ਇੰਗਲੈਂਡ ਦੀ ਜਿੱਤ ਦੇ ਬਾਅਦ ਹੀਰੋ ਬਣੇ ਪਿਕਫੋਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਦੇ ਗੋਲਕੀਪਰ ਜਾਰਡਨ ਪਿਕਫੋਰਡ ਨੂੰ ਵਿਸ਼ਵ ਕੱਪ ਨੂੰ ਲੈ ਕੇ ਅਪਣੀ ਤਿਆਰੀ ਦਾ ਫ਼ਾਇਦਾ ਮਿਲਿਆ.........

Jordan Pickford

ਮਾਸਕੋ : ਇੰਗਲੈਂਡ ਦੇ ਗੋਲਕੀਪਰ ਜਾਰਡਨ ਪਿਕਫੋਰਡ ਨੂੰ ਵਿਸ਼ਵ ਕੱਪ ਨੂੰ ਲੈ ਕੇ ਅਪਣੀ ਤਿਆਰੀ ਦਾ ਫ਼ਾਇਦਾ ਮਿਲਿਆ। ਕਾਰਲੋਸ ਬਾਕਾ ਜਦੋਂ ਕੋਲੰਬੀਆ ਵਲੋਂ ਪੰਜਵੀਂ ਅਤੇ ਆਖਰੀ ਪੈਨਲਟੀ ਲੈਣ ਉਤਰੇ ਤਾਂ ਪਿਕਫੋਰਡ ਨੂੰ ਪਤਾ ਸੀ ਕਿ ਉਸ ਦੇ ਖੱਬੇ ਪਾਸੇ ਸ਼ਾਟ ਲਗਾਉਣ ਦੀ ਸੰਭਾਵਨਾ ਹੈ। ਇੰਗਲੈਂਡ ਦੇ ਵਲੋਂ ਸਿਰਫ਼ ਚੌਥੇ ਮੈਚ 'ਚ ਖੇਡ ਰਹੇ ਇਸ 24 ਸਾਲਾਂ ਗੋਲਕੀਪਰ ਨੇ ਅਪਣੀ ਤਿਆਰੀ 'ਤੇ ਭਰੋਸਾ ਕੀਤਾ ਅਤੇ ਖੱਬੇ ਪਾਸੇ ਛਲਾਂਗ ਲਗਾ ਦਿਤੀ ਅਤੇ ਫਿਰ ਬੇਹਦ ਤੇਜ਼ ਪ੍ਰਤੀਕਿਰਿਆ ਦਿੰਦਿਆਂ ਅਪਣੇ ਖੱਬੇ ਹੱਥ ਨਾਲ ਬਾਕਾ ਦੇ ਉੱਚੇ ਸ਼ਾਟ ਨੂੰ ਬਾਹਰ ਕਰ ਦਿਤਾ।

ਇਸ ਬਚਾਅ ਨੇ ਇੰਗਲੈਂਡ ਦੇ ਏਰਿਕ ਡਾਇਰ ਨੂੰ ਫ਼ਾਈਨਲ ਪੈਨਲਟੀ ਨੂੰ ਗੋਲ 'ਚ ਬਦਲ ਕੇ ਟੀਮ ਨੂੰ ਜਿੱਤ ਦਿਵਾਉਣ ਦਾ ਮੌਕਾ ਦਿਤਾ ਅਤੇ ਉਹ ਵੀ ਸਫ਼ਲ ਰਹੇ। ਇੰਗਲੈਂਡ ਨੇ ਮੈਚ 1-1 ਨਾਲ ਡਰਾਅ ਰਹਿਣ ਦੇ ਬਾਅਦ ਪੈਨਲਟੀ ਸ਼ੂਟਆਊਟ 'ਚ 4-3 ਨਾਲ ਜਿੱਤ ਦਰਜ ਕੀਤੀ। ਆਤਮਵਿਸ਼ਵਾਸ ਨਾਲ ਭਰੇ ਪਿਕਫੋਰਡ ਨੇ ਕਿਹਾ, ਇਸ ਦੇ ਲਈ ਕਾਫ਼ੀ ਖੋਜ ਕੀਤੀ ਸੀ। ਉਨ੍ਹਾਂ ਕਿਹਾ, ਫਾਲਕਾਓ ਇਕਲੌਤਾ ਖਿਡਾਰੀ ਸੀ ਜੋ ਮੇਰੀ ਸਮਝ ਦੇ ਮੁਤਾਬਕ ਨਹੀਂ ਗਿਆ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਦੁਨੀਆ ਦਾ ਸੱਭ ਤੋਂ ਲੰਮਾ ਚੌੜਾ ਗੋਲਕੀਪਰ ਨਹੀਂ ਹਾਂ। ਮੇਰੇ ਕੋਲ ਤਾਕਤ ਅਤੇ ਫੁਰਤੀ ਹੈ।