8 ਸਾਲ ਬਾਅਦ ਭਾਰਤ ਨੂੰ ਮਿਲੀ ਕਾਮਯਾਬੀ, ਇੰਡੀਜ਼ ਦੇ ਘਰ 'ਚ ਜਿੱਤੀ ਟੀ - 20 ਸੀਰੀਜ
ਭਾਰਤ ਨੇ ਵੈਸਟਇੰਡੀਜ਼ ਨੂੰ ਫਲੋਰੀਡਾ 'ਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਵੀ ਮਾਤ ਦੇ ਕੇ ਤਿੰਨ ਮੈਚਾਂ ਦੀ ਸੀਰੀਜ 'ਚ.....
ਨਵੀਂ ਦਿੱਲੀ : ਭਾਰਤ ਨੇ ਵੈਸਟਇੰਡੀਜ਼ ਨੂੰ ਫਲੋਰੀਡਾ 'ਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਵੀ ਮਾਤ ਦੇ ਕੇ ਤਿੰਨ ਮੈਚਾਂ ਦੀ ਸੀਰੀਜ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਭਾਰਤ ਨੇ ਵੈਸਟਇੰਡੀਜ ਨੂੰ ਇਸ ਟੀ - 20 ਸੀਰੀਜ 'ਚ ਮਾਤ ਦੇ ਦਿੱਤੀ ਹੈ। ਟੀ - 20 ਸੀਰੀਜ ਦਾ ਇੱਕ ਮੈਚ ਹੋਰ ਖੇਡਿਆ ਜਾਣਾ ਬਾਕੀ ਹੈ, ਜੋ ਮੰਗਲਵਾਰ 6 ਅਗਸਤ ਨੂੰ ਗੁਆਨਾ 'ਚ ਹੋਵੇਗਾ। ਟੀਮ ਇੰਡੀਆ ਨੇ ਵੈਸਟਇੰਡੀਜ ਦੇ ਖਿਲਾਫ਼ ਉਸਦੀ ਧਰਤੀ 'ਤੇ ਅੱਠ ਸਾਲ ਬਾਅਦ ਟੀ-20 ਸੀਰੀਜ ਜਿੱਤੀ ਹੈ।
ਪਿਛਲੀ ਵਾਰ ਭਾਰਤ ਨੇ 2011 ਵਿੱਚ ਵੈਸਟਇੰਡੀਜ ਵਿੱਚ 1-0 (1) ਨਾਲ ਸੀਰੀਜ ਜਿੱਤੀ ਸੀ ਪਰ 2016 ਅਤੇ 2017 'ਚ ਵੈਸਟਇੰਡੀਜ ਨੇ ਭਾਰਤ ਨੂੰ ਦੋ ਵਾਰ ਹਰਾਇਆ ਹੈ। ਵੈਸਟਇੰਡੀਜ ਨੇ ਭਾਰਤ ਨੂੰ ਆਪਣੇ ਘਰ 'ਚ 2016 'ਚ ਦੋ ਮੈਚਾਂ ਦੀ ਟੀ-20 ਸੀਰੀਜ ਵਿੱਚ 1-0 ਨਾਲ ਮਾਤ ਦਿੱਤੀ ਸੀ।
ਇਸ ਤੋਂ ਬਾਅਦ 2017 'ਚ ਆਪਣੇ ਘਰ 'ਚ ਫਿਰ ਤੋਂ ਭਾਰਤ ਨੂੰ 1 - 0 ਨਾਲ ਮਾਤ ਦਿੱਤੀ। ਦੋਵਾਂ ਟੀਮਾਂ ਦੇ ਵਿੱਚ ਹੁਣ ਤੱਕ ਕੁਲ 13 ਟੀ-20 ਮੁਕਾਬਲੇ ਖੇਡੇ ਗਏ ਹਨ। ਇਹਨਾਂ ਵਿਚੋਂ ਭਾਰਤੀ ਟੀਮ ਨੇ ਸੱਤ ਵਿੱਚ ਜਿੱਤ ਹਾਸਿਲ ਕੀਤੀ ਹੈ, ਜਦੋਂ ਕਿ ਵੈਸਟਇੰਡੀਜ ਨੂੰ ਪੰਜ ਮੈਚਾਂ 'ਚ ਜਿੱਤ ਮਿਲੀ ਹੈ ਇੱਕ ਮੁਕਾਬਲੇ 'ਚ ਨਤੀਜਾ ਨਹੀਂ ਨਿਕਲਿਆ।