ਰੁੜਕੇਲਾ 'ਚ ਹੋਇਆ ਭਾਰਤ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਉਦਘਾਟਨ 

ਏਜੰਸੀ

ਖ਼ਬਰਾਂ, ਖੇਡਾਂ

ਮੁੱਖ ਮੰਤਰੀ ਪਟਨਾਇਕ ਨੇ ਦੱਸਿਆ ਓਡੀਸ਼ਾ ਦਾ ਸਾਰੇ ਦੇਸ਼ ਨੂੰ ਤੋਹਫ਼ਾ 

Representative Image

 

ਰੁੜਕੇਲਾ - ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀਰਵਾਰ ਨੂੰ ਇੱਥੇ ਦੇਸ਼ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਦਾ ਉਦਘਾਟਨ ਕੀਤਾ।

ਖਚਾਖਚ ਭਰੇ ਸਟੇਡੀਅਮ ਦੇ ਵਿਚਕਾਰ ਖੜ੍ਹੇ ਪਟਨਾਇਕ ਨੇ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਐਫ਼.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ 2023 ਤੋਂ ਪਹਿਲਾਂ ਸਟੇਡੀਅਮ ਦੇ ਉਦਘਾਟਨ ਦਾ ਐਲਾਨ ਦਿੱਤਾ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਤੋਂ ਬਾਅਦ ਰੁੜਕੇਲਾ ਵਿਸ਼ਵ ਕੱਪ ਦਾ ਦੂਜਾ ਸਥਾਨ ਹੈ।

ਪਟਨਾਇਕ ਨੇ ਕਿਹਾ ਕਿ ਸਟੇਡੀਅਮ ਪੂਰੇ ਦੇਸ਼ ਨੂੰ ਓਡੀਸ਼ਾ ਦਾ ਤੋਹਫਾ ਹੈ।

ਰੁੜਕੇਲਾ ਵਿਸ਼ਵ ਕੱਪ ਦੇ 44 ਵਿੱਚੋਂ 20 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦਕਿ ਫਾਈਨਲ ਸਮੇਤ ਬਾਕੀ 24 ਮੈਚ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾਣਗੇ।

ਉੱਘੇ ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਨਾਂ 'ਤੇ ਬਣੇ ਇਸ ਸਟੇਡੀਅਮ ਨੂੰ 146 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਸਟੇਡੀਅਮ ਦੀ ਕੁੱਲ ਸਮਰੱਥਾ 21 ਹਜ਼ਾਰ ਦਰਸ਼ਕਾਂ ਦੀ ਹੈ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਹੈ। ਇਹ ਸਟੇਡੀਅਮ ਬੀਜੂ ਪਟਨਾਇਕ ਯੂਨੀਵਰਸਿਟੀ ਆਫ ਟੈਕਨਾਲੋਜੀ (ਬੀਪੀਯੂਟੀ) ਦੇ ਕੈਂਪਸ ਵਿੱਚ 15 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ।

ਸਟੇਡੀਅਮ ਦਾ ਨਿਰਮਾਣ ਓਡੀਸ਼ਾ ਦੇ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੁਆਰਾ ਕੀਤਾ ਗਿਆ ਸੀ। ਸਟੇਡੀਅਮ ਦਾ ਨੀਂਹ ਪੱਥਰ ਓਡੀਸ਼ਾ ਦੇ ਮੁੱਖ ਮੰਤਰੀ ਦੁਆਰਾ ਫਰਵਰੀ 2021 ਵਿੱਚ ਰੱਖਿਆ ਗਿਆ ਸੀ।

ਰਾਜ ਲਗਾਤਾਰ ਦੂਜੀ ਵਾਰ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਅਜਿਹਾ ਪਹਿਲਾ ਸਮਾਗਮ 2018 ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਚੌਥੀ ਵਾਰ ਹੋਵੇਗਾ ਜਦੋਂ ਭਾਰਤ ਇਸ ਵੱਕਾਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।

ਮੁੱਖ ਟਰਫ਼ ਤੋਂ ਇਲਾਵਾ, ਇਸ ਵਿੱਚ ਮੁੱਖ ਸਟੇਡੀਅਮ, ਫਿਟਨੈਸ ਸੈਂਟਰ, ਹਾਈਡ੍ਰੋਥੈਰੇਪੀ ਪੂਲ, ਡਰੈਸਿੰਗ ਅਤੇ ਚੇਂਜਿੰਗ ਰੂਮ, ਕਨੈਕਟਿੰਗ ਟਨਲ ਅਤੇ ਫਾਈਵ-ਸਟਾਰ ਰਿਹਾਇਸ਼, 250 ਕਮਰੇ ਹਨ ਜਿੱਥੇ 400 ਖਿਡਾਰੀ ਰਹਿ ਸਕਦੇ ਹਨ।

ਸਟੇਡੀਅਮ ਵਿੱਚ ਦਰਸ਼ਕਾਂ ਦੇ ਦਾਖ਼ਲੇ ਅਤੇ ਬਾਹਰ ਜਾਣ ਲਈ ਛੇ ਗੇਟ ਹਨ। ਇਸ ਤੋਂ ਇਲਾਵਾ ਦੋ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਹੈ।