ਸੁਪਰਨੋਵਾਜ਼ ਨੇ ਟਰੇਲਬਲੇਜ਼ਰਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ 'ਚ ਮਹਿਲਾ ਕ੍ਰਿਕਟ ਨੂੰ ਉਤਸ਼ਾਹਤ ਕਰਨ ਲਈ ਵਾਨਖੇੜੇ ਸਟੇਡੀਅਮ 'ਚ ਟੀ-20 ਮੁਕਾਬਲਾ...

Smriti Mandhana

ਨਵੀਂ ਦਿੱਲੀ, 22 ਮਈ : ਭਾਰਤ 'ਚ ਮਹਿਲਾ ਕ੍ਰਿਕਟ ਨੂੰ ਉਤਸ਼ਾਹਤ ਕਰਨ ਲਈ ਵਾਨਖੇੜੇ ਸਟੇਡੀਅਮ 'ਚ ਟੀ-20 ਮੁਕਾਬਲਾ ਕਰਵਾਇਆ ਗਿਆ। ਇਸ ਲਈ ਦੋ ਟੀਮਾਂ ਸੁਪਰਨੋਵਾ ਅਤੇ ਟਰੇਲਬਲੇਜ਼ਰਜ਼ ਬਣਾਈਆਂ ਗਈਆਂ। ਇਹ ਮੁਕਾਬਲਾ ਆਈ.ਪੀ.ਐਲ. ਪਲੇਆਫ਼ ਦੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ 'ਚ ਕਰਵਾਇਆ ਗਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸੁਪਰਨੋਵਾ ਨੇ ਟਾਸ ਜਿੱਤ ਕੇ ਟਰੇਲਬਲੇਜ਼ਰਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ ਹੈ।

ਪਹਿਲੇ ਬੱਲੇਬਾਜ਼ੀ ਕਰਨ ਆਈ ਟਰੇਲਬਲੇਜ਼ਰਜ਼ ਨੇ ਖ਼ਰਾਬ ਸ਼ੁਰੂਆਤ ਕੀਤੀ। ਟਰੇਲਬਲੇਜ਼ਰਜ਼ ਨੂੰ ਪਹਿਲਾ ਝਟਕਾ ਐਲਿਸਾ ਹਿਲੀ ਦੇ ਰੂਪ 'ਚ ਉਦੋਂ ਲੱਗਾ ਉਹ 7 ਦੌੜਾਂ ਬਣਾ ਕੇ ਆਊਟ ਹੋ ਗਈ। ਕਪਤਾਨ ਸਮ੍ਰਿਤੀ ਮੰਧਾਨਾ ਵੀ ਕੁੱਝ ਖ਼ਾਸ ਨਾ ਕਰ ਸਕੀ ਅਤੇ 14 ਦੌੜਾਂ ਬਣਾ ਕੇ ਆਊਟ ਹੋ ਗਈ। ਸਮ੍ਰਿਤੀ ਨੇ 3 ਚੌਕੇ ਲਗਾਏ। ਬੇਥ ਮੂਨੀ 4 ਦੌੜਾਂ 'ਤੇ, ਦੀਪਤੀ ਸ਼ਰਮਾ 21 ਦੌੜਾਂ 'ਤੇ ਜਦਕਿ ਜੇਮਿਮਾ ਰੋਡ੍ਰਿਗਜ਼ 25 ਦੌੜਾਂ ਬਣਾ ਕੇ ਆਉਟ ਹੋਈਆਂ। ਇਸ ਦੌਰਾਨ ਸੂਜ਼ੀ ਬੇਟਸ 32 ਦੌੜਾਂ ਬਣਾ ਕੇ ਆਊਟ ਹੋਈ। 

ਸੁਪਰਨੋਵਾ ਵਲੋਂ ਮੇਗਨ ਸ਼ੁੱਟ ਨੇ ਦੋ ਜਦਕਿ ਐਲਿਸ ਪੈਰੀ ਨੇ ਵੀ ਦੋ ਵਿਕਟਾਂ ਲਈਆਂ। ਅਨੁਜਾ ਪਾਟਿਲ ਨੇ ਇਕ ਵਿਕਟ ਝਟਕਿਆ। ਦੱਸ ਦਈਏ ਕਿ ਟਰੇਲਬਲੇਜ਼ਰਜ਼ ਨੇ ਸੁਪਰਨੌਵਾ ਨੂੰ 130 ਦੌੜਾਂ ਦਾ ਟੀਚਾ ਦਿਤਾ ਸੀ।ਟੀਚੇ ਦਾ ਪਿੱਛਾ ਕਰਨ ਉਤਰੀ ਸੁਪਰਨੋਵਾਜ਼ ਨੇ ਟਰੇਲਬਲੇਜ਼ਰਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਮੈਚ 'ਤੇ ਕਬਜ਼ਾ ਕੀਤਾ। ਸੁਪਰਨੋਵਾਜ਼ ਨੇ ਚੰਗੀ ਸ਼ੁਰੂਆਤ ਕੀਤੀ। ਮਿਤਾਲੀ ਰਾਜ ਨੇ 17 ਗੇਂਦਾਂ 'ਤੇ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਪਰ ਉਹ ਜ਼ਿਆਦਾ ਦੇਰ ਤਕ ਕ੍ਰੀਜ਼ 'ਤੇ ਨਹੀਂ ਰਹਿ ਸਕੀ ਅਤੇ ਏਕਤਾ ਬਿਸ਼ਟ ਨੂੰ ਅਪਣਾ ਕੈਚ ਦੇ ਬੈਠੀ।

 ਡੇਨੀਅਲ ਵੇਟ ਨੇ ਚੰਗੀ ਖੇਡ ਵਿਖਾਈ ਪਰ ਉਹ ਜ਼ਿਆਦਾ ਦੇਰ ਤਕ ਨਹੀਂ ਖੇਡ ਸਕੀ ਅਤੇ ਬੇਥ ਮੂਨੀ ਨੂੰ ਕੈਚ ਦੇ ਬੈਠੀ। ਡੇਨੀਅਲ ਵੇਟ ਨੇ 20 ਗੇਂਦਾਂ 'ਤੇ 24 ਦੌੜਾਂ ਬਣਾਈਆਂ। ਵੈਟ ਨੇ 2 ਚੌਕੇ ਅਤੇ ਇਕ ਛੱਕਾ ਲਗਾਇਆ। ਮੇਗ ਲੈਨਿੰਗ 16 ਦੌੜਾਂ ਦੀ ਪਾਰੀ ਖੇਡ ਕੇ ਰੋਡ੍ਰਿਗਜ਼ ਨੂੰ ਕੈਚ ਦੇ ਬੈਠੀ। ਸੋਫੀ ਡੇਵਾਈਨ 19 ਦੌੜਾਂ ਬਣਾ ਕੇ ਬੇਟਸ ਦੇ ਹੱਥੋਂ ਬੋਲਡ ਹੋ ਗਈ। ਇਸ ਤੋਂ ਬਾਅਦ ਹਰਮਨਪ੍ਰੀਤ 23 ਗੇਂਦਾਂ 'ਚ 21 ਦੌੜਾਂ ਬਣਾ ਕੇ ਬੇਟਸ ਦੀ ਦੂਜੀ ਸ਼ਿਕਾਰ ਬਣੀ। ਮੋਨਾ ਮੇਸ਼ਰਾਮ 7 ਗੇਂਦਾਂ 'ਤੇ 4 ਦੌੜਾਂ ਬਣਾ ਕੇ ਰਨਆਊਟ ਹੋਈ।   (ਏਜੰਸੀ)