20 ਸਾਲ ਬਾਅਦ ਅਜਿਹਾ ਕਾਰਨਾਮਾ ਕਰਨ ਵਾਲੀ ਪਹਿਲੀ ਕਸ਼ਮੀਰੀ ਖਿਡਾਰੀ ਬਣੀ ਇਨਾਯਤ ਫਾਰੂਕ

ਏਜੰਸੀ

ਖ਼ਬਰਾਂ, ਖੇਡਾਂ

ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ 'ਚ ਖੇਡ ਕੇ ਰਚਿਆ ਇਤਿਹਾਸ

Kashmiri hockey girl Inayat aims to represent India

ਨਵੀਂ ਦਿੱਲੀ : ਭਾਰਤ 'ਚ ਹਾਕੀ ਖਿਡਾਰੀਆਂ ਦੀ ਅਗਵਾਈ ਹੁਣ ਇਕ ਕਸ਼ਮੀਰੀ ਲੜਕੀ ਇਨਾਯਤ ਫਾਰੂਕ ਕਰੇਗੀ। ਦੋ ਦਹਾਕਿਆਂ ਤੋਂ ਬਾਅਦ ਇਕ ਕਸ਼ਮੀਰੀ ਲੜਕੀ ਇਨਾਯਤ ਨੇ ਅਜਿਹਾ ਕਰ ਕੇ ਇਤਿਹਾਸ ਰੱਚ ਦਿੱਤਾ ਹੈ। ਇਨਾਯਤ ਨੇ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ 'ਚ ਹਿੱਸਾ ਲੈ ਕੇ ਇਤਿਹਾਸ ਰਚਿਆ ਹੈ।

ਇਨਾਯਤ ਕਸ਼ਮੀਰ ਦੇ ਕੁਰਲਾਪੋਰਾ ਤਹਿਸੀਲ ਚੋਗਰਾ, ਬਡਗਾਮ ਦੀ ਰਹਿਣ ਵਾਲੀ ਹੈ। ਉਹ ਸ੍ਰੀਨਗਰ ਦੇ ਸਰਕਾਰੀ ਮਹਿਲਾ ਕਾਲਜ ਦੀ ਬੀਏ ਫਾਈਨਲ ਦੀ ਵਿਦਿਆਰਥਣ ਹੈ। ਇਨਾਯਤ ਇਕ ਮੱਧਮ ਵਰਗ ਪਰਵਾਰ ਨਾਲ ਸਬੰਧਤ ਲੜਕੀ ਹੈ। ਉਸ ਨੇ ਹਾਕੀ ਦੀ ਬਦੌਲਤ ਸੂਬੇ 'ਚ ਉਭਰਦੇ ਹਾਕੀ ਖਿਡਾਰੀਆਂ ਲਈ ਇਕ ਮਿਸਾਲ ਕਾਇਮ ਕੀਤੀ ਹੈ।

ਇਨਾਯਤ ਨੇ ਦੱਸਿਆ ਕਿ ਕਾਲਜ ਤੋਂ ਪਹਿਲਾਂ ਉਸ ਦੀ ਹਾਕੀ 'ਚ ਕੋਈ ਦਿਲਚਸਪੀ ਨਹੀਂ ਸੀ। ਜਦੋਂ ਉਹ ਕਾਲਜ ਗਈ ਤਾਂ ਉਸ ਨੇ ਵੱਖ-ਵੱਖ ਖੇਡਾਂ ਖੇਡੀਆਂ। ਹਾਕੀ ਵੇਖ ਕੇ ਉਸ ਨੂੰ ਪ੍ਰੇਰਣਾ ਮਿਲੀ। ਉਸ ਨੇ ਕਾਲਜ 'ਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। ਕਾਲਜ ਦੇ ਕੋਚ ਵੱਲੋਂ ਉਸ ਨੂੰ ਬਹੁਤ ਉਤਸਾਹਤ ਕੀਤਾ ਗਿਆ। ਪਹਿਲਾਂ ਮੇਰੇ ਮਾਪੇ ਮੈਨੂੰ ਹਾਕੀ ਖੇਡਣ ਲਈ ਕਾਲਜ ਤੋਂ ਬਾਹਰ ਨਹੀਂ ਭੇਜਦੇ ਸਨ ਪਰ ਮੈਂ ਆਪਣੇ ਮਾਪਿਆਂ ਨੂੰ ਮਨਾ ਲਿਆ। ਕਈ ਮੁਸ਼ਕਲਾਂ ਤੋਂ ਬਾਅਦ ਇਨਾਯਤ ਨੇ ਕਾਲਜ ਤੋਂ ਕੌਮੀ ਟੀਮ 'ਚ ਸ਼ਾਮਲ ਹੋਣ ਲਈ ਕਾਫ਼ੀ ਮਿਹਨਤ ਕੀਤੀ।

ਇਨਾਯਤ ਨੇ ਆਪਣੀ ਖੇਡ ਲਈ ਕਈ ਐਵਾਰਡ ਜਿੱਤੇ ਪਰ ਉਸ ਦਾ ਸੁਪਨਾ ਭਾਰਤ ਦੀ ਅਗਵਾਈ ਕਰਨਾ ਅਤੇ ਕੌਮਾਂਤਰੀ ਪੱਧਰ 'ਤੇ ਖੇਡਣਾ ਹੈ। ਇਨਾਯਤ ਨੇ ਕਿਹਾ, "ਭਵਿੱਖ 'ਚ ਮੇਰੇ ਖੇਡ ਵਿਚ ਸੁਧਾਰ ਹੋਵੇਗਾ ਤਾਂ ਮੈਂ ਭਾਰਤ ਦੀ ਅਗਵਾਈ ਕਰਨਾ ਚਾਹਾਂਗੀ ਅਤੇ ਕੌਮਾਂਤਰੀ ਪੱਧਰ 'ਤੇ ਖੇਡਣਾ ਚਾਹਾਂਗੀ। ਮੈਂ ਕਿਸੇ ਦਿਨ ਜੰਮੂ 'ਚ ਹਾਕੀ ਟੀਮ ਦੀ ਕੋਚ ਬਣਨਾ ਚਾਹੁੰਦੀ ਹਾਂ ਅਤੇ ਜੰਮੂ 'ਚ ਖੇਡ ਸੁਧਾਰ ਕਰਨਾ ਚਾਹੁੰਦੀ ਹਾਂ।"