ ਖ਼ਾਨ ਰਾਸਿ਼ਦ ਖ਼ਾਨ ਦੀ ਮੌਤ ਬਾਰੇ ਐਲਾਨ ਕੀਤਾ ਗਿਆ ਪਰ ਫਿਰ ਵੀ ਉਸ ਦੇ ਪਰਿਵਾਰ ਦੀ ਕੋਈ ਉੱਘ-ਸੁੱਘ ਨਾ ਮਿਲ ਸਕੀ। ਫਿਰ ਦੁਬਈ ਸਥਿਤ ਭਾਰਤੀ ਕੌਂਸਲੇਟ ਦਫ਼ਤਰ ਨੇ ਖ਼ਾਨ ਦੀ ਪਾਸਪੋਰਟ ਅਰਜ਼ੀ ਚੈੱਕ ਕੀਤੀ, ਜਿਸ ਵਿੱਚ ਉਸ ਨੇ ਇੱਕ ਹੋਰ ਪਤਾ ਦਿੱਤਾ ਹੋਇਆ ਸੀ। ਦੂਜਾ ਪਤਾ ਉੱਜੈਨ ਤੋਂ 59 ਕਿਲੋਮੀਟਰ ਦੂਰ ਨਗੜਾ ਕਸਬੇ ਦਾ ਸੀ। ਨਗੜਾ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਦੋ ਘੰਟਿਆਂ `ਚ ਹੀ ਲੱਭ ਲਿਆ।

ਪਰਿਵਾਰ ਨੂੰ ਉਸ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਇਹੋ ਸਮਝਦੇ ਸਨ ਕਿ ਉਹ ਕਿਸੇ ਕੰਮ ਦੀ ਭਾਲ਼ `ਚ ਖਾੜੀ ਦੇਸ਼ਾਂ `ਚ ਗਿਆ ਹੈ। ਪਰ ਮਾਮਲਾ ਇੱਥੇ ਹੀ ਨਹੀਂ ਮੁੱਕਿਆ, ਪਰਿਵਾਰ ਨੇ ਆਪਣੀ ਅੰਤਾਂ ਦੀ ਗ਼ਰੀਬੀ ਕਾਰਨ ਯੂਸਫ਼ ਖ਼ਾਨ ਰਾਸਿ਼ਦ ਖ਼ਾਨ ਦੀ ਮ੍ਰਿਤਕ ਦੇਹ ਯੂਏਈ ਤੋਂ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਭਾਰਤੀ ਕੌਂਸਲੇਟ ਦਫ਼ਤਰ ਨੇ ਉਹ ਮ੍ਰਿਤਕ ਦੇਹ ਭਾਰਤ ਵਾਪਸ ਭੇਜਣ ਦਾ ਖ਼ਰਚਾ ਕੀਤਾ ਤੇ 23 ਅਗਸਤ ਨੂੰ ਮ੍ਰਿਤਕ ਦੇਹ ਭਾਰਤ ਰਵਾਨਾ ਕੀਤੀ ਗਈ, ਜੋ ਅਗਲੇ ਦਿਨ ਉੱਜੈਨ ਪੁੱਜੀ।