ਕ੍ਰਿਕਟ ਵਿਸ਼ਵ ਕੱਪ 2019: ਭਾਰਤ ਤੇ ਵੈਸਟਇੰਡੀਜ਼ ਦਾ ਮੁਕਾਬਲਾ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਵੈਸਇੰਡੀਜ਼ ਦੀ ਟੀਮ ਕੋਲ ਗਵਾਉਣ ਲਈ ਕੁਝ ਨਹੀਂ ਹੈ ਅਤੇ ਉਹ ਬਾਕੀ ਮੈਚਾਂ ਵਿਚ ਹੋਰ ਟੀਮਾਂ ਦਾ ਗਣਿਤ ਵਿਗਾੜਨ ਦੀ ਕੋਸ਼ਿਸ਼ ਕਰੇਗੀ।

India vs west indies

ਮੈਨਚੇਸਟਰ : ਭਾਰਤ ਵਿਸ਼ਵ ਕੱਪ ਦੇ ਅਪਣੇ ਛੇਵੇਂ ਲੀਗ ਮੈਚ ਵਿਚ ਅੱਜ ਇਥੇ ਜਦੋਂ ਸੈਮੀਫ਼ਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਵੈਸਟਇੰਡੀਜ਼ ਦੀ ਖ਼ਤਰਨਾਕ ਟੀਮ ਨਾਲ ਭਿੜੇਗਾ ਤਾਂ ਟੀਮ ਪ੍ਰਬੰਧਨ ਦੀ ਮੁੱਖ ਚਿੰਤਾ ਮਹਿੰਦਰ ਸਿੰਘ ਧੋਨੀ ਦੀ ਬੱਲਬਾਜ਼ੀ ਅਤੇ ਉਨ੍ਹਾਂ ਦਾ ਬੱਲੇਬਾਜ਼ੀ ਕ੍ਰਮ ਹੋਵੇਗੀ। ਲੀਗ ਗੇੜ ਅਪਣੇ ਅੰਤ ਵੱਲ ਵੱਧ ਰਿਹਾ ਹੈ ਅਤੇ ਅਜਿਹੇ ਵਿਚ ਭਾਰਤ ਇਕ ਹੋਰ ਜਿੱਤ ਨਾਲ ਸੈਮੀਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰਨਾ ਚਾਹੇਗਾ। ਪਰ ਇਹ ਕਹਿਣਾ ਆਸਾਨ ਹੈ ਅਤੇ ਕਰਨਾ ਉਨਾ ਆਸਾਨ ਨਹੀਂ ਹੋਵੇਗਾ। ਵੈਸਇੰਡੀਜ਼ ਦੀ ਟੀਮ ਕੋਲ ਗਵਾਉਣ ਲਈ ਕੁਝ ਨਹੀਂ ਹੈ ਅਤੇ ਉਹ ਬਾਕੀ ਮੈਚਾਂ ਵਿਚ ਹੋਰ ਟੀਮਾਂ ਦਾ ਗਣਿਤ ਵਿਗਾੜਨ ਦੀ ਕੋਸ਼ਿਸ਼ ਕਰੇਗੀ।

 ਹਾਰਦਿਕ ਪੰਡੀਆ ਦਾ ਇਸਤੇਮਾਲ ਹੁਣ ਤਕ ਫ਼ਲੋਟਰ ਰੂਪ ਵਿਚ ਹੋਇਆ ਹੈ ਪਰ ਅਫ਼ਗਾਨਿਸਤਾਨ ਵਿਰੁਧ ਮੈਚ ਨੇ ਦਿਖੀਇਆ ਕਿ ਜੇਕਰ ਉਨ੍ਹਾਂ ਨੂੰ ਦੂਜੇ ਪਾਸੇਉ ਸਹਿਯੋਗ ਨਹੀਂ ਮਿਲਦਾ ਤਾਂ ਫਿਰ ਉਨ੍ਹਾਂ 'ਤੇ ਕਾਫੀ ਦਬਾਅ ਆ ਜਾਂਦਾ ਹੈ। ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਹੁਣ ਤਕ ਰਿਸ਼ਭ ਪੰਤ ਦਾ ਇਸਤੇਮਾਲ ਕਰਨ ਲਈ ਕਾਫੀ ਕਾਹਲ 'ਚ ਨਜ਼ਰ ਨਹੀਂ ਆ ਰਹੇ। ਟੀਮ ਪ੍ਰਬੰਧਨ ਜੇਕਰ ਵਿਜੇ ਸ਼ੰਕਰ ਨੂੰ ਬਾਹਰ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਹੀ ਪੰਤ ਨੂੰ ਟੀਮ ਵਿਚ ਥਾਂ ਮਿਲ ਸਕਦੀ ਹੈ।  ਵੈਸਟਇੰਡੀਜ਼ ਦੀ ਟੀਮ 'ਚ ਕਾਫੀ ਤੇਜ਼ ਗੇਂਦਬਾਜ਼ ਹਨ ਅਤੇ ਅਜਿਹੇ ਵਿਚ ਧੋਨੀ ਨੂੰ ਖੇਡਣ ਵਿਚ ਆਸਾਨੀ ਹੋ ਸਕਦੀ ਹੈ ਕਿਉਂਕਿ ਉਹ ਹੌਲੀ ਗੇਂਦਬਾਜ਼ੀ ਵਿਰੁਧ ਸਹਿਜ ਹੋ ਕੇ ਨਹੀਂ ਖੇਡ ਰਹੇ।

ਪਿਛਲੇ ਮੈਚ 'ਚ ਅਫ਼ਗਾਨਿਸਤਾਨ ਦੇ ਹੌਲੀ ਗੇਂਦਬਾਜ਼ਾਂ ਨੇ ਇਸ ਦਾ ਕਾਫੀ ਫ਼ਾਇਦਾ ਚੁਕਿਆ ਸੀ। ਵੈਸਟਇੰਡੀਜ਼ ਦੇ ਆਂਦਰੇ ਰਸੇਲ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਬਾਹਰ ਹੋ ਗਏ ਹਨ ਅਤੇ ਇਸ ਨਾਲ ਟੀਮ ਨੂੰ ਵੱਡਾ ਝਟਕਾ ਲੱਗਾ ਹੈ। 'ਯੂਨੀਵਰਸਲ ਬਾਸ' ਕਰਿਸ ਗੇਲ ਨੂੰ ਹੁਣ ਵੀ ਵੱਡੀ ਪਾਰੀ ਦਾ ਇੰਤਜ਼ਾਰ ਹੈ ਅਤੇ ਕੋਹਲੀ ਉਮੀਦ ਕਰ ਰਹੇ ਹੋਣਗੇ ਕਿ ਅੱਜ ਹੋਣ ਵਾਲੇ ਮੈਚ ਵਿਚ ਅਜਿਹਾ ਨਾ ਹੋਵੇ। ਗੇਲ ਵਿਰੁਧ ਜਸਪ੍ਰੀਤ ਬੁਮਰਾਹ ਦਾ ਸ਼ੁਰੂਆਤੀ ਸਪੈਲ ਮੈਚ ਦੀ ਰੂਪ ਰੇਖਾ ਤੈਅ ਕਰੇਗਾ ਜਦੋਂਕਿ ਵੈਸਟਇੰਡੀਜ਼ ਦੇ ਮੱਧ ਕ੍ਰਮ ਨੂੰ ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਲ ਦੀ ਚੁਨੌਤੀ ਦਾ ਸਾਹਮਣਾ ਕਰਨਾ ਹੋਵੇਗਾ। ਕੁਲ ਮਿਲਾ ਕੇ ਭਾਰਤ ਦੀ ਰਾਹ ਆਸਾਨ ਨਹੀਂ ਹੋਵੇਗੀ ਪਰ ਇਸ ਦੇ ਬਾਵਜੂਦ ਹਾਲ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਟੀਮ ਜਿੱਤ ਦੀ ਪ੍ਰਬਲ ਦਾਵੇਦਾਰ ਹੈ।