ਵੈਸਟਇੰਡੀਜ਼ ਨੇ 'ਵਿਸ਼ਵ ਇਲੈਵਨ' ਨੂੰ 72 ਦੌੜਾਂ ਨਾਲ ਹਰਾਇਆ
ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਖੇਡੇ ਗਏ ਇਕ ਚੈਰਿਟੀ ਮੈਚ 'ਚ ਵੈਸਟਇੰਡੀਜ਼ ਨੇ ਵਿਸ਼ਵ ਇਲੈਵਨ ਨੂੰ 72 ਦੌੜਾਂ ਨਾਲ ਹਰਾ ਦਿਤਾ। ਮੈਚ ਵੈਸਟਇੰਡੀਜ਼ 'ਚ ਆਏ ਤੂਫ਼ਾਨ ਨਾਲ ਬਰਬਾ..
ਨਵੀਂ ਦਿੱਲੀ : ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਖੇਡੇ ਗਏ ਇਕ ਚੈਰਿਟੀ ਮੈਚ 'ਚ ਵੈਸਟਇੰਡੀਜ਼ ਨੇ ਵਿਸ਼ਵ ਇਲੈਵਨ ਨੂੰ 72 ਦੌੜਾਂ ਨਾਲ ਹਰਾ ਦਿਤਾ। ਮੈਚ ਵੈਸਟਇੰਡੀਜ਼ 'ਚ ਆਏ ਤੂਫ਼ਾਨ ਨਾਲ ਬਰਬਾਦ ਹੋਏ ਸਟੇਡੀਅਮ ਦੇ ਮੁੜ-ਨਿਰਮਾਣ ਦੇ ਮਕਸਦ ਨਾਲ ਖੇਡਿਆ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਟੀਮ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ।
ਜਵਾਬ 'ਚ ਸਿਤਾਰਿਆਂ ਨਾਲ ਸਜੀ ਵਿਸ਼ਵ ਇਲੈਵਨ 20 ਓਵਰ ਵੀ ਨਹੀਂ ਟਿਕ ਸੀ ਅਤੇ 17ਵੇਂ ਓਵਰ 'ਚ 127 ਦੌੜਾਂ 'ਤੇ ਆਲਆਊਟ ਹੁੰਦਿਆਂ 72 ਦੌੜਾਂ ਦੇ ਵੱਡੇ ਫ਼ਰਕ ਨਾਲ ਮੈਚ ਗਵਾ ਦਿਤਾ। ਵੈਸਟਇੰਡੀਜ਼ ਦੇ ਐਵਿਨ ਲੁਈਸ ਨੂੰ ਉਸ ਦੀ 26 ਗੇਦਾਂ 'ਤੇ ਖੇਡੀ ਗਈ 58 ਦੌੜਾਂ ਦੀ ਪਾਰੀ ਲਈ 'ਮੈਨ ਆਫ਼ ਦਾ ਮੈਚ' ਚੁਣਿਆ ਗਿਆ। 200 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਪ੍ਰਾਪਤ ਕਰਨ ਉਤਰੀ ਵਿਸ਼ਵ ਇਲੈਵਨ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ।
ਟੀਮ ਨੇ ਦੂਜੇ ਓਵਰ 'ਚ ਹੀ ਤਮੀਮ ਇਕਬਾਲ (2) ਦੇ ਰੂਪ 'ਚ ਅਪਣਾ ਪਹਿਲਾ ਵਿਕਟ ਗਵਾਇਆ। ਇਸ ਤੋਂ ਬਾਅਦ ਤਾਂ ਵਿਕਟਾਂ ਦੀ ਝੜੀ ਹੀ ਲੱਗ ਗਈ। ਲਯੂਕ ਰੋਂਚੀ (0), ਦਿਨੇਸ਼ ਕਾਰਤਿਕ (0), ਸੈਮ ਬਿਲਿੰਗਸ (4), ਸ਼ੋਏਬ ਮਲਿਕ (12) ਤੋਂ ਬਾਅਦ ਕਪਤਾਨ ਸ਼ਾਹਿਦ ਅਫ਼ਰੀਦੀ (11) ਵੀ 'ਆਇਆ ਰਾਮ, ਗਿਆ ਰਾਮ' ਦੀ ਤਰਜ 'ਤੇ ਖੇਡਦੇ ਗਏ। ਸ੍ਰੀਲੰਕਾਈ ਆਲਰਾਊਂਡਰ ਤਿਸ਼ਾਰਾ ਪਰੇਰਾ ਨੇ ਜ਼ਰੂਰ 37 ਗੇਂਦਾਂ ਦੀ ਅਪਣੀ 61 ਦੌੜਾਂ ਦੀ ਪਾਰੀ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁਕੀ ਸੀ। (ਏਜੰਸੀ)