ਤਨਾਅ ਦੇ ਚਲਦੇ ਕਈ ਉਡਾਨਾਂ ਰੱਦ, ਹਵਾਈ ਅੱਡੇ ਤੇ ਫਸੀਆਂ ਸ਼ੂਟਿੰਗ ਵਰਲਡ ਕੱਪ ਦੀਆਂ ਕਈ ਟੀਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਪਾਕਿਸਤਾਨ ਵਿਚਕਾਰ ਬਣੇ ਤਨਾਅ ਭਰੇ ਮਾਹੌਲ ਕਾਰਨ ਸ਼ੂਟਿੰਗ ਵਰਲਡ ਕੱਪ ਖੇਡਣ ਆਈਆਂ ਕਈ ਟੀਮਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫਸ ਗਈਆਂ ਹਨ।

Indira Gandhi International Airport Delhi

ਨਵੀਂ ਦਿੱਲੀ : ਭਾਰਤ ਪਾਕਿਸਤਾਨ ਵਿਚਕਾਰ ਬਣੇ ਤਨਾਅ ਭਰੇ ਮਾਹੌਲ ਕਾਰਨ ਸ਼ੂਟਿੰਗ ਵਰਲਡ ਕੱਪ ਖੇਡਣ ਆਈਆਂ ਕਈ ਟੀਮਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫਸ ਗਈਆਂ ਹਨ। ਕਈ ਅੰਤਰਰਾਸ਼ਟਰੀ ਏਅਰਲਾਈਨਸ ਨੇ ਭਾਰਤ-ਪਾਕਿ ਵਾਯੂ ਸਰਹੱਦ ਤੇ ਬਣੇ ਤਨਾਅ ਕਾਰਨ ਆਪਣੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਜਿਸ ਕਾਰਨ ਸਭ ਤੋਂ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਜ਼ਾਖਸਤਾਨ ਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਨੂੰ ਕਰਨਾ ਪਿਆ।

14 ਮੈਂਬਰੀ ਸਵਿਟਜ਼ਰਲੈਂਡ ਦੀ ਟੀਮ ਬੁੱਧਵਾਰ ਰਾਤ ਤੋਂ ਵੀਰਵਾਰ ਸਵੇਰ ਤੱਕ ਏਅਰਪੋਰਟ ਤੇ ਫਸੀ ਰਹੀ ਜਦਕਿ  ਕਜ਼ਾਖਸਤਾਨ  ਦੀ ਟੀਮ ਵੀਰਵਾਰ ਸਵੇਰ ਤੋਂ ਰਾਤ ਤੱਕ ਏਅਰਪੋਰਟ ਤੇ ਫਸੀ। ਕਜ਼ਾਖਸਤਾਨ ਦੀ ਟੀਮ ਦੀ ਮਦਦ ਲਈ ਉਹਨਾਂ ਦੇ ਐਂਬੈਸੀ ਸਟਾਫ ਏਅਰਪੋਰਟ ਤੇ ਪਹੁੰਚ ਚੁੱਕੇ ਸੀ। ਅਮਰੀਕੀ ਸ਼ੂਟਿੰਗ ਟੀਮ ਦੀ ਫਲਾਈਟ ਰੱਦ ਹੋ ਗਈ, ਜਦਕਿ ਇਕ ਇਰਾਕੀ ਟੀਮ ਲੀਡਰ ਨੂੰ ਫਲਾਈਟ ਤੇ ਚੜਨ ਨਹੀਂ ਦਿੱਤਾ ਗਿਆ।

ਵਿਸ਼ਵ ਕੱਪ ‘ਚ ਬ੍ਰੋਨਜ਼ ਮੈਡਲ ਜਿੱਤਣ ਵਾਲੀ ਕਜ਼ਾਖਸਤਾਨ ਦੀ ਟੀਮ ਲੀਡਰ ਨੇ ਦੱਸਿਆ ਕਿ ਉਹਨਾਂ ਦੀ ਅੱਠ ਮੈਂਬਰੀ ਟੀਮ ਨੇ ਅਲਮਾਟੀ ਜਾਣਾ ਹੈ, ਪਰ ਏਅਰਪੋਰਟ ਤੇ ਪਹੁੰਚ ਕੇ ਪਤਾ ਚੱਲਿਆ ਕਿ ਏਅਰ ਅਸਤਾਨਾ ਨੇ 4 ਮਾਰਚ ਤੱਕ ਆਪਣੀ ਫਲਾਈਟ ਰੱਦ ਕਰ ਦਿੱਤੀ ਹੈ। ਅਜਿਹੇ ਸਮੇਂ ‘ਚ ਉਹਨਾਂ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ। ਐਂਬੈਸੀ ਸਟਾਫ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਟੀਮ ਦੇ ਰਹਿਣ ਦਾ ਪ੍ਰਬੰਧ ਹੋਟਲ ਵਿਚ ਕੀਤਾ ਜਾਵੇਗਾ।

ਸਵਿਟਜ਼ਰਲੈਂਡ ਦੀ ਟੀਮ ਦੇ ਲੀਡਰ ਨੇ ਵੀ ਕਾਫੀ ਗੁੱਸਾ ਦਿਖਾਇਆ। ਬਾਅਦ ‘ਚ ਏਅਰਲਾਈਨਸ ਨੇ 14 ਮੈਂਬਰੀ ਟੀਮ ਨੂੰ ਹੋਟਲ ਵਿਚ ਠਹਿਰਾਇਆ। ਫੈਡਰੇਸ਼ਨ ਦੀ ਰਿਸੈਪਸ਼ਨ ਕਮੇਟੀ ਦੇ ਮੈਂਬਰ ਅਮਰ ਸਿਨਹਾ ਅਨੁਸਾਰ ਸਵਿਟਜ਼ਰਲੈਂਡ, ਕਜ਼ਾਖਸਤਾਨ ਤੇ ਇਰਾਕ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਫੈਡਰੇਸ਼ਨ ਨੇ ਉਹਨਾਂ ਦੀ ਸਮੱਸਿਆ ਹੱਲ ਕਰਨ ਦੇ ਨਾਲ ਉਹਨਾਂ ਦੇ ਭੌਜਨ ਦਾ ਵੀ ਬੰਦੋਬਸਤ ਕੀਤਾ।