ਨਵੀਂ ਦਿੱਲੀ: ਵਰਲਡ ਕੱਪ 2019 ਵਿਚ ਕਈ ਰਿਕਾਰਡ ਬਣ ਰਹੇ ਹਨ ਅਤੇ ਕਈ ਟੁੱਟ ਵੀ ਰਹੇ ਹਨ। ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਵੀ ਬੰਗਲਾਦੇਸ਼ ਨਾਲ ਹੋਏ ਮੁਕਾਬਲੇ ਵਿਚ ਸੈਂਕੜੇ ਲਗਾ ਕੇ ਇਕ ਨਵਾਂ ਰਿਕਾਰਡ ਅਪਣੇ ਨਾਮ ਕੀਤਾ ਹੈ। ਪਰ ਜਦੋਂ ਉਹ ਅਪਣੇ ਸੈਂਕੜੇ ਲਈ ਚੌਕਿਆਂ ਅਤੇ ਛੱਕਿਆਂ ਦੀ ਝੜੀ ਲਗਾ ਰਿਹਾ ਸੀ ਤਾਂ ਉਸ ਸਮੇਂ ਕੁੱਝ ਅਜਿਹਾ ਹੋਇਆ ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਉਹਨਾਂ ਦੇ ਛੱਕਾ ਮਾਰਨ ਦੌਰਾਨ ਗੇਂਦ ਜਾ ਕੇ ਇਕ ਭਾਰਤੀ ਫੈਨ ਮੀਨਾ ਨੂੰ ਲੱਗੀ।
ਰੋਹਿਤ ਨੇ ਮੈਚ ਖ਼ਤਮ ਹੋਣ ਤੋਂ ਬਾਅਦ ਜਿਸ ਲੜਕੀ ਨੂੰ ਗੇਂਦ ਲੱਗੀ ਸੀ ਉਸ ਨੂੰ ਅਪਣੇ ਕੋਲ ਬੁਲਾਇਆ ਅਤੇ ਇਕ ਆਟੋਗ੍ਰਾਫ਼ ਵਾਲੀ ਕੈਪ ਉਸ ਨੂੰ ਤੋਹਫ਼ੇ ਵਿਚ ਦੇ ਦਿੱਤੀ। ਰੋਹਿਤ ਸ਼ਰਮਾ ਨੇ ਭਾਰਤੀ ਕ੍ਰਿਕਟ ਟੀਮ ਦੀ 87 ਸਾਲ ਦੀ ਫੈਨ ਨਾਲ ਵੀ ਮੁਲਾਕਾਤ ਕੀਤੀ। ਅਸਲ ਵਿਚ ਭਾਰਤ-ਬੰਗਲਾਦੇਸ਼ ਦੇ ਮੈਚ ਵਿਚ ਇਕ 87 ਸਾਲ ਦੀ ਬਜ਼ੁਰਗ ਔਰਤ ਨੂੰ ਵੀ ਬੈਠੇ ਦੇਖਿਆ ਗਿਆ। ਉਹ ਭਾਰਤੀ ਕ੍ਰਿਕਟ ਟੀਮ ਨੂੰ ਉਤਸ਼ਾਹ ਦੇ ਰਹੀ ਹੈ। ਉਸ ਦੀ ਇਹ ਵੀਡੀਉ ਬਹੁਤ ਜਨਤਕ ਹੋ ਰਹੀ ਹੈ।
ਗੱਲਾਂ 'ਤੇ ਭਾਰਤ ਦਾ ਝੰਡਾ ਬਣਾ ਕੇ ਮੈਚ ਦੇਖਣ ਆਈ ਇਸ ਫੈਨ ਦਾ ਕ੍ਰਿਕਟ ਵਰਲਡ ਕੱਪ ਦੀ ਵੈਬਸਾਈਟ 'ਤੇ ਇੰਟਰਵਿਊ ਵੀ ਕੀਤਾ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਅਤੇ ਸੈਂਕੜੇ ਲਗਾਉਣ ਵਾਲੇ ਰੋਹਿਤ ਸ਼ਰਮਾ ਨਾਲ ਵੀ ਮਿਲਣ ਦਾ ਮੌਕਾ ਮਿਲਿਆ। ਭਾਰਤ ਦੇ ਜ਼ਬਰਦਸਤ ਬੱਲੇਬਾਜ਼ ਅਤੇ ਹਿਟਮੈਨ ਦੇ ਨਾਮ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਵਿਰੁਧ ਜ਼ੋਰਦਾਰ ਸ਼ੁਰੂਆਤ ਕੀਤੀ।
ਉਹਨਾਂ ਨੇ ਸ਼ਾਨਦਾਰ 104 ਦੌੜਾਂ ਦੀ ਪਾਰੀ ਖੇਡੀ। ਰੋਹਿਤ ਨੇ ਅਪਣੀ ਇਸ ਪਾਰੀ ਵਿਚ 7 ਚੌਕੇ ਅਤੇ 5 ਛੱਕੇ ਲਗਾਏ। ਇਸ ਦੇ ਨਾਲ ਹੀ ਉਹ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ ਜਿਸ ਨੇ ਵਰਲਡ ਕੱਪ ਵਿਚ ਸਭ ਤੋਂ ਤੇਜ਼ ਪੰਜ ਸੈਂਕੜੇ ਬਣਾਏ ਹਨ। ਰੋਹਿਤ ਨੇ ਕੇਐਲ ਰਾਹੁਲ ਨਾਲ ਮਿਲ ਕੇ ਪਹਿਲੀਆਂ ਵਿਕਟਾਂ ਲਈ 176 ਦੌੜਾਂ ਦੀ ਸਾਂਝੇਦਾਰੀ ਕੀਤੀ।