87 ਸਾਲਾ ਕ੍ਰਿਕਟ ਫੈਨ ਨੇ ਜਿੱਤਿਆ ਭਾਰਤੀ ਕ੍ਰਿਕਟ ਟੀਮ ਦਾ ਦਿਲ
ਭਾਰਤੀ ਟੀਮ ਦੀ ਇਸ ਜਿੱਤ ਨੇ ਜਿੱਥੇ ਕਰੋੜਾਂ ਭਾਰਤੀ ਫੈਨਜ਼ ਨੂੰ ਖ਼ੁਸ਼ੀ ਦਿੱਤੀ ਹੈ ਤਾਂ ਉਹਨਾਂ ਵਿਚੋਂ ਇਕ ਖ਼ਾਸ ਫੈਨ ਨੇ ਮੈਚ ਦੌਰਾਨ ਸਾਰਿਆਂ ਦਾ ਦਿਲ ਜਿੱਤ ਲਿਆ।
ਐਜ਼ਬੇਸਟਨ: ਵਿਸ਼ਵ ਕ੍ਰਿਕਟ ਕੱਪ ਵਿਚ ਬੰਗਲਾਦੇਸ਼ ਨੂੰ ਹਰਾ ਤੇ ਭਾਰਤ ਨੇ ਲਗਾਤਾਰ ਤੀਜੀ ਵਾਰ ਸੈਮੀਫਾਈਨਲ ਵਿਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਭਾਰਤ ਦੋ ਵਾਰ 2011 ਅਤੇ 2015 ਵਿਚ ਵੀ ਸੈਮੀਫਾਈਨਲ ਵਿਚ ਪਹੁੰਚ ਚੁੱਕਿਆ ਹੈ। 2011 ਵਿਚ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ। ਭਾਰਤੀ ਟੀਮ ਦੀ ਇਸ ਜਿੱਤ ਨੇ ਜਿੱਥੇ ਕਰੋੜਾਂ ਭਾਰਤੀ ਫੈਨਜ਼ ਨੂੰ ਖ਼ੁਸ਼ੀ ਦਿੱਤੀ ਹੈ ਤਾਂ ਉਹਨਾਂ ਵਿਚੋਂ ਇਕ ਖ਼ਾਸ ਫੈਨ ਨੇ ਮੈਚ ਦੌਰਾਨ ਸਾਰਿਆਂ ਦਾ ਦਿਲ ਜਿੱਤ ਲਿਆ। ਸਟੇਡੀਅਮ ਵਿਚ ਮੌਜੂਦ ਇਸ ਫੈਨ ਦੀ ਦਿਵਾਨਗੀ ਦੇਖ ਕੇ ਮੈਚ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੌਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਇਸ ਫੈਨ ਨੂੰ ਮਿਲਣ ਗਏ।
ਆਈਪੀਐਲ ਦੌਰਾਨ ਮੁੰਬਈ ਇੰਡੀਅਨ ਦੇ ਮੈਚ ਦੌਰਾਨ ਪ੍ਰਾਥਨਾ ਕਰਦੀ ਹੋਈ ਇਕ ਬਜ਼ੁਰਗ ਔਰਤ ਦੀ ਤਸਵੀਰ ਕਾਫ਼ੀ ਵਾਇਰਲ ਹੋਈ ਸੀ। ਮੁੰਬਈ ਦੇ ਕਈ ਮੈਚਾਂ ਵਿਚ ਇਹ ਔਰਤ ਅਕਸਰ ਦੇਖੀ ਜਾਂਦੀ ਹੈ। ਹੁਣ ਉਹਨਾਂ ਦੀ ਤਰ੍ਹਾਂ ਹੀ ਦਿਖਣ ਵਾਲੀ ਇਕ ਨਵੀਂ ਫੈਨ ਭਾਰਤੀ ਟੀਮ ਨੂੰ ਮਿਲ ਗਈ ਹੈ।ਐਜ਼ਬੇਟਨ ਵਿਚ ਜਦੋਂ ਭਾਰਤੀ ਬੱਲੇਬਾਜ਼ ਦੌੜਾਂ ਬਣਾ ਰਹੇ ਸਨ ਤਾਂ ਹਜ਼ਾਰਾਂ ਭਾਰਤੀ ਫੈਨਜ਼ ਵਿਚੋਂ ਇਕ ਬਜ਼ੁਰਗ ਔਰਤ ਨੇ ਸਾਰਿਆਂ ਦਾ ਧਿਆਨ ਅਪਣੇ ਵੱਖ ਖਿੱਚਿਆ। ਇਸ ਬਜ਼ੁਰਗ ਔਰਤ ਦੇ ਮੂੰਹ ‘ਤੇ ਤਿਰੰਗਾ ਬਣਿਆ ਹੋਇਆ ਸੀ ਅਤੇ ਉਸ ਦੇ ਹੱਥ ਵਿਚ ਇਕ ਛੋਟਾ ਜਿਹਾ ਵਾਜਾ ਸੀ। ਜਿਸ ਨਾਲ ਉਹ ਲਗਾਤਾਰ ਭਾਰਤੀ ਟੀਮ ਲਈ ਚੀਅਰ ਕਰ ਰਹੀ ਸੀ। ਜਦੋਂ ਉਹਨਾਂ ‘ਤੇ ਕੈਮਰੇ ਦੀ ਨਜ਼ਰ ਪਈ ਤਾਂ ਸਾਰਿਆਂ ਦਾ ਜੋਸ਼ ਵਧ ਗਿਆ।
ਟੀਮ ਇੰਡੀਆ ਦੀ ਇਸ ਫੈਨ ਦਾ ਨਾਂਅ ਚਾਰੂਲਤਾ ਪਟੇਲ ਹੈ ਅਤੇ ਇਸ ਦੀ ਉਮਰ 87 ਸਾਲ ਦੀ ਹੈ। ਕ੍ਰਿਕਟ ਕੱਪ ਦੇ ਟਵਿਟਰ ਹੈਂਡਲ ‘ਤੇ ਇਕ ਇੰਟਰਵਿਊ ਪੋਸਟ ਕੀਤਾ ਗਿਆ ਹੈ, ਜਿਸ ਵਿਚ ਬਜ਼ੁਰਗ ਔਰਤ ਅਪਣੇ ਜਨੂਨ ਬਾਰੇ ਦੱਸ ਰਹੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਜਨਮ ਤੰਜਾਨੀਆ ਵਿਚ ਹੋਇਆ ਸੀ ਅਤੇ ਉਹਨਾਂ ਦੇ ਬੱਚੇ ਵੀ ਕ੍ਰਿਕਟ ਖੇਡਦੇ ਸਨ। ਇਸ ਲਈ ਉਹ ਲਗਾਤਾਰ ਕ੍ਰਿਕਟ ਦੇਖਦੀ ਰਹੀ ਹੈ ਅਤੇ ਉਹਨਾਂ ਕਿਹਾ ਕਿ ਉਸ ਨੂੰ ਸਾਰੇ ਖਿਡਾਰੀ ਅਪਣੇ ਬੱਚਿਆ ਦੀ ਤਰ੍ਹਾਂ ਲੱਗਦੇ ਹਨ। ਮੈਚ ਜਿੱਤਣ ਤੋਂ ਬਾਅਦ ਵਿਰਾਟ ਕੌਹਲੀ ਅਤੇ ‘ਮੈਨ ਆਫ ਦਾ ਮੈਚ’ ਰਹੇ ਰੋਹਿਤ ਸ਼ਰਮਾ ਨੇ ਇਸ ਔਰਤ ਨਾਲ ਮੁਲਾਕਾਤ ਕੀਤੀ।
ਉਹਨਾਂ ਨੇ ਉਸ ਔਰਤ ਨਾਲ ਗੱਲਾਂ ਕੀਤੀਆਂ। ਬਜ਼ੁਰਗ ਔਰਤ ਨੇ ਉਹਨਾਂ ਨੂੰ ਅਪਣਾ ਪਿਆਰ ਦਿੱਤਾ। ਇਸ ਤੋਂ ਬਾਅਦ ਕੌਹਲੀ ਨੇ ਉਹਨਾਂ ਨਾਲ ਅਪਣੀ ਫੋਟੋ ਟਵਿਟਰ ‘ਤੇ ਸਾਂਝੀ ਕੀਤੀ। ਬਜ਼ੁਰਗ ਔਰਤ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਭਾਰਤੀ ਟੀਮ ਨੂੰ ਆਸ਼ੀਰਵਾਦ ਦਿੰਦੀ ਹੈ ਅਤੇ ਟੀਮ ਦੀ ਜਿੱਤ ਲਈ ਦੁਆ ਕਰਨੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਇਹੀ ਦੁਆ ਹੈ ਕਿ ਭਾਰਤ ਇਹ ਵਿਸ਼ਵ ਕੱਪ ਜਿੱਤੇ। ਦੱਸ ਦਈਏ ਕਿ ਵਿਰਾਟ ਕੌਹਲੀ ਨਾਲ ਇਸ ਔਰਤ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਭਾਰਤੀ ਟੀਮ 6 ਜੁਲਾਈ ਨੂੰ ਸ੍ਰੀਲੰਕਾ ਨਾਲ ਮੁਕਾਬਲਾ ਕਰੇਗੀ।