ਵਿਸ਼ਵ ਚੈਂਪੀਅਨ ਬਣਨ ਤੋਂ ਖੁੰਝੀ ਪੀਵੀ ਸਿੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਫ਼ਾਈਨਲ ਗਵਾ ਦਿਤਾ ਹੈ..............

PV Sindhu

ਨਵੀਂ ਦਿੱਲੀ: ਭਾਰਤ ਦੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਫ਼ਾਈਨਲ ਗਵਾ ਦਿਤਾ ਹੈ। ਸਿੰਧੂ ਫ਼ਾਈਨਲ 'ਚ ਸਪੇਨ ਦੀ ਕੈਰੋਲਿਨਾ ਮਾਰਿਨ ਤੋਂ ਸਿੱਧੀ ਗੇਮ 'ਚ ਹਾਰ ਗਈ। ਮਾਰਿਨ ਨੇ ਸਿੰਧੂ ਨੂੰ 21-19 ਅਤੇ 21-10 ਦੇ ਵੱਡੇ ਅੰਤਰ ਨਾਲ ਹਰਾ ਕੇ ਸੋਨ ਤਮਗ਼ਾ ਅਪਣੇ ਨਾਮ ਕਰ ਲਿਆ। ਉਥੇ ਹੀ ਸਿੰਧੂ ਲਗਾਤਾਰ ਦੂਜੀ ਵਾਰ ਸੋਨ ਤਮਗ਼ਾ ਪ੍ਰਾਪਤ ਕਰਨ ਤੋਂ ਖੁੰਝ ਗਈ। ਸਿੰਧੂ ਜੇਕਰ ਇਹ ਮੈਚ ਜਿੱਤ ਲੈਂਦੀ ਤਾਂ ਉਹ ਪਹਿਲੀ ਭਾਰਤੀ ਖਿਡਾਰੀ ਹੁੰਦੀ ਜੋ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਹਾਸਲ ਕਰਦੀ ਪਰ ਅਜਿਹਾ ਨਹੀਂ ਹੋ ਸਕਿਆ।

ਪੀਵੀ ਸਿੰਧੂ ਨੇ ਮੁਕਾਬਲੇ ਦੀ ਸ਼ੁਰੂਆਤ ਚੰਗੀ ਕੀਤੀ ਸੀ। ਪਹਿਲੇ ਗੇਮ 'ਚ ਇਕ ਸਮੇਂ ਉਹ ਮਾਰਿਨ ਤੋਂ 5 ਅੰਕ ਅੱਗੇ ਚੱਲ ਰਹੀ ਸੀ ਪਰ ਮਾਰਿਨ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਾਜ਼ੀ ਨੂੰ ਪਲਟ ਦਿਤਾ ਅਤੇ ਪਹਿਲਾ ਗੇਮ 21-19 ਨਾਲ ਅਪਣੇ ਨਾਮ ਕਰ ਲਿਆ। ਦੂਜੀ ਗੇਮ 'ਚ ਤਾਂ ਮਾਰਿਨ ਨੇ ਸਿੰਧੂ ਨੂੰ ਕੋਈ ਮੌਕਾ ਹੀ ਨਹੀਂ ਦਿਤਾ। ਸਿੰਧੂ ਨੇ ਵੀ ਦੂਜੀ ਗੇਮ 'ਚ ਕਾਫ਼ੀ ਗਲਤੀਆਂ ਕੀਤੀਆਂ। ਨਤੀਜਾ ਉਹ ਸੋਨ ਤਮਗ਼ੇ ਤੋਂ ਖੁੰਝ ਗਈ। ਮਾਰਿਨ ਨੇ ਦੂਜੀ ਗੇਮ 21-10 ਨਾਲ ਜਿੱਤੀ।

ਮਾਰਿਨ ਅਤੇ ਸਿੰਧੂ ਦਰਮਿਆਨ ਹੁਣ ਤਕ ਕੁਲ 12 ਮੁਕਾਬਲੇ ਹੋਏ ਹਨ, ਜਿਨ੍ਹਾਂ 'ਚੋਂ 7 'ਚ ਮਾਰਿਨ ਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਪੰਜ ਵਾਰ ਸਿੰਧੂ ਜੇਤੂ ਰਹੀ ਹੈ। ਇਨ੍ਹਾਂ ਮੁਕਾਬਲਿਆਂ 'ਚ ਰੀਉ ਉਲੰਪਿਕ 2016 ਦਾ ਫ਼ਾਈਨਲ ਵੀ ਸ਼ਾਮਲ ਹੈ, ਜਿੱਥੇ ਸਪੇਨ ਦੀ ਖਿਡਾਰਨ ਨੇ ਜਿੱਤ ਹਾਸਲ ਕੀਤੀ ਸੀ ਅਤੇ ਸਿੰਧੂ ਸੋਨ ਤਮਗ਼ੇ ਤੋਂ ਖੁੰਝ ਗਈ ਸੀ।   (ਏਜੰਸੀ)