ਪਹਿਲਾ ਟੈਸਟ : ਭਾਰਤ ਨੇ ਦੱਖਣ ਅਫ਼ਰੀਕਾ ਨੂੰ 203 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਦੋਹਾਂ ਪਾਰੀਆਂ 'ਚ ਸੈਂਕੜਾ ਲਗਾਉਣ ਵਾਲੇ ਰੋਹਿਤ ਸ਼ਰਮਾ ਬਣੇ 'ਮੈਨ ਆਫ਼ ਦੀ ਮੈਚ'

India vs South Africa 1st Test : India beat South Africa by 203 runs

ਵਿਸ਼ਾਖਾਪਟਨਮ : ਭਾਰਤ ਨੇ ਵਿਸ਼ਾਖਾਪਟਨਮ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਦੱਖਣ ਅਫ਼ਰੀਕਾ ਨੂੰ 203 ਦੌੜਾਂ ਨਾਲ ਹਰਾਇਆ ਅਤੇ ਤਿੰਨ ਮੈਚਾਂ ਦੀ ਲੜੀ 'ਚ 1-0 ਨਾਲ ਲੀਡ ਹਾਸਲ ਕਰ ਲਈ ਹੈ। ਇਸ ਜਿੱਤ ਨਾਲ ਆਈ.ਸੀ.ਸੀ. ਚੈਂਪੀਅਨਸ਼ਿਪ 'ਚ ਭਾਰਤ ਨੂੰ 40 ਅੰਕ ਮਿਲੇ ਅਤੇ ਹੁਣ ਉਸ ਦੇ ਤਿੰਨ ਮੈਚਾਂ 'ਚ ਕੁਲ 160 ਅੰਕ ਹੋ ਗਏ ਹਨ। ਮੈਚ ਦੇ ਅੰਤਮ ਦਿਨ ਅਫ਼ਰੀਕੀ ਟੀਮ ਦੂਜੀ ਪਾਰਟੀ 'ਚ 191 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਉਸ ਨੂੰ ਆਪਣੇ ਘਰੇਲੂ ਮੈਦਾਨ 'ਤੇ ਲਗਾਤਾਰ 5ਵੇਂ ਮੈਚ 'ਚ ਹਰਾਇਆ। ਭਾਰਤੀ ਟੀਮ ਨੂੰ ਪਿਛਲੀ ਹਾਰ ਸਾਲ 2010 'ਚ ਮਿਲੀ ਸੀ। ਇਸ ਤੋਂ ਬਾਅਦ ਦੋਹਾਂ ਟੀਮਾਂ ਵਿਚਕਾਰ ਭਾਰਤ ਵਿਚ ਖੇਡੇ ਗਏ 6 ਟੈਸਟ ਮੈਚਾਂ 'ਚੋਂ ਭਾਰਤੀ ਟੀਮ ਨੇ 5 ਮੈਚ ਜਿੱਤੇ। ਇਕ ਮੈਚ ਡਰਾਅ ਰਿਹਾ ਸੀ। 

ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ 'ਤੇ 502 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ। ਰੋਹਿਤ ਸ਼ਰਮਾ ਨੇ 215 ਅਤੇ ਮਯੰਕ ਅਗਰਵਾਲ ਨੇ 176 ਦੌੜਾਂ ਬਣਾਈਆਂ ਸਨ। ਦੱਖਣ ਅਫ਼ਰੀਕਾ ਨੇ ਪਹਿਲੀ ਪਾਰੀ 'ਚ 431 ਦੌੜਾਂ ਬਣਾਈਆਂ ਸਨ। ਡੀਨ ਐਲਗਰ ਨੇ 176 ਅਤੇ ਕਵਿੰਟਨ ਡੀ ਕਾਕ ਨੇ 111 ਦੌੜਾਂ ਦੀ ਪਾਰੀ ਖੇਡੀ ਸੀ। 71 ਦੌੜਾਂ ਦੀ ਲੀਡ ਨਾਲ ਭਾਰਤੀ ਟੀਮ ਨੇ ਦੂਜੀ ਪਾਰੀ 'ਚ 4 ਵਿਕਟਾਂ ਗੁਆ ਕੇ 323 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ। ਦੱਖਣ ਅਫ਼ਰੀਕੀ ਟੀਮ ਨੂੰ ਜਿੱਤ ਲਈ 395 ਦੌੜਾਂ ਦਾ ਟੀਚਾ ਮਿਲਿਆ ਸੀ। ਟੀਚੇ ਦਾ ਪਿੱਛਾ ਕਰਨ ਉੱਤਰੀ ਅਫ਼ਰੀਕੀ ਟੀਮ 63.5 ਓਵਰਾਂ 'ਚ 191 ਦੌੜਾਂ 'ਤੇ ਆਲ ਆਊਟ ਹੋ ਗਈ। 

ਅਸ਼ਵਿਨ ਨੇ ਮਲਰੀਧਨ ਦੀ ਕੀਤੀ ਬਰਾਬਰੀ :
ਇਸ ਮੈਚ 'ਚ ਅਸ਼ਵਿਨ ਨੇ ਕੁਲ 8 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਅਸ਼ਵਿਨ ਨੇ ਟੈਸਟ 'ਚ 350 ਵਿਕਟਾਂ ਪੂਰੀਆਂ ਕੀਤੀਆਂ। ਉਨ੍ਹਾਂ ਨੇ 66ਵੇਂ ਮੈਚ 'ਚ ਇਹ ਅੰਕੜਾ ਪ੍ਰਾਪਤ ਕੀਤਾ। ਉਹ ਸੱਭ ਤੋਂ ਘੱਟ ਟੈਸਟ ਮੈਚਾਂ 'ਚ 350 ਵਿਕਟ ਲੈਣ ਵਾਲੇ ਸੰਯੁਕਤ ਰੂਪ ਨਾਲ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਆਫ਼ ਸਪਿਨਰ ਗੇਂਦਬਾਜ਼ੀ ਮੁਰਲੀਧਨ ਨੇ ਵੀ ਇੰਨੇ ਹੀ ਟੈਸਟ ਮੈਚਾਂ 'ਚ 350 ਵਿਕਟਾਂ ਹਾਸਲ ਕੀਤੀਆਂ ਸਨ।

ਮੁਹੰਮਦ ਸ਼ਮੀ ਨੇ 5ਵੀਂ ਵਾਰ 5 ਵਿਕਟਾਂ ਲਈਆਂ :
ਮੁਹੰਮਦ ਸ਼ਮੀ ਨੇ ਦੂਜੀ ਪਾਰੀ 'ਚ ਕੁਲ 5 ਵਿਕਟਾਂ ਲਈਆਂ। 43 ਟੈਸਟ ਮੈਚ ਖੇਡ ਚੁੱਕੇ ਸ਼ਮੀ ਨੇ 5ਵੀਂ ਵਾਰ 5 ਵਿਕਟਾਂ ਹਾਸਲ ਕੀਤਾਂ। ਹਾਲ ਹੀ 'ਚ ਉਨ੍ਹਾਂ ਨੇ ਵੈਸਟਇੰਡੀਜ਼ ਦੌਰੇ 'ਚ 150 ਵਿਕਟਾਂ ਪੂਰੀਆਂ ਕੀਤੀਆਂ ਸਨ। ਉਥੇ ਹੀ 23 ਸਾਲ ਬਾਅਦ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਭਾਰਤ 'ਚ ਟੈਸਟ ਮੈਚ ਦੀ ਚੌਥੀ ਪਾਰੀ 'ਚ 5 ਵਿਕਟਾਂ ਲੈਣ ਦਾ ਮੁਕਾਮ ਹਾਸਲ ਕੀਤਾ ਹੈ। ਆਖਰੀ ਵਾਰ ਇਹ ਕਮਾਲ ਜਵਾਗਲ ਸ੍ਰੀਨਾਥ ਨੇ 1996 'ਚ ਕੀਤਾ ਸੀ।