ਰੋਹਿਤ ਸ਼ਰਮਾ ਨੇ ਕੀਤੀ ਡਾਨ ਬ੍ਰੈਡਮੈਨ ਦੀ ਬਰਾਬਰੀ, ਸੈਂਕੜਾ ਜੜ ਕੇ ਤੋੜੇ ਕਈ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

ਪਹਿਲੇ ਦਿਨ ਭਾਰਤ ਨੇ ਬਣਾਏ 202/0

India vs South Africa 1st Test : Rohit Sharma century takes India to 202/0

ਵਿਸ਼ਾਖਾਪਟਨਮ : ਭਾਰਤ ਅਤੇ ਦਖਣੀ ਅਫ਼ਰੀਕਾ ਵਿਚਾਲੇ ਬੁਧਵਾਰ ਨੂੰ ਇਥੇ ਸ਼ੁਰੂ ਹੋਏ ਪਹਿਲੇ ਕ੍ਰਿਕਟ ਟੈਸਟ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਛੇਤੀ ਖ਼ਤਮ ਹੋ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦਿਆਂ 59.1 ਓਵਰ ਵਿਚ ਬਿਨਾਂ ਵਿਕਟ ਗੁਆਏ 202 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ, ਜੋ ਕਾਫ਼ੀ ਦੇਰ ਤਕ ਬੰਦ ਨਾ ਹੋਇਆ, ਜਿਸ ਕਾਰਨ ਅੰਤਮ ਸੈਸ਼ਨ ਦਾ ਖੇਡ ਨਾ ਹੋ ਸਕਿਆ। ਕ੍ਰੀਜ਼ 'ਤੇ ਰੋਹਿਤ ਸ਼ਰਮਾ 115 ਅਤੇ ਮਯੰਕ ਅਗਰਵਾਲ 84 ਦੌੜਾਂ ਬਣਾ ਕੇ ਮੌਜੂਦ ਹਨ। 

ਰੋਹਿਤ ਸ਼ਰਮਾ ਨੇ ਅਪਣੇ ਟੈਸਟ ਕਰੀਅਰ ਵਿਚ ਪਹਿਲੀ ਵਾਰ ਬਤੌਰ ਸਲਾਮੀ ਬੱਲੇਬਾਜ਼ੀ ਕਰਦਿਆਂ ਪਹਿਲਾ ਸੈਂਕੜਾ ਲਗਾਇਆ। ਰੋਹਿਤ ਹੁਣ ਤਕ ਅਪਣੇ ਟੈਸਟ ਕਰੀਅਰ ਵਿਚ ਚਾਰ ਸੈਂਕੜੇ ਲਗਾ ਚੁੱਕੇ ਹਨ। ਉੱਥੇ ਹੀ ਮਯੰਕ ਨੇ ਵੀ ਦਮਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਅਪਣਾ ਅਰਧ ਸੈਂਕੜਾ ਪੂਰਾ ਕੀਤਾ। ਜਿੱਥੇ ਰੋਹਿਤ ਨੇ ਅਪਣੀ 115 ਦੌੜਾਂ ਦੀ ਪਾਰੀ ਦੌਰਾਨ 12 ਚੌਕੇ ਅਤੇ 5 ਛੱਕੇ ਲਗਾਏ, ਉੱਥੇ ਹੀ ਮਯੰਕ ਅਗ੍ਰਵਾਲ ਵੀ 11 ਚੌਕੇ ਅਤੇ 2 ਛੱਕੇ ਲਗਾ ਕੇ ਕ੍ਰੀਜ਼ 'ਤੇ ਮੌਜੂਦ ਹਨ। 

ਕਰੀਅਰ ਦਾ ਚੌਥਾ ਅਤੇ ਬਤੌਰ ਓਪਨਰ ਪਹਿਲਾ ਸੈਂਕੜਾ ਲਗਾਉਣ ਲਈ ਰੋਹਿਤ ਸ਼ਰਮਾ ਨੇ ਸਿਰਫ਼ 154 ਗੇਂਦਾਂ ਖੇਡੀਆਂ, ਜਿਸ 'ਚ 10 ਚੌਕੇ ਅਤੇ 4 ਛੱਕੇ ਵੀ ਸ਼ਾਮਲ ਸਨ। ਇਹ ਟੈਸਟ ਸੈਂਕੜਾ ਲਗਾਉਂਦੇ ਹੀ ਰੋਹਿਤ ਸ਼ਰਮਾ ਦਾ ਭਾਰਤੀ ਧਰਤੀ 'ਤੇ ਔਸਤ 98.22 ਹੋ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਡਾਨ ਬ੍ਰੈਡਮੈਨ ਦੀ ਬਰਾਬਰੀ ਵੀ ਕਰ ਲਈ। ਟੈਸਟ ਕਰੀਅਰ 'ਚ 99.9 ਦਾ ਔਸਤ ਰੱਖਣ ਵਾਲੇ ਬ੍ਰੈਡਮੈਨ ਦਾ ਆਪਣੀ ਘਰੇਲੂ ਜ਼ਮੀਨ 'ਤੇ ਔਸਤ 98.22 ਸੀ। ਹੁਣ ਰੋਹਿਤ ਸ਼ਰਮਾ ਵੀ ਇਸ ਅੰਕੜੇ 'ਤੇ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਨੇ ਭਾਰਤ 'ਚ 10 ਟੈਸਟ ਮੈਚਾਂ 'ਚ 98.22 ਦੀ ਔਸਤ ਨਾਲ 884 ਦੌੜਾਂ ਬਣਾਈਆਂ ਹਨ, ਜਿਸ 'ਚ 4 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ।

ਟੈਸਟ ਮੈਚ 'ਚ ਸੈਂਕੜਾ ਲਗਾਉਂਦੇ ਹੀ ਰੋਹਿਤ ਸ਼ਰਮਾ ਭਾਰਤ ਦੇ ਅਜਿਹੇ ਪਹਿਲੇ ਸਲਾਮੀ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਕ੍ਰਿਕਟ ਦੇ ਤਿੰਨੇ ਫਾਰਮੈਟਾਂ ਟੈਸਟ, ਇਕ ਰੋਜ਼ਾ ਅਤੇ ਟੀ20 'ਚ ਸੈਂਕੜੇ ਲਗਾਏ ਹਨ। ਉਹ ਬਤੌਰ ਸਲਾਮੀ ਬੱਲੇਬਾਜ਼ ਪਹਿਲੇ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ਼ੀ ਵੀ ਬਣੇ। ਉਨ੍ਹਾਂ ਤੋਂ ਪਹਿਲਾਂ ਸ਼ਿਖਰ ਧਵਨ, ਕੇ.ਐਲ. ਰਾਹੁਲ ਅਤੇ ਪ੍ਰਿਥਵੀ ਸ਼ਾਅ ਨੇ ਇਹ ਕਾਰਨਾਮਾ ਕੀਤਾ ਹੈ।