ਜਨਮ ਦਿਨ ਤੋਂ ਇਕ ਦਿਨ ਪਹਿਲਾਂ ਆਈਸੀਸੀ ਨੇ ਧੋਨੀ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਆਈਸੀਸੀ ਨੇ ਅਪਣੇ ਟਵਿਟਰ ਹੈਂਡਲ 'ਤੇ ਧੋਨੀ ਦੀ ਇਕ ਵੀਡੀਓ ਸ਼ੇਅਰ ਕੀਤੀ

MS Dhoni

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 7 ਜੁਲਾਈ ਨੂੰ ਅਪਣਾ 38ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਆਈਸੀਸੀ ਨੇ ਅਪਣੇ ਟਵਿਟਰ ਹੈਂਡਲ 'ਤੇ ਉਹਨਾਂ ਦੀ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੀ ਭਾਰਤੀ ਟੀਮ ਵਿਚ ਕੀ ਥਾਂ ਹੈ। ਵੀਡੀਓ ਦੇ ਕੈਪਸ਼ਨ ਵਿਚ ਆਈਸੀਸੀ ਨੇ ਲਿਖਿਆ ਕਿ ਧੋਨੀ ਸਿਰਫ਼ ਇਕ ਨਾਂਅ ਤੋਂ ਕਿਤੇ ਜ਼ਿਆਦਾ ਹਨ। 

ਇਸ ਵੀਡੀਓ ਵਿਚ ਧੋਨੀ ਦੇ ਫੈਨਜ਼, ਸਾਥੀ ਖਿਡਾਰੀਆਂ ਤੋਂ ਇਲਾਵਾ ਵਿਦੇਸ਼ੀ ਖਿਡਾਰੀ ਵੀ ਧੋਨੀ ਨੂੰ ਲੈ ਕੇ ਅਪਣੇ ਵਿਚਾਰ ਸਾਂਝੇ ਕਰ ਰਹੇ ਹਨ। ਇਸ ਵੀਡੀਓ ਨਾਲ ਦਿੱਤੇ ਗਏ ਕੈਪਸ਼ਨ ਵਿਚ ਆਈਸੀਸੀ ਨੇ ਧੋਨੀ ਦੀ ਤਾਰੀਫ਼ ਕੀਤੀ ਹੈ। ਇਸ ਵਿਚ ਲਿਖਿਆ ਗਿਆ ਹੈ, 'ਇਕ ਨਾਂਅ ਜਿਸ ਨੇ ਭਾਰਤੀ ਕ੍ਰਿਕਟ ਦਾ ਚੇਹਰਾ ਬਦਲ ਦਿੱਤਾ, ਇਕ ਨਾਂਅ ਜੋ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਣਾ ਦੇ ਰਿਹਾ ਹੈ। ਐਮਐਸ ਧੋਨੀ- ਸਿਰਫ਼ ਇਕ ਨਾਮ ਨਹੀਂ।

ਇਸ ਵੀਡੀਓ ਦੀ ਸ਼ੁਰੂਆਤ ਵਿਚ ਧੋਨੀ ਦੇ ਫੈਨਜ਼ ਉਸ ਦੀ ਤਾਰੀਫ਼ ਕਰਦੇ ਹਨ। ਉਹਨਾਂ ਦੇ ਫੈਨ ਕਹਿੰਦੇ ਹਨ ਕਿ ਉਹਨਾਂ ਨੇ ਭਾਰਤੀ ਕ੍ਰਿਕਟ ਦਾ ਚੇਹਰਾ ਬਦਲ ਦਿੱਤਾ। ਇਕ ਹੋਰ ਫੈਨ ਨੇ ਕਿਹਾ ਕਿ ਉਹ ਭਾਰਤੀ ਕ੍ਰਿਕਟ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਖਿਡਾਰੀ ਹਨ। ਇਸ ਵੀਡੀਓ ਵਿਚ ਭਾਰਤੀ ਕ੍ਰਿਕਟ ਦੇ ਮੌਜੂਦਾ ਕਪਤਾਨ ਵਿਰਾਟ ਕੌਹਲੀ ਅਤੇ ਖਿਡਾਰੀ ਜਸਪ੍ਰੀਤ ਬੁਮਰਾਹ ਦੱਸਦੇ ਹਨ ਕਿ ਕਿਸ ਤਰ੍ਹਾਂ ਧੋਨੀ ਨੇ ਉਹਨਾਂ ਦੀ ਖੇਡ ਨੂੰ ਪ੍ਰਭਾਵਿਤ ਕੀਤਾ।

ਕੌਹਲੀ ਨੇ ਕਿਹਾ ਕਿ ਉਹ ਹਮੇਸ਼ਾਂ ਉਹਨਾਂ ਦੀ ਸਲਾਹ ਲੈਣ ਲਈ ਤਿਆਰ ਰਹਿੰਦੇ ਹਨ। ਬੁਮਰਾਹ ਨੇ ਵੀ ਕਿਹਾ ਕਿ ਧੋਨੀ ਹਮੇਸ਼ਾਂ ਮਦਦ ਲਈ ਤਿਆਰ ਰਹਿੰਦੇ ਹਨ।ਇਸ ਦੇ ਨਾਲ ਹੀ ਇੰਗਲੈਂਡ ਦੇ ਪ੍ਰਸਿੱਧ ਕ੍ਰਿਕਟ ਖਿਡਾਰੀ ਜੌਸ ਬਟਲਰ ਨੇ ਕਿਹਾ ਕਿ ਧੋਨੀ ਸ਼ੁਰੂ ਤੋਂ ਉਹਨਾਂ ਦੇ ਆਦਰਸ਼ ਰਹੇ ਹਨ। ਉਹਨਾਂ ਨੇ ਧੋਨੀ ਨੂੰ ਮਿਸਟਰ ਕੂਲ ਦੱਸਿਆ ਹੈ। ਇਸੇ ਤਰ੍ਹਾਂ ਇਕ ਹੋਰ ਵਿਦੇਸ਼ੀ ਖਿਡਾਰੀ ਨੇ ਕਿਹਾ ਕਿ ਧੋਨੀ ਤੋਂ ਜ਼ਿਆਦਾ ਚੰਗਾ ਇਨਸਾਨ ਉਹਨਾਂ ਨੇ ਕੋਈ ਨਹੀਂ ਦੇਖਿਆ। 

ਦੱਸ ਦਈਏ ਕਿ ਧੋਨੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਕਈ ਵਾਰ ਸਫ਼ਲਤਾ ਹਾਸਲ ਕੀਤੀ ਹੈ। ਉਹ ਦੁਨੀਆ ਦੇ ਇਕਲੌਤੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਬਤੌਰ ਕਪਤਾਨ ਆਈਸੀਸੀ ਦੇ ਤਿੰਨ ਵੱਡੇ ਟੂਰਨਾਮੈਂਟ: ਇਕ ਰੋਜ਼ਾ ਵਿਸ਼ਵ ਕੱਪ (2011), ਟੀ-20 ਵਿਸ਼ਵ ਕੱਪ (2007) ਅਤੇ ਚੈਂਪੀਅਨ ਟ੍ਰਾਫੀ (2013) ਜਿੱਤੀ ਹੈ। ਉਹਨਾਂ ਦੀ ਕਪਤਾਨੀ ਵਿਚ ਭਾਰਤੀ ਟੀਮ ਇਕ ਰੋਜ਼ਾ ਅਤੇ ਟੈਸਟ ਰੈਂਕਿੰਗ ਵਿਚ ਨੰਬਰ ਵਨ ਬਣੀ।