ਕ੍ਰਿਕਟ: ਪਹਿਲੇ ਟੈਸਟ ਲਈ ਟੀਮ ਇੰਡੀਆ ਦੀ 'ਪਲੇਇੰਗ ਇਲੈਵਨ' ਦਾ ਐਲਾਨ

ਏਜੰਸੀ

ਖ਼ਬਰਾਂ, ਖੇਡਾਂ

ਪਹਿਲੇ ਟੈਸਟ ਲਈ ਟੀਮ ਇੰਡੀਆ ਦੀ 'ਪਲੇਇੰਗ ਇਲੈਵਨ' ਦਾ ਐਲਾਨ

Team India

ਨਵੀਂ ਦਿੱਲੀ: ਵਿਸ਼ਾਖਾਪਟਨਮ 'ਚ ਸਾਊਥ ਅਫਰੀਕਾ ਖ਼ਿਲਾਫ਼ ਖੇਡੇ ਜਾਣ ਵਾਲੇ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ ਲਈ ਭਾਰਤੀ ਟੀਮ ਦੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ 'ਚ ਅਨੁਭਵ ਨੂੰ ਤਰਜੀਹ ਦਿੱਤੀ ਗਈ ਹੈ, ਜਦੋਂਕਿ ਨੌਜਵਾਨਾਂ ਨੂੰ ਬਾਹਰ ਬਿਠਾਉਣ ਦਾ ਫੈਸਲਾ ਲਿਆ ਗਿਆ। ਮੰਗਲਵਾਰ ਨੂੰ ਟੀਮ ਦਾ ਐਲਾਨ ਕਰਦੇ ਹੋਏ ਕਪਤਾਨ ਕੋਹਲੀ ਨੇ ਦੱਸਿਆ ਕਿ ਰਿਸ਼ਭ ਪੰਤ ਦੀ ਥਾਂ ਰਿਦੀਮਾਨ ਸਾਹਾ ਵਿਕਟਕੀਪਿੰਗ ਕਰਨਗੇ, ਜਦੋਂਕਿ ਆਰ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਸਪਿਨਰ ਜੋੜੀ ਮੈਦਾਨ 'ਤੇ ਨਜ਼ਰ ਆਵੇਗੀ।

ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਕਪਤਾਨ ਕੋਹਲੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਲੇਇੰਗ ਇਲੈਵਨ ਦੀ ਜਾਣਕਾਰੀ ਦਿੱਤੀ। ਕੋਹਲੀ ਨੇ ਦੱਸਿਆ ਕਿ ਟੀਮ 'ਚ ਅਨੁਭਵ ਨੂੰ ਜ਼ਿਆਦਾ ਤਵੱਜੋ ਦਿੱਤੀ ਗਈ ਹੈ। ਵਿਕਟਕੀਪਿੰਗ 'ਚ ਜਿਥੇ ਅਨੁਭਵੀ ਰਿਦੀਮਾਨ ਸਾਹਾ ਨੂੰ ਖਰਾਬ ਫਾਰਮ ਨਾਲ ਜੁਝ ਰਹੇ ਰਿਸ਼ਭ ਪੰਤ ਦੀ ਥਾਂ ਸ਼ਾਮਲ ਕੀਤਾ ਗਿਆ ਹੈ ਤਾਂ ਸਪਿਨਰ ਆਰ ਅਸ਼ਵਿਨ ਵੀ ਪਲੇਇੰਗ ਇਲੈਵਨ ਦਾ ਹਿੱਸਾ ਹਨ। ਕੁਲਦੀਪ ਯਾਦਵ ਨੂੰ ਬਾਹਰ ਰੱਖਿਆ ਗਿਆ ਹੈ।

ਇੰਝ ਹੀ ਤੇਜ਼ ਗੇਂਦਬਾਜ਼ੀ 'ਚ ਇਸ਼ਾਂਤ ਤੇ ਸ਼ਮੀ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ, ਜਦੋਂਕਿ ਉਮੇਸ਼ ਯਾਦਵ ਬਾਹਰ ਬੈਠਣਗੇ ਵਿਸ਼ਾਖਾਪਟਨਮ 'ਚ ਰੋਹਿਤ ਸ਼ਰਮਾ ਦੇ ਨਾਲ ਮਯੰਕ ਅਗਰਵਾਲ ਦੀ ਜੋੜੀ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲੇਗੀ। ਰੋਹਿਤ ਨੂੰ ਇਸ ਸੀਰੀਜ਼ 'ਚ ਭਾਰਤ ਲਈ ਪਹਿਲੀ ਵਾਰ ਓਪਨਿੰਗ ਕਰਨ ਦਾ ਮੌਕਾ ਮਿਲੇਗਾ। ਕਪਤਾਨ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਤੇ ਉਪ ਕਪਤਾਨ ਅੰਜਿਕਿਯਾ ਰਹਾਣੇ ਦੇ ਉੱਤੇ ਮਿਡਲ ਆਰਡਰ 'ਚ ਟੀਮ ਦੀ ਪਾਰੀ ਨੂੰ ਸੰਭਾਲਣ ਦੀ ਜ਼ਿੰਮਵਾਰੀ ਰਹੇਗੀ।

ਹਨੁਮਾ ਵਿਹਾਰੀ ਛੇਵੀਂ ਨੰਬਰ 'ਤੇ ਭਾਰਤ ਲਈ ਬੱਲੇਬਾਜ਼ੀ ਕਰਦੇ ਹਨ ਨਾਲ ਹੀ ਸਪਿਨ ਗੇਂਦਬਾਜ਼ੀ ਨਾਲ ਵਿਕਟ ਕੱਢਣ ਦੀ ਵੀ ਸਮਰੱਥਾ ਰੱਖਦੇ ਹਨ। ਕਪਤਾਨ ਕੋਹਲੀ ਵੀ ਮੰਨਦੇ ਹਨ ਕਿ ਹਨੁਮਾ ਦੀ ਬੱਲੇਬਾਜ਼ੀ ਦੇ ਨਾਲ-ਨਾਲ ਉਨ੍ਹਾਂ ਦੀ ਗੇਂਦਬਾਜ਼ੀ ਟੀਮ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ।